ਕੇਂਦਰੀ ਰਾਜ ਮੰਤਰੀ ਨੇ ਦਿੱਤਾ ਅਸਤੀਫ਼ਾ: ਮੋਦੀ ਕੈਬਨਿਟ ‘ਚ ਪੰਜਾਬ ਤੋਂ ਇਕਲੌਤੇ ਮੰਤਰੀ ਸਨ, ਬਿੱਟੂ ਬੋਲੇ- 'ਪੰਜਾਬ 'ਚ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ...'
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫ਼ੇ ਨੂੰ 24 ਜੁਲਾਈ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਵੀਕਾਰ ਕਰ ਲਿਆ ਹੈ। ਬਿੱਟੂ ਨੂੰ ਕੁਝ ਸਮਾਂ ਪਹਿਲਾਂ ਭਾਜਪਾ ਨੇ ਰਾਜ ਸਭਾ ਦੀ ਟਿਕਟ ਨਹੀਂ ਦਿੱਤੀ ਸੀ, ਜਿਸ ਵਜੋਂ ਉਹ ਹੁਣ ਸੰਸਦ ਮੈਂਬਰ ਨਹੀਂ ਸਨ।
ਉਹ ਕੇਂਦਰ ਸਰਕਾਰ ਵਿੱਚ ਪੰਜਾਬ ਤੋਂ ਭਾਜਪਾ ਦੇ ਇਕਲੌਤੇ ਰਾਜ ਮੰਤਰੀ ਸਨ, ਉਨ੍ਹਾਂ ਨੂੰ ਰੇਲ ਰਾਜ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਵਿਭਾਗ ਦਿੱਤਾ ਗਿਆ ਸੀ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੇ ਪੋਤੇ ਹਨ। ਹੁਣ ਬਿੱਟੂ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ।
ਰਵਨੀਤ ਬਿੱਟੂ ਨੇ ਲੁਧਿਆਣਾ ਤੋਂ 2024 ਦੀ ਲੋਕ ਸਭਾ ਚੋਣ ਲੜੀ ਸੀ, ਪਰ ਉਹ ਹਾਰ ਗਏ ਸਨ। ਇਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣਾਇਆ। ਇਸ ਤੋਂ ਬਾਅਦ 21 ਜੂਨ ਨੂੰ ਕਾਰਜਕਾਲ ਖ਼ਤਮ ਹੋ ਗਿਆ।
ਇਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਦੀ ਜਗ੍ਹਾ ਅੰਮ੍ਰਿਤਸਰ ਤੋਂ ਭਾਜਪਾ ਆਗੂ ਤਰੁਣ ਚੁੱਘ ਨੂੰ ਰਾਜ ਸਭਾ ਭੇਜ ਦਿੱਤਾ। ਹਾਲਾਂਕਿ ਨਿਯਮਾਂ ਮੁਤਾਬਕ ਬਿੱਟੂ ਬਿਨਾਂ ਸੰਸਦ ਮੈਂਬਰ ਬਣੇ ਵੀ 6 ਮਹੀਨੇ ਯਾਨੀ 21 ਦਸੰਬਰ ਤੱਕ ਮੰਤਰੀ ਬਣੇ ਰਹਿ ਸਕਦੇ ਸਨ, ਪਰ ਉਨ੍ਹਾਂ ਨੇ ਅਚਾਨਕ ਅਸਤੀਫ਼ਾ ਦੇ ਦਿੱਤਾ।
ਰਾਸ਼ਟਰਪਤੀ ਨੇ ਬਿੱਟੂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ

ਬਿੱਟੂ ਬੋਲੇ- ਹੁਣ ਮੇਰਾ ਟਾਈਮ ਪੰਜਾਬ ਲਈ ਹੈ
ਅਸਤੀਫ਼ੇ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਮੈਂ 2-3 ਮਹੀਨੇ ਪਹਿਲਾਂ ਹੀ ਇਸ ਬਾਰੇ ਵਿੱਚ ਬੇਨਤੀ ਕੀਤੀ ਸੀ। ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਆਏ ਸਨ, ਉਸ ਦਿਨ ਵੀ ਮੈਂ ਇਹ ਗੱਲ ਕਹੀ ਸੀ। ਪਿਛਲੇ ਸੈਸ਼ਨ ਵਿੱਚ ਵੀ ਮੈਂ ਸ਼ਾਮਲ ਨਹੀਂ ਹੋਇਆ ਸੀ।
ਜਿਸ ਦਿਨ ਮੇਰੀ ਰਾਜ ਸਭਾ ਦੀ ਟਰਮ ਖ਼ਤਮ ਹੋਈ, ਮੈਂ ਉਸੇ ਦਿਨ ਅਸਤੀਫ਼ਾ ਦੇ ਦਿੱਤਾ ਸੀ। ਮੈਂ ਕੱਲ੍ਹ ਫਿਰ ਉਨ੍ਹਾਂ ਨੂੰ ਮਿਲਿਆ ਸੀ। ਹੁਣ ਮੇਰਾ ਟਾਈਮ ਪੰਜਾਬ ਲਈ ਹੈ। ਅੱਜ ਵੀ ਮੈਂ ਕਈ ਥਾਵਾਂ 'ਤੇ ਗਿਆ ਸੀ। ਹੁਣ ਮੇਰੇ ਮੋਢਿਆਂ 'ਤੇ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਹੈ, ਮੈਂ ਇਸੇ ਕੰਮ ਵਿੱਚ ਲੱਗਾ ਹਾਂ।
ਉਨ੍ਹਾਂ ਨੇ ਐਕਸ (ਸਾਬਕਾ ਟਵਿੱਟਰ) 'ਤੇ ਪੋਸਟ ਕਰਕੇ ਲਿਖਿਆ ਕਿ ਮੈਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਭਾਰਤ ਸਰਕਾਰ ਵਿੱਚ ਰਾਜ ਮੰਤਰੀ ਵਜੋਂ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ।
I express my heartfelt gratitude to Hon’ble President Smt. Droupadi Murmu Ji and Hon’ble Prime Minister Shri @narendramodi Ji for giving me the opportunity to serve the nation as Minister of State in the Government of India.It has been an honour to serve the people of India,…
— Ravneet Singh Bittu (@RavneetBittu) July 24, 2026
ਭਾਰਤ ਦੇ ਲੋਕਾਂ, ਖ਼ਾਸਕਰ ਮੇਰੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਰਹੀ ਹੈ। ਮੈਂ ਸੇਵਾ, ਰਾਸ਼ਟਰਵਾਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਕਸਤ ਭਾਰਤ ਦੇ ਸੰਕਲਪ ਪ੍ਰਤੀ ਆਪਣੀ ਵਚਨਬੱਧਤਾ ਬਣਾਈ ਰੱਖਾਂਗਾ। ਜਨਸੇਵਾ ਦੀ ਮੇਰੀ ਯਾਤਰਾ ਨਵੇਂ ਸੰਕਲਪ ਅਤੇ ਸਮਰਪਣ ਨਾਲ ਅੱਗੇ ਵੀ ਜਾਰੀ ਰਹੇਗੀ।
ਬਿੱਟੂ ਦਾ ਕਾਂਗਰਸ ਨਾਲ ਵੀ ਰਿਹਾ ਨਾਤਾ
ਰਵਨੀਤ ਸਿੰਘ ਬਿੱਟੂ ਦਾ ਰਾਜਨੀਤਿਕ ਕਰੀਅਰ ਸਾਲ 2008 ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਜੋਂ ਸ਼ੁਰੂ ਹੋਇਆ ਸੀ। ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਆਨੰਦਪੁਰ ਸਾਹਿਬ ਤੋਂ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ 2014 ਅਤੇ 2019 ਵਿੱਚ ਲੁਧਿਆਣਾ ਲੋਕ ਸਭਾ ਸੀਟ ਤੋਂ ਲਗਾਤਾਰ ਦੋ ਵਾਰ ਕਾਂਗਰਸ ਦੇ ਸੰਸਦ ਮੈਂਬਰ ਵਜੋਂ ਜਿੱਤ ਹਾਸਲ ਕੀਤੀ ਅਤੇ ਲੋਕ ਸਭਾ ਵਿੱਚ ਕਾਂਗਰਸ ਦੇ ਚੀਫ਼ ਵ੍ਹਿਪ ਅਤੇ ਉਪ-ਨੇਤਾ ਵੀ ਰਹੇ।
ਲੋਕ ਸਭਾ ਚੋਣਾਂ 2024 ਤੋਂ ਠੀਕ ਪਹਿਲਾਂ, 26 ਮਾਰਚ 2024 ਨੂੰ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਛੱਡ ਦਿੱਤੀ ਅਤੇ ਉਸੇ ਦਿਨ ਭਾਜਪਾ ਜੁਆਇਨ ਕਰ ਲਈ। ਲੋਕ ਸਭਾ ਚੋਣਾਂ ਹਾਰਨ ਦੇ ਬਾਵਜੂਦ ਉਨ੍ਹਾਂ ਨੂੰ 9 ਜੂਨ 2024 ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਅਤੇ ਉਹ ਰੇਲ ਰਾਜ ਮੰਤਰੀ ਤੇ ਖਾਦ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਹੇ। ਬਾਅਦ ਵਿੱਚ ਭਾਜਪਾ ਨੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣਾਇਆ, ਪਰ 2026 ਵਿੱਚ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ।