Thursday, 6th of August 2026

‘ਮੇਰੇ ਇੰਸਟਾਗ੍ਰਾਮ ਅਕਾਊਂਟ 'ਤੇ ਭਾਰਤ ‘ਚ ਰੋਕ ਕਿਉਂ? ਅਰਵਿੰਦ ਕੇਜਰੀਵਾਲ ਨੇ ਮੇਟਾ ਨੂੰ ਪੁੱਛਿਆ ਸਵਾਲ, ਜਾਣੋ ਪੂਰਾ ਮਾਮਲਾ…

ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਦੇ ਦਬਾਅ ਕਾਰਨ ਸਰਕਾਰ ਵਿਰੁੱਧ ਬੋਲਣ ਵਾਲਿਆਂ ਦੀ ਆਵਾਜ਼ ਦਬਾਈ ਜਾ ਰਹੀ ਹੈ। ਜਿਸ ਕਰਕੇ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਉੱਤੇ ਰੋਕ ਲਗਾਈ ਗਈ।

Edited By: Lajwinder Kaur | Updated at: August 06th 2026 12:58 PM
Trending News
‘ਮੇਰੇ ਇੰਸਟਾਗ੍ਰਾਮ ਅਕਾਊਂਟ 'ਤੇ ਭਾਰਤ ‘ਚ ਰੋਕ ਕਿਉਂ? ਅਰਵਿੰਦ ਕੇਜਰੀਵਾਲ ਨੇ ਮੇਟਾ ਨੂੰ ਪੁੱਛਿਆ ਸਵਾਲ, ਜਾਣੋ ਪੂਰਾ ਮਾਮਲਾ…

‘ਮੇਰੇ ਇੰਸਟਾਗ੍ਰਾਮ ਅਕਾਊਂਟ 'ਤੇ ਭਾਰਤ ‘ਚ ਰੋਕ ਕਿਉਂ? ਅਰਵਿੰਦ ਕੇਜਰੀਵਾਲ ਨੇ ਮੇਟਾ ਨੂੰ ਪੁੱਛਿਆ ਸਵਾਲ, ਜਾਣੋ ਪੂਰਾ ਮਾਮਲਾ…

ਫੇਸਬੁੱਕ ਦੀ ਪੈਰੇਂਟ ਕੰਪਨੀ ਮੇਟਾ ਇੱਕ ਹੋਰ ਵਿਵਾਦ ਵਿੱਚ ਫਸ ਗਈ ਹੈ। ਪੀਐਮ ਮੋਦੀ ਦੇ ਵੀਡੀਓ ਵਿਵਾਦ ਤੋਂ ਬਾਅਦ ਹੁਣ ਉਸ ਉੱਤੇ ਇੱਕ ਹੋਰ ਵੱਡਾ ਦੋਸ਼ ਲੱਗਿਆ ਹੈ। ਇਹ ਦੋਸ਼ ਖੁਦ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲਗਾਇਆ ਹੈ। ਜੀ ਹਾਂ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਮੇਟਾ ਨੇ ਭਾਰਤ ਵਿੱਚ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਮੇਟਾ ਨੇ ਨਾ ਤਾਂ ਇਸ ਕਾਰਵਾਈ ਦਾ ਕੋਈ ਕਾਰਨ ਦੱਸਿਆ ਹੈ ਅਤੇ ਨਾ ਹੀ ਸਪੱਸ਼ਟੀਕਰਨ ਮੰਗਣ ਦੀ ਉਨ੍ਹਾਂ ਦੀ ਵਾਰ-ਵਾਰ ਕੋਸ਼ਿਸ਼ਾਂ ਦਾ ਕੋਈ ਜਵਾਬ ਦਿੱਤਾ ਹੈ।

ਮੇਟਾ ਤੋਂ ਪੁੱਛਿਆ ਸਵਾਲ

ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਅਰਵਿੰਦ ਕੇਜਰੀਵਾਲ ਨੇ ਮੇਟਾ ਅਤੇ ਮੇਟਾ ਇੰਡੀਆ ਨੂੰ ਟੈਗ ਕੀਤਾ ਅਤੇ ਪੁੱਛਿਆ ਕਿ ਦੇਸ਼ ਵਿੱਚ ਉਨ੍ਹਾਂ ਦੇ ਇੰਸਟਾ ਅਕਾਊਂਟ ਨੂੰ ਕਿਉਂ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਲਿਖਿਆ, ‘ਤੁਸੀਂ ਮੇਰੇ ਅਕਾਊਂਟ ਉੱਤੇ ਰੋਕ ਕਿਉਂ ਲਗਾਈ ਹੈ? ਤੁਹਾਡੇ ਭਾਰਤ ਸਥਿਤ ਦਫ਼ਤਰ ਵਿੱਚ ਪੁੱਛਗਿੱਛ ਤੋਂ ਪਤਾ ਚੱਲਿਆ ਕਿ ਭਾਰਤ ਵਿੱਚ ਮੇਰੇ ਅਕਾਊਂਟ ਉੱਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਇਹ ਭਾਰਤ ਵਿੱਚ ਉਪਲਬਧ ਨਹੀਂ ਹੈ। ਕਿਉਂ? ਤੁਹਾਡੇ ਦਫ਼ਤਰ ਵਿੱਚ ਕੋਈ ਵੀ ਇਸ ਦੀ ਵਜ੍ਹਾ ਨਹੀਂ ਦੱਸ ਰਿਹਾ ਹੈ। ਕੋਈ ਇਹ ਵੀ ਨਹੀਂ ਦੱਸ ਰਿਹਾ ਹੈ ਕਿ ਇਹ ਰੋਕ ਕਿਵੇਂ ਹਟਾਈ ਜਾ ਸਕਦੀ ਹੈ।’

ਅਰਵਿੰਦ ਕੇਜਰੀਵਾਲ ਨੇ ਅੱਗੇ ਦੋਸ਼ ਲਗਾਇਆ ਕਿ ਕੰਪਨੀ ਨੂੰ ਭੇਜੇ ਗਏ ਈਮੇਲਾਂ ਦਾ ਕੋਈ ਠੋਸ ਜਵਾਬ ਨਹੀਂ ਮਿਲਿਆ, ਬਸ ਆਮ ਤੌਰ ਉੱਤੇ ਮਿਲਣ ਵਾਲੀਆਂ ਰਸੀਦਾਂ ਹੀ ਮਿਲੀਆਂ। ਉਨ੍ਹਾਂ ਕਿਹਾ ਕਿ ਮੇਟਾ ਦੀ ਸਰਵਿਸ ਬਹੁਤ ਖਰਾਬ ਹੈ। ਇੰਨਾ ਹੀ ਨਹੀਂ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵੀ ਨਿਸ਼ਾਨਾ ਸਾਧਿਆ। ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਮੇਟਾ ਰਾਜਨੀਤਿਕ ਦਬਾਅ ਹੇਠ ਝੁਕ ਰਹੀ ਹੈ। ਕੇਜਰੀਵਾਲ ਨੇ ਲਿਖਿਆ, ‘ਸਾਡੇ ਪ੍ਰਧਾਨ ਮੰਤਰੀ ਅੱਗੇ ਇੰਨਾ ਨਾ ਝੁਕੋ। ਨਹੀਂ ਤਾਂ ਉਹ ਤੁਹਾਨੂੰ ਭਾਰਤ ਵਿੱਚ ਸਿਰਫ਼ ਆਪਣਾ ਅਕਾਊਂਟ ਹੀ ਚਲਾਉਣ ਦੇਣਗੇ।’

ਪੀਐਮ ਮੋਦੀ ਦੇ ਵੀਡੀਓ ਉੱਤੇ ਹੋਇਆ ਸੀ ਵਿਵਾਦ

ਅਰਵਿੰਦ ਕੇਜਰੀਵਾਲ ਦਾ ਦੋਸ਼ ਅਜਿਹੇ ਸਮੇਂ ਵਿੱਚ ਆਇਆ ਹੈ, ਜਦੋਂ ਮੇਟਾ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਦੇ ਸੋਸ਼ਲ ਮੀਡੀਆ ਅਕਾਊਂਟ ਨਾਲ ਜੁੜੇ ਇੱਕ ਹੋਰ ਵਿਵਾਦ ਵਿੱਚ ਫਸੀ ਹੋਈ ਹੈ। ਬੀਤੇ ਦਿਨ ਹੀ ਮੇਟਾ ਦੇ ਇੱਕ ਸੀਨੀਅਰ ਐਗਜ਼ੀਕਿਊਟਿਵ ਨੇ ਮੁਆਫੀ ਮੰਗੀ ਸੀ। ਮੇਟਾ ਨੇ ਆਪਣੇ ਮੁਆਫ਼ੀਨਾਮੇ ਵਿੱਚ ਕਿਹਾ ਸੀ ਕਿ ਗਲਤੀ ਦੀ ਵਜ੍ਹਾ ਨਾਲ ਪ੍ਰਧਾਨ ਮੰਤਰੀ ਦੀ ਫੇਸਬੁੱਕ ਪੋਸਟ ਉੱਤੇ ਕੁਝ ਸਮੇਂ ਲਈ ਰੋਕ ਲੱਗ ਗਈ ਸੀ। ਐਗਜ਼ੀਕਿਊਟਿਵ ਨੇ ਕਿਹਾ ਕਿ ਇਹ ਰੋਕ ਅਣਜਾਣੇ ਵਿੱਚ ਲੱਗੀ ਸੀ। ਮਾਮਲਾ ਸਾਹਮਣੇ ਆਉਣ ਉੱਤੇ ਕੰਟੈਂਟ ਨੂੰ ਬਹਾਲ ਕਰ ਦਿੱਤਾ ਗਿਆ ਅਤੇ ਗਲਤੀ ਲਈ ਮੁਆਫ਼ੀ ਮੰਗੀ ਗਈ। ਨਾਲ ਹੀ ਇਹ ਵੀ ਕਿਹਾ ਗਿਆ ਕਿ ਮੋਡਰੇਸ਼ਨ ਦੀ ਇਹ ਕਾਰਵਾਈ ਜਾਣਬੁੱਝ ਕੇ ਨਹੀਂ ਕੀਤੀ ਗਈ ਸੀ।

ਅਰਵਿੰਦ ਕੇਜਰੀਵਾਲ ਕੀ ਚਾਹੁੰਦੇ ਹਨ

ਅਰਵਿੰਦ ਕੇਜਰੀਵਾਲ ਦੀਆਂ ਗੱਲਾਂ ਦਾ ਮਕਸਦ ਉਸ ਘਟਨਾ ਨਾਲ ਤੁਲਨਾ ਕਰਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਮੇਟਾ ਨੇ ਪ੍ਰਧਾਨ ਮੰਤਰੀ ਦੇ ਅਕਾਊਂਟ ਨਾਲ ਜੁੜੇ ਮਾਮਲੇ ਦਾ ਤੁਰੰਤ ਨੋਟਿਸ ਲਿਆ ਅਤੇ ਉਸ ਨੂੰ ਠੀਕ ਕੀਤਾ, ਉੱਥੇ ਹੀ ਉਨ੍ਹਾਂ ਦੇ ਆਪਣੇ ਅਕਾਊਂਟ ਉੱਤੇ ਕਥਿਤ ਰੋਕ ਬਾਰੇ ਕੀਤੀਆਂ ਗਈਆਂ ਸ਼ਿਕਾਇਤਾਂ ਦਾ ਨਾ ਤਾਂ ਕੋਈ ਜਵਾਬ ਦਿੱਤਾ ਅਤੇ ਨਾ ਹੀ ਕੋਈ ਸਪੱਸ਼ਟੀਕਰਨ ਦਿੱਤਾ। ਹਾਲਾਂਕਿ, ਮੇਟਾ ਨੇ ਅਰਵਿੰਦ ਕੇਜਰੀਵਾਲ ਦੇ ਦੋਸ਼ਾਂ 'ਤੇ ਜਨਤਕ ਤੌਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਹ ਵੀ ਸਾਫ਼ ਨਹੀਂ ਹੈ ਕਿ ਉਨ੍ਹਾਂ ਦੇ ਅਕਾਊਂਟ 'ਤੇ ਅਧਿਕਾਰਤ ਤੌਰ 'ਤੇ ਕੋਈ ਰੋਕ ਲਗਾਈ ਗਈ ਹੈ ਜਾਂ ਨਹੀਂ। 

ਇੰਸਟਾਗ੍ਰਾਮ ਨੇ ਮੇਰਾ ਅਕਾਊਂਟ ਸਪ੍ਰੈੱਸ ਕਿਉਂ ਕੀਤਾ ਗਿਆ- ਕੇਜਰੀਵਾਲ 

ਅਰਵਿੰਦ ਕੇਜਰੀਵਾਲ ਨੇ ਵੀਡੀਓ ਪੋਸਟ ਕਰਕੇ ਕੈਪਸ਼ਨ ਵਿੱਚ ਲਿਖਿਆ: ''ਇੰਸਟਾਗ੍ਰਾਮ ਨੇ ਮੈਨੂੰ ਨੋਟਿਸ ਭੇਜਿਆ ਹੈ ਕਿ ਮੇਰਾ ਅਕਾਊਂਟ ਦਬਾ (ਸਪ੍ਰੈੱਸ) ਦਿੱਤਾ ਗਿਆ ਹੈ। ਮੇਟਾ ਵੱਲੋਂ ਕੋਈ ਵੀ ਜਵਾਬ ਦੇਣ ਲਈ ਤਿਆਰ ਨਹੀਂ ਹੈ।

ਮੋਦੀ ਸਰਕਾਰ ਮੇਟਾ ਉੱਤੇ ਦਬਾਅ ਪਾ ਰਹੀ ਹੈ ਕਿ ਜੇਕਰ ਕੋਈ ਵੀ ਸਰਕਾਰ ਦੇ ਖਿਲਾਫ ਕੁਝ ਬੋਲੇ, ਤਾਂ ਉਸ ਨੂੰ ਦਬਾ ਦਿੱਤਾ ਜਾਵੇ।

ਜੇਕਰ ਤੁਹਾਡਾ ਵੀ ਪੇਜ ਮੇਟਾ ਨੇ ਦਬਾਇਆ ਹੈ ਤਾਂ ਮੈਨੂੰ #MetaCensorsIndia ਦੇ ਨਾਲ ਕਮੈਂਟ ਜਾਂ ਡੀਐੱਮ ਕਰੋ।''

Punjabi Shorts

Latest News