CBI ਦਾ ਪਟਿਆਲਾ ਸ਼ਹਿਰ ‘ਚ ਵੱਡਾ ਐਕਸ਼ਨ! EPFO ਦਫ਼ਤਰ ਦੇ ਇਨਫੋਰਸਮੈਂਟ ਅਫ਼ਸਰ ਨੂੰ 2.5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
ਕੇਂਦਰੀ ਜਾਂਚ ਬਿਊਰੋ (CBI) ਦੀ ਐਂਟੀ ਕਰਪਸ਼ਨ ਬ੍ਰਾਂਚ, ਚੰਡੀਗੜ੍ਹ ਨੇ ਵੱਡੀ ਕਾਰਵਾਈ ਕਰਦਿਆਂ ਪਟਿਆਲਾ ਸਥਿਤ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਇਨਫੋਰਸਮੈਂਟ ਅਫ਼ਸਰ ਸ਼ੁਭਮ ਤਿਆਗੀ ਨੂੰ 2.5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ 22 ਜੁਲਾਈ 2026 ਨੂੰ ਮਾਮਲਾ ਦਰਜ ਕੀਤਾ ਗਿਆ ਸੀ।
ਸ਼ਿਕਾਇਤ ਅਤੇ ਜਾਂਚ ਦਾ ਪਿਛੋਕੜ
CBI ਦੇ ਰਿਕਾਰਡ ਮੁਤਾਬਕ ਇਹ ਕਾਰਵਾਈ 21 ਜੁਲਾਈ 2026 ਨੂੰ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ। ਸ਼ਿਕਾਇਤ EPF ਕਨਸਲਟੈਂਟ ਹਰਸ਼ਿਤ ਜਿੰਦਲ ਵੱਲੋਂ ਦਿੱਤੀ ਗਈ, ਜਿਸ ਵਿੱਚ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਦੇ ਕਲਾਇੰਟ ਕਰਮਪਾਲ ਗਿਰ, ਵਾਸੀ ਪਿੰਡ ਨਲਾਸ਼, ਰਾਜਪੁਰਾ (ਜ਼ਿਲ੍ਹਾ ਪਟਿਆਲਾ), ਖ਼ਿਲਾਫ਼ EPF ਐਕਟ ਦੀ ਧਾਰਾ 7A ਅਧੀਨ ਚੱਲ ਰਹੀ ਜਾਂਚ ਵਿੱਚ ਰਾਹਤ ਦੇਣ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਗਈ।

CBI ਰਿਕਾਰਡ ਅਤੇ ਪ੍ਰੈੱਸ ਰਿਲੀਜ਼ ਮੁਤਾਬਕ ਇਹ ਮਾਮਲਾ ਇੱਕ EPF ਕਨਸਲਟੈਂਟ (ਸ਼ਿਕਾਇਤਕਰਤਾ) ਵੱਲੋਂ ਦਿੱਤੀ ਗਈ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਦੇ ਕਲਾਇੰਟ ਕਰਮਪਾਲ ਗਿਰ, ਜੋ ਕਿ ਪਿੰਡ ਨਲਾਸ਼, ਰਾਜਪੁਰਾ (ਜ਼ਿਲ੍ਹਾ ਪਟਿਆਲਾ) ਦੇ ਰਹਿਣ ਵਾਲੇ ਹਨ, ਵਿਰੁੱਧ EPFO ਅਧਿਕਾਰੀਆਂ ਸਾਹਮਣੇ EPF ਐਕਟ ਦੀ ਧਾਰਾ 7A ਅਧੀਨ ਜਾਂਚ ਚੱਲ ਰਹੀ ਸੀ। ਹਾਲਾਂਕਿ ਸ਼ਿਕਾਇਤਕਰਤਾ ਵੱਲੋਂ ਸਾਰੇ ਲੋੜੀਂਦੇ ਦੋਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਗਏ ਸਨ, ਪਰ ਦੋਸ਼ੀ ਅਧਿਕਾਰੀ ਨੇ ਭਾਰੀ ਜੁਰਮਾਨਾ ਲਗਾਉਣ ਅਤੇ ਉਲਟ ਰਿਪੋਰਟ ਦੇਣ ਦੀ ਧਮਕੀ ਦਿੱਤੀ।
4 ਲੱਖ ਰੁਪਏ ਦੀ ਮੰਗ ਅਤੇ ਟਰੈਪ ਦੀ ਕਾਰਵਾਈ
ਦੋਸ਼ੀ ਇਨਫੋਰਸਮੈਂਟ ਅਫ਼ਸਰ ਨੇ ਪਹਿਲਾਂ ਮਾਮਲੇ ਨੂੰ ਘੱਟ ਤੋਂ ਘੱਟ ਅਸੈਸਮੈਂਟ ਜਾਂ ਜੁਰਮਾਨੇ ਨਾਲ ਨਿਪਟਾਉਣ ਅਤੇ ਹੱਕ ਵਿੱਚ ਰਿਪੋਰਟ ਦੇਣ ਬਦਲੇ 4 ਲੱਖ ਰੁਪਏ ਦੀ ਗੈਰਕਾਨੂੰਨੀ ਰਕਮ ਦੀ ਮੰਗ ਕੀਤੀ ਸੀ। ਇਸ ਮਗਰੋਂ 21 ਜੁਲਾਈ 2026 ਨੂੰ ਚੰਡੀਗੜ੍ਹ ਦੇ EPFO ਖੇਤਰੀ ਦਫ਼ਤਰ ਵਿਖੇ ਹੋਈ ਮੀਟਿੰਗ ਵਿੱਚ ਰਕਮ ਘਟਾ ਕੇ 2.50 ਲੱਖ ਰੁਪਏ ਕਰਨ ਦੀ ਗੱਲ ਸਾਹਮਣੇ ਆਈ।
CBI ਨੇ 22 ਜੁਲਾਈ 2026 ਨੂੰ ਜਾਲ (Trap) ਵਿਛਾ ਕੇ ਦੋਸ਼ੀ ਅਫ਼ਸਰ ਨੂੰ ਸ਼ਿਕਾਇਤਕਰਤਾ ਕੋਲੋਂ 2.5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਅਦਾਲਤੀ ਕਾਰਵਾਈ
ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ੀ ਨੂੰ 23 ਜੁਲਾਈ 2026 ਨੂੰ ਚੰਡੀਗੜ੍ਹ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ (Judicial Custody) ਵਿੱਚ ਭੇਜ ਦਿੱਤਾ ਹੈ। ਮਾਮਲੇ ਦੀ ਅਗਲੇਰੀ ਜਾਂਚ CBI ACB ਚੰਡੀਗੜ੍ਹ ਦੇ ਇੰਸਪੈਕਟਰ ਅਰੁਣ ਅਹਲਾਵਤ ਵੱਲੋਂ ਜਾਰੀ ਹੈ।