Tuesday, 7th of July 2026

ਮਹਾਰਾਸ਼ਟਰ 'ਚ ਬਾਰਿਸ਼ ਦਾ ਤਾਂਡਵ: ਸਕੂਲ-ਕਾਲਜ ਬੰਦ, 13 ਲੋਕਾਂ ਦੀ ਮੌਤ, ਪਹਾੜੀ ਇਲਾਕਿਆਂ ‘ਚ ਰੈੱਡ ਅਲਰਟ

Edited By: Lajwinder Kaur | Updated at: July 07th 2026 12:41 PM
Trending News
ਮਹਾਰਾਸ਼ਟਰ 'ਚ ਬਾਰਿਸ਼ ਦਾ ਤਾਂਡਵ: ਸਕੂਲ-ਕਾਲਜ ਬੰਦ, 13 ਲੋਕਾਂ ਦੀ ਮੌਤ, ਪਹਾੜੀ ਇਲਾਕਿਆਂ ‘ਚ ਰੈੱਡ ਅਲਰਟ

ਮਹਾਰਾਸ਼ਟਰ 'ਚ ਬਾਰਿਸ਼ ਦਾ ਤਾਂਡਵ: ਸਕੂਲ-ਕਾਲਜ ਬੰਦ, 13 ਲੋਕਾਂ ਦੀ ਮੌਤ, ਪਹਾੜੀ ਇਲਾਕਿਆਂ ‘ਚ ਰੈੱਡ ਅਲਰਟ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਦਾ ਸਾਹਮਣਾ ਕਰ ਰਹੀ ਹੈ, ਜਿਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਬਾਰਿਸ਼ ਨੇ ਆਮ ਜਨਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ ਅਤੇ ਰਫ਼ਤਾਰ ਰੁਕ ਗਈ ਹੈ। ਸਥਿਤੀ ਨੂੰ ਦੇਖਦਿਆਂ ਮਹਾਰਾਸ਼ਟਰ ਸਰਕਾਰ ਨੇ ਅੱਜ ਮੁੰਬਈ ਵਿੱਚ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਮੌਸਮ ਵਿਭਾਗ ਨੇ ਅੱਜ ਵੀ ਭਾਰੀ ਬਾਰਿਸ਼ ਦਾ 'ਔਰੇਂਜ ਅਲਰਟ' ਜਾਰੀ ਕੀਤਾ ਹੈ। ਇਸ ਦੇ ਨਾਲ ਹੀ, ਪ੍ਰਸ਼ਾਸਨ ਨੇ ਮੁੰਬਈ ਵਿੱਚ ਅੱਜ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਵੀ ਦਿੱਤੀ ਹੈ।

ਮਹਾਰਾਸ਼ਟਰ ਵਿੱਚ ਭਾਰੀ ਮੀਂਹ ਦਾ ਕਹਿਰ: 13 ਲੋਕਾਂ ਦੀ ਮੌਤ, ਲੋਨਾਵਲਾ ਵਿੱਚ ਰਿਕਾਰਡ ਤੋੜ ਬਾਰਿਸ਼

ਮਹਾਰਾਸ਼ਟਰ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਮੂਸਲਾਧਾਰ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਭਾਰੀ ਤਬਾਹੀ ਮਚਾਈ ਹੈ। ਰਾਜ ਆਫ਼ਤ ਪ੍ਰਬੰਧਨ ਕੇਂਦਰ ਦੀ ਰਿਪੋਰਟ ਅਨੁਸਾਰ, ਇਸ ਕੁਦਰਤੀ ਆਫ਼ਤ ਕਾਰਨ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 10 ਵਿਅਕਤੀ ਜ਼ਖ਼ਮੀ ਹੋਏ ਹਨ। ਮੀਂਹ ਦੇ ਕਹਿਰ ਕਾਰਨ ਕਰੀਬ 100 ਮਕਾਨ ਨੁਕਸਾਨੇ ਗਏ ਹਨ ਅਤੇ ਭਿਆਨਕ ਹੜ੍ਹਾਂ ਕਾਰਨ ਸੈਂਕੜੇ ਲੋਕ ਬੇਘਰ ਹੋ ਗਏ ਹਨ। ਰਾਜ ਦੇ ਤੱਟ ਵਾਲੇ ਇਲਾਕੇ ਅਤੇ ਪੱਛਮੀ ਹਿੱਸਿਆਂ ਵਿੱਚ ਸਭ ਤੋਂ ਵੱਧ ਮਾਰ ਪਈ ਹੈ। ਲੋਨਾਵਲਾ ਵਿੱਚ ਪਿਛਲੇ 48 ਘੰਟਿਆਂ ਵਿੱਚ 625 ਮਿਲੀਮੀਟਰ ਦੀ ਰਿਕਾਰਡ ਤੋੜ ਬਾਰਿਸ਼ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਪਿਛਲੇ 24 ਘੰਟਿਆਂ ਦੌਰਾਨ ਰਾਏਗੜ੍ਹ ਵਿੱਚ 236 ਮਿ.ਮੀ., ਠਾਣੇ ਵਿੱਚ 161 ਮਿ.ਮੀ., ਰਤਨਾਗਿਰੀ ਵਿੱਚ 152 ਮਿ.ਮੀ., ਪਾਲਘਰ ਵਿੱਚ ਔਸਤਨ 132 ਮਿ.ਮੀ. ਅਤੇ ਮੁੰਬਈ ਦੇ ਵੱਖ-ਵੱਖ ਇਲਾਕਿਆਂ ਵਿੱਚ 100 ਤੋਂ 161 ਮਿ.ਮੀ. ਤੱਕ ਭਾਰੀ ਵਰਖਾ ਰਿਕਾਰਡ ਕੀਤੀ ਗਈ ਹੈ।

ਮਹਾਰਾਸ਼ਟਰ ‘ਚ ਨਦੀਆਂ ਉਫਾਨ 'ਤੇ: ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਾਣੀ, ਮੁੰਬਈ ਵਿੱਚ ਇਮਾਰਤ ਡਿੱਗਣ ਨਾਲ 6 ਮੌਤਾਂ

ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਮਹਾਰਾਸ਼ਟਰ ਦੀਆਂ ਕਈ ਨਦੀਆਂ ਦਾ ਪਾਣੀ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ। ਉਲਹਾਸ, ਕਾਲੂ ਅਤੇ ਪਿੰਜਲ ਨਦੀਆਂ ਪਹਿਲਾਂ ਹੀ ਚਿਤਾਵਨੀ ਦੇ ਪੱਧਰ ਨੂੰ ਪਾਰ ਕਰ ਚੁੱਕੀਆਂ ਹਨ, ਜਦਕਿ ਅੰਬਾ, ਸਾਵਿਤ੍ਰੀ, ਕੁੰਡਲਿਕਾ, ਪਾਤਾਲਗੰਗਾ, ਜਗਬੁਡੀ ਅਤੇ ਉਲਹਾਸ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਬਦਲਾਪੁਰ, ਮੋਹਾਣੇ ਅਤੇ ਜਾੰਭੁਲਪਾੜਾ ਲਈ ਹੜ੍ਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਸੋਮਵਾਰ ਨੂੰ ਮੀਂਹ ਕਾਰਨ ਕਈ ਜ਼ਿਲ੍ਹਿਆਂ ਵਿੱਚ ਦਰਦਨਾਕ ਹਾਦਸੇ ਵੀ ਵਾਪਰੇ ਹਨ। ਮੁੰਬਈ ਦੇ ਮਾਨਖੁਰਦ ਇਲਾਕੇ ਵਿੱਚ ਇੱਕ ਇਮਾਰਤ ਦੇ ਝੁੱਗੀ-ਬਸਤੀ 'ਤੇ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ।

ਵੱਖ-ਵੱਖ ਹਾਦਸਿਆਂ ਵਿੱਚ ਜਾਨੀ ਨੁਕਸਾਨ, ਪਹਾੜੀ ਇਲਾਕਿਆਂ ਲਈ ‘ਰੈੱਡ ਅਲਰਟ’

ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਮਹਾਰਾਸ਼ਟਰ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਮੁੰਬਈ ਦੇ ਉਪਨਗਰੀ ਇਲਾਕੇ ਵਿੱਚ ਦਰੱਖਤ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਠਾਣੇ ਵਿੱਚ ਇਮਾਰਤ ਦਾ ਇੱਕ ਹਿੱਸਾ ਡਿੱਗਣ ਨਾਲ ਦੋ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ, ਪਾਲਘਰ ਅਤੇ ਸਿੰਧੂਦੁਰਗ ਵਿੱਚ ਡੁੱਬਣ ਨਾਲ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਸਿੰਧੂਦੁਰਗ ਵਿੱਚ ਤੇਜ਼ ਹਵਾਵਾਂ ਕਾਰਨ 30 ਮਕਾਨ ਢਹਿ-ਢੇਰੀ ਹੋ ਗਏ ਹਨ। ਸਤਾਰਾ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ (landslide) ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਜਾਨ ਗਈ ਹੈ ਅਤੇ ਚਾਰ ਲੋਕ ਜ਼ਖ਼ਮੀ ਹੋਏ ਹਨ। ਮੌਸਮ ਦੀ ਗੰਭੀਰ ਸਥਿਤੀ ਅਤੇ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਦੇ ਖ਼ਤਰੇ ਨੂੰ ਦੇਖਦਿਆਂ, ਪ੍ਰਸ਼ਾਸਨ ਨੇ ਮਾਥੇਰਾਨ, ਲੋਨਾਵਲਾ, ਖੋਪੋਲੀ ਅਤੇ ਲੋਹਾਗੜ੍ਹ ਵਰਗੇ ਪਹਾੜੀ ਸੈਰ-ਸਪਾਟਾ ਸਥਾਨਾਂ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਐਨ.ਡੀ.ਆਰ.ਐਫ. ਲਗਾਤਾਰ ਲੋਕਾਂ ਦੀ ਮਦਦ ਕਰ ਰਹੀ ਹੈ। ਇਸ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ, ਜੋ ਕਿ ਮੁਸ਼ਕਿਲ ਚ ਫਸੇ ਲੋਕਾਂ ਦੀ ਮਦਦ ਕਰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾ ਰਹੇ ਹਨ। 

Punjabi Shorts

Latest News