NEET Result 2026: ਪੰਜਾਬ ਦੇ ਆਰੀਅਨ ਗੁਪਤਾ ਨੇ 715 ਅੰਕ ਲੈ ਕੇ ਮਾਰੀ ਬਾਜ਼ੀ, ਹਾਸਿਲ ਕੀਤਾ AIR 1, ਰੋਜ਼ 17 ਘੰਟੇ ਪੜ੍ਹਾਈ, ਦਾਦੀ ਦੀ ਮੌਤ ਤੋਂ ਮਿਲੀ ਪ੍ਰੇਰਨਾ
NEET UG 2026: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ੁੱਕਰਵਾਰ, 17 ਜੁਲਾਈ 2026 ਨੂੰ NEET UG 2026 ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ ਪੰਜਾਬ ਦੇ ਨਾਂ ਵੱਡੀ ਉਪਲਬਧੀ ਜੁੜੀ ਹੈ। ਪੰਜਾਬ ਦੇ ਆਰੀਅਨ ਗੁਪਤਾ (Aryan Gupta) ਨੇ 720 ਵਿੱਚੋਂ 715 ਅੰਕ ਪ੍ਰਾਪਤ ਕਰਕੇ ਆਲ ਇੰਡੀਆ ਰੈਂਕ 1 (AIR 1) ਹਾਸਲ ਕੀਤਾ ਹੈ। ਆਰੀਅਨ ਨੇ ਹਰਿਆਣਾ ਦੇ ਪੰਸ਼ੁਲ ਬਾਂਸਲ ਨਾਲ ਸਾਂਝੇ ਤੌਰ 'ਤੇ ਟੌਪਰ ਬਣ ਕੇ ਪੂਰੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।
17-17 ਘੰਟੇ ਦੀ ਮਿਹਨਤ ਲਿਆਈ ਰੰਗ
ਆਰੀਅਨ ਗੁਪਤਾ ਲਈ ਇਹ ਸਫਲਤਾ ਰਾਤੋ-ਰਾਤ ਨਹੀਂ ਮਿਲੀ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੇ ਆਖਰੀ ਪੜਾਅ ਦੌਰਾਨ ਉਹ ਰੋਜ਼ਾਨਾ 16 ਤੋਂ 17 ਘੰਟੇ ਪੜ੍ਹਾਈ ਕਰਦੇ ਸਨ। ਆਰੀਅਨ ਦੇ ਮਾਤਾ-ਪਿਤਾ ਦੋਵੇਂ ਪੇਸ਼ੇ ਤੋਂ ਡਾਕਟਰ ਹਨ, ਜਿਨ੍ਹਾਂ ਨੇ ਹਮੇਸ਼ਾ ਉਸ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ।
ਆਰੀਅਨ ਨੇ ਕਿਹਾ, "ਮੈਨੂੰ ਕਈ ਵਾਰ ਨੀਂਦ ਵੀ ਨਹੀਂ ਸੀ ਆਉਂਦੀ, ਪਰ ਅੱਜ ਜਦੋਂ ਨਤੀਜਾ ਸਾਹਮਣੇ ਹੈ ਤਾਂ ਇਹ ਸਭ ਇੱਕ ਸੁਪਨੇ ਵਰਗਾ ਲੱਗ ਰਿਹਾ ਹੈ। ਮੇਰੇ ਪਰਿਵਾਰ ਵਿੱਚ ਸਭ ਬਹੁਤ ਖੁਸ਼ ਹਨ।" GTC News ਨਾਲ ਗੱਲਬਾਤ ਕਰਦੇ ਹੋਏ ਆਰੀਅਨ ਗੁਪਤਾ ਨੇ ਦੱਸਿਆ ਉਨ੍ਹਾਂ ਦਾ ਸਾਰਾ ਹੀ ਪਰਿਵਾਰ ਡਾਕਟਰ ਪੇਸ਼ੇ ਦੇ ਨਾਲ ਜੁੜਿਆ ਹੋਇਆ ਹੈ। ਪਿਛਲੇ ਸਾਲ ਉਨ੍ਹਾਂ ਦੇ ਵੱਡੇ ਭਰਾ ਨੇ ਵੀ ਨੀਟ ਕਲੀਅਰ ਕੀਤਾ ਸੀ ਤੇ ਹੁਣ ਉਹ MBBS ਕਰ ਰਿਹਾ ਹੈ। ਪਰਿਵਾਰ ਦੇ ਵਿੱਚ ਇਸ ਸਮੇਂ ਖੁਸ਼ੀ ਦੀ ਲਹਿਰ ਛਾਈ ਹੋਈ ਹੈ।
ਦਾਦੀ ਦੀ ਮੌਤ ਨੇ ਦਿੱਤੀ 'ਕੈਂਸਰ ਸਪੈਸ਼ਲਿਸਟ' ਬਣਨ ਦੀ ਪ੍ਰੇਰਨਾ
ਆਰੀਅਨ ਦੇ ਡਾਕਟਰ ਬਣਨ ਦੇ ਸੁਪਨੇ ਪਿੱਛੇ ਇੱਕ ਭਾਵੁਕ ਕਹਾਣੀ ਹੈ। ਉਹ ਭਵਿੱਖ ਵਿੱਚ ਇੱਕ ਆਂਕੋਲੋਜਿਸਟ (Oncologist - ਕੈਂਸਰ ਸਪੈਸ਼ਲਿਸਟ) ਬਣਨਾ ਚਾਹੁੰਦੇ ਹਨ। ਆਰੀਅਨ ਨੇ ਦੱਸਿਆ ਕਿ ਜਦੋਂ ਉਹ ਤੀਜੀ ਜਮਾਤ ਵਿੱਚ ਸਨ, ਤਾਂ ਉਨ੍ਹਾਂ ਦੀ ਦਾਦੀ ਦਾ ਕੈਂਸਰ ਕਾਰਨ ਦੇਹਾਂਤ ਹੋ ਗਿਆ ਸੀ। ਉਸੇ ਸਮੇਂ ਉਨ੍ਹਾਂ ਨੇ ਪ੍ਰਣ ਲਿਆ ਸੀ ਕਿ ਉਹ ਇਸ ਬਿਮਾਰੀ ਨਾਲ ਲੜਨ ਲਈ ਡਾਕਟਰ ਬਣਨਗੇ।
NEET UG 2026: ਅੰਕੜਿਆਂ ਕੀ ਬੋਲ ਰਹੇ!
ਇਸ ਸਾਲ ਦੀ ਪ੍ਰੀਖਿਆ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਸਖ਼ਤ ਰਹੀ ਹੈ। NTA ਮੁਤਾਬਕ:
ਕੁੱਲ 20 ਲੱਖ ਤੋਂ ਵੱਧ ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ।
11.21 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਕੁਆਲੀਫਾਈ ਕੀਤੀ ਹੈ।
19 ਵਿਦਿਆਰਥੀਆਂ ਨੇ 700 ਤੋਂ ਵੱਧ ਅੰਕ ਹਾਸਲ ਕੀਤੇ।
138 ਵਿਦਿਆਰਥੀਆਂ ਨੇ 690 ਅੰਕ ਪ੍ਰਾਪਤ ਕੀਤੇ।
ਹੈਰਾਨੀ ਦੀ ਗੱਲ ਇਹ ਹੈ ਕਿ ਟਾਪ 138 ਵਿੱਚੋਂ 93% ਵਿਦਿਆਰਥੀ ਉਹ ਸਨ ਜਿਨ੍ਹਾਂ ਨੇ ਪਹਿਲੀ ਵਾਰ ਵਿੱਚ ਹੀ ਇਹ ਮੁਕਾਮ ਹਾਸਲ ਕੀਤਾ।
ਇਸ ਵਾਰ ਕੁੜੀਆਂ ਨੇ ਵੀ ਮਾਰੀ ਬਾਜ਼ੀ ਮਾਰੀ ਹੈ। ਕੁਆਲੀਫਾਈ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ 58% ਤੋਂ ਵੱਧ ਲੜਕੀਆਂ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਵਿਦਿਆਰਥੀਆਂ ਨੇ ਪੰਜਾਬ ਨਿਊਜ਼ ਵਿੱਚ ਆਪਣੀ ਧਾਕ ਜਮਾਈ ਹੈ।
ਮਿਹਨਤ ਕਦੇ ਬੇਕਾਰ ਨਹੀਂ ਜਾਂਦੀ: ਆਰੀਅਨ ਦਾ ਸੁਨੇਹਾ
ਆਉਣ ਵਾਲੇ ਵਿਦਿਆਰਥੀਆਂ ਨੂੰ ਸਲਾਹ ਦਿੰਦਿਆਂ ਆਰੀਅਨ ਨੇ ਕਿਹਾ, "Hard work never goes unnoticed" (ਮਿਹਨਤ ਕਦੇ ਅਣਗੌਲੀ ਨਹੀਂ ਰਹਿੰਦੀ)। ਉਨ੍ਹਾਂ ਨੇ ਕਿਹਾ ਕਿ ਸਬਰ ਅਤੇ ਲਗਨ ਨਾਲ ਕੰਮ ਕਰਦੇ ਰਹੋ, ਕਾਮਯਾਬੀ ਜ਼ਰੂਰ ਮਿਲੇਗੀ। ਜਿਹੜੇ ਵਿਦਿਆਰਥੀ ਇਸ ਵਾਰ ਸਫਲ ਨਹੀਂ ਹੋ ਸਕੇ, ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਜ਼ਿੰਦਗੀ ਵਿੱਚ ਅਜੇ ਬਹੁਤ ਕੁਝ ਕਰਨਾ ਬਾਕੀ ਹੈ।
ਕਾਉਂਸਲਿੰਗ ਅਤੇ ਅਗਲੀ ਪ੍ਰਕਿਰਿਆ
NEET UG 2026 ਦੀ ਪ੍ਰੀਖਿਆ 21 ਜੂਨ ਨੂੰ ਦੇਸ਼ ਦੇ 551 ਸ਼ਹਿਰਾਂ ਦੇ 5,440 ਕੇਂਦਰਾਂ 'ਤੇ ਹੋਈ ਸੀ। ਹੁਣ ਜਲਦੀ ਹੀ ਮੈਡੀਕਲ ਕਾਉਂਸਲਿੰਗ ਕਮੇਟੀ (MCC) ਵੱਲੋਂ 15% ਆਲ ਇੰਡੀਆ ਕੋਟਾ ਸੀਟਾਂ ਲਈ ਕਾਉਂਸਲਿੰਗ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਿਰਫ ਅਧਿਕਾਰਤ ਵੈੱਬਸਾਈਟਾਂ 'ਤੇ ਹੀ ਭਰੋਸਾ ਕਰਨ।