Friday, 2nd of October 2026

ਰਾਹੁਲ ਗਾਂਧੀ ਦਾ PM ਮੋਦੀ 'ਤੇ ਤਿੱਖਾ ਹਮਲਾ: ਕਿਹਾ-'ਇਹ ਉਪਦੇਸ਼ ਨਹੀਂ, ਨਾਕਾਮੀ ਦਾ ਸਬੂਤ ਹੈ'

Edited By: Lajwinder Kaur | Updated at:
ਰਾਹੁਲ ਗਾਂਧੀ ਦਾ PM ਮੋਦੀ 'ਤੇ ਤਿੱਖਾ ਹਮਲਾ: ਕਿਹਾ-'ਇਹ ਉਪਦੇਸ਼ ਨਹੀਂ, ਨਾਕਾਮੀ ਦਾ ਸਬੂਤ ਹੈ'

ਰਾਹੁਲ ਗਾਂਧੀ ਦਾ PM ਮੋਦੀ 'ਤੇ ਤਿੱਖਾ ਹਮਲਾ: ਕਿਹਾ-'ਇਹ ਉਪਦੇਸ਼ ਨਹੀਂ, ਨਾਕਾਮੀ ਦਾ ਸਬੂਤ ਹੈ'

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਨ ਜੰਗ ਦੇ ਵਿਚਕਾਰ ਦੇਸ਼ ਵਾਸੀਆਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ। ਉਨ੍ਹਾਂ ਨੇ ਐਤਵਾਰ ਨੂੰ ਦੇਸ਼ ਵਾਸੀਆਂ ਨੂੰ ਕਈ ਖ਼ਾਸ ਅਪੀਲਾਂ ਕੀਤੀਆਂ, ਜਿਸ ਵਿੱਚ ਉਨ੍ਹਾਂ ਨੇ ਇੱਕ ਸਾਲ ਲਈ ਸੋਨਾ ਨਾ ਖਰੀਦਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਤੇਲ, ਖਾਦ ਅਤੇ ਪੈਟਰੋਲ-ਡੀਜ਼ਲ ਦੀ ਵਰਤੋਂ ਵਿੱਚ ਕਟੌਤੀ ਕਰਨ ਅਤੇ ਕੰਪਨੀਆਂ ਨੂੰ 'ਵਰਕ ਫਰੌਮ ਹੋਮ' (ਘਰ ਤੋਂ ਕੰਮ) ਦੇਣ ਦੀ ਵੀ ਅਪੀਲ ਕੀਤੀ।

ਪੀਐਮ ਮੋਦੀ ਦੀ ਅਪੀਲ 'ਤੇ ਰਾਹੁਲ ਗਾਂਧੀ ਦਾ ਹਮਲਾ: ਕਿਹਾ- ਜਨਤਾ 'ਤੇ ਜ਼ਿੰਮੇਵਾਰੀ ਪਾਉਣਾ ਬੰਦ ਕਰੋ

ਪੀਐਮ ਮੋਦੀ ਦੀ ਇਸ ਅਪੀਲ 'ਤੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਬੁਰੀ ਤਰ੍ਹਾਂ ਭੜਕ ਗਏ ਹਨ। ਰਾਹੁਲ ਗਾਂਧੀ ਨੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਦੇਸ਼ ਚਲਾਉਣਾ ਹੁਣ ਪ੍ਰਧਾਨ ਮੰਤਰੀ ਦੇ ਵੱਸ ਦੀ ਗੱਲ ਨਹੀਂ ਰਹੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਹਰ ਵਾਰ ਸਾਰੀ ਜ਼ਿੰਮੇਵਾਰੀ ਜਨਤਾ ਸਿਰ ਮੜ੍ਹ ਦਿੱਤੀ ਜਾਂਦੀ ਹੈ।

ਰਾਹੁਲ ਗਾਂਧੀ ਨੇ ਕੀ ਕਿਹਾ?

ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਹੈਂਡਲ 'ਐਕਸ' (ਪਹਿਲਾਂ ਟਵਿੱਟਰ) 'ਤੇ ਲਿਖਦਿਆਂ ਕਿਹਾ ਕਿ ਮੋਦੀ ਜੀ ਨੇ ਕੱਲ੍ਹ ਜਨਤਾ ਤੋਂ ਕੁਰਬਾਨੀਆਂ ਮੰਗੀਆਂ ਹਨ—ਸੋਨਾ ਨਾ ਖਰੀਦੋ, ਵਿਦੇਸ਼ ਨਾ ਜਾਓ, ਪੈਟਰੋਲ ਘੱਟ ਵਰਤੋਂ, ਖਾਦ ਅਤੇ ਖਾਣ ਵਾਲੇ ਤੇਲ ਦੀ ਵਰਤੋਂ ਘਟਾਓ, ਮੈਟਰੋ ਵਿੱਚ ਸਫ਼ਰ ਕਰੋ ਅਤੇ ਘਰ ਤੋਂ ਕੰਮ ਕਰੋ। ਰਾਹੁਲ ਨੇ ਅੱਗੇ ਕਿਹਾ ਕਿ ਇਹ ਕੋਈ ਉਪਦੇਸ਼ ਨਹੀਂ ਹਨ, ਸਗੋਂ ਸਰਕਾਰ ਦੀ ਨਾਕਾਮੀ ਦੇ ਸਬੂਤ ਹਨ।

ਹੁਣ ਜਨਤਾ ਨੂੰ ਦੱਸਣਾ ਪੈ ਰਿਹਾ ਹੈ ਕਿ ਕੀ ਖਰੀਦਣਾ ਹੈ ਤੇ ਕੀ ਨਹੀਂ

ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ 12 ਸਾਲਾਂ ਵਿੱਚ ਦੇਸ਼ ਨੂੰ ਅਜਿਹੇ ਮੋੜ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਗਿਆ ਹੈ ਕਿ ਹੁਣ ਜਨਤਾ ਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਉਹ ਕੀ ਖਰੀਦਣ ਤੇ ਕੀ ਨਾ ਖਰੀਦਣ, ਕਿੱਥੇ ਜਾਣ ਤੇ ਕਿੱਥੇ ਨਾ ਜਾਣ। ਉਨ੍ਹਾਂ ਇਲਜ਼ਾਮ ਲਗਾਇਆ ਕਿ ਹਰ ਵਾਰ ਜ਼ਿੰਮੇਵਾਰੀ ਜਨਤਾ 'ਤੇ ਪਾ ਦਿੱਤੀ ਜਾਂਦੀ ਹੈ ਤਾਂ ਜੋ ਪ੍ਰਧਾਨ ਮੰਤਰੀ ਖੁਦ ਜਵਾਬਦੇਹੀ ਤੋਂ ਬਚ ਸਕਣ। ਰਾਹੁਲ ਨੇ ਤਿੱਖੇ ਲਫ਼ਜ਼ਾਂ ਵਿੱਚ ਕਿਹਾ ਕਿ ਦੇਸ਼ ਚਲਾਉਣਾ ਹੁਣ 'ਕੰਪਰੋਮਾਈਜ਼ਡ' (ਮਜਬੂਰ) ਪ੍ਰਧਾਨ ਮੰਤਰੀ ਦੇ ਵੱਸ ਦੀ ਗੱਲ ਨਹੀਂ ਰਹੀ।

ਪ੍ਰਧਾਨ ਮੰਤਰੀ ਮੋਦੀ ਨੇ ਕੀ ਅਪੀਲ ਕੀਤੀ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਮਈ 2026 ਨੂੰ ਤੇਲੰਗਾਨਾ ਦੇ ਸਿਕੰਦਰਾਬਾਦ ਅਤੇ ਹੈਦਰਾਬਾਦ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਦੇਸ਼ ਵਾਸੀਆਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਅਤੇ 'ਵਰਕ ਫਰੌਮ ਹੋਮ' (ਘਰ ਤੋਂ ਕੰਮ) ਨੂੰ ਮੁੜ ਤਰਜੀਹ ਦੇਣ ਦੀ ਅਪੀਲ ਕੀਤੀ ਹੈ।

ਇਹ ਅਪੀਲ ਪੱਛਮੀ ਏਸ਼ੀਆ (ਮਿਡਲ ਈਸਟ) ਵਿੱਚ ਇਰਾਨ-ਅਮਰੀਕਾ ਦੇ ਤਣਾਅ ਕਾਰਨ ਪੈਦਾ ਹੋਏ ਵਿਸ਼ਵਵਿਆਪੀ ਸੰਕਟ ਅਤੇ ਕੱਚੇ ਤੇਲ ਦੀਆਂ ਅਸਮਾਨ ਨੂੰ ਛੂਹ ਰਹੀਆਂ ਕੀਮਤਾਂ ਦੇ ਮੱਦੇਨਜ਼ਰ, ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ (Foreign Exchange Reserves) ਨੂੰ ਬਚਾਉਣ ਲਈ ਕੀਤੀ ਗਈ ਹੈ।

ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਖਾਣ ਵਾਲੇ ਤੇਲ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਵਿੱਚ ਵੀ ਕਟੌਤੀ ਕਰਨ ਲਈ ਕਿਹਾ ਹੈ।

ਉਨ੍ਹਾਂ ਨੇ ਕੋਰੋਨਾ ਕਾਲ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਕਿਸ ਤਰ੍ਹਾਂ ਦੇਸ਼ ਵਾਸੀਆਂ ਨੇ ਉਸ ਮੁਸ਼ਕਲ ਸਥਿਤੀ ਨਾਲ ਨਜਿੱਠਣ ਲਈ ਸਹਿਯੋਗ ਦਿੱਤਾ ਸੀ ਅਤੇ ਹੁਣ ਫਿਰ ਉਨ੍ਹਾਂ ਨੂੰ ਅਜਿਹੀ ਹੀ ਵਿਕਟ ਸਥਿਤੀ ਦਾ ਸਾਹਮਣਾ ਕਰਨ ਲਈ ਅਪੀਲ ਕੀਤੀ।