Saturday, 4th of July 2026

ਵਿਜੀਲੈਂਸ ਦੀ ਵੱਡੀ ਕਾਰਵਾਈ: ਪਾਵਰਕਾਮ ਦੇ ਸਾਬਕਾ CMD ਕੇਡੀ ਚੌਧਰੀ ਸਣੇ 3 ਗ੍ਰਿਫ਼ਤਾਰ

Edited By: Lajwinder Kaur | Updated at: May 20th 2026 05:09 PM
Trending News
ਵਿਜੀਲੈਂਸ ਦੀ ਵੱਡੀ ਕਾਰਵਾਈ: ਪਾਵਰਕਾਮ ਦੇ ਸਾਬਕਾ CMD ਕੇਡੀ ਚੌਧਰੀ ਸਣੇ 3 ਗ੍ਰਿਫ਼ਤਾਰ

ਵਿਜੀਲੈਂਸ ਦੀ ਵੱਡੀ ਕਾਰਵਾਈ: ਪਾਵਰਕਾਮ ਦੇ ਸਾਬਕਾ CMD ਕੇਡੀ ਚੌਧਰੀ ਸਣੇ 3 ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਨੇ ਕਰੋੜਾਂ ਰੁਪਏ ਦੇ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਸਾਬਕਾ ਸੀਐਮਡੀ (CMD) ਕੇਡੀ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਅਕਾਲੀ ਆਗੂਆਂ ਦੇ ਕਰੀਬੀ ਰਹੇ ਹਨ। ਉਨ੍ਹਾਂ ਦੇ ਨਾਲ ਹੀ ਰਿਟਾਇਰਡ ਐਕਸੀਅਨ (XEN) ਸੰਜੀਵ ਪ੍ਰਭਾਕਰ ਅਤੇ ਲੁਧਿਆਣਾ ਦੇ ਬਿਲਡਰ ਅਮਿਤ ਗਰਗ ਨੂੰ ਵੀ ਕਾਬੂ ਕੀਤਾ ਗਿਆ ਹੈ।

ਸਰਕਾਰੀ ਨਿਯਮਾਂ ਨੂੰ ਟੰਗਿਆ ਸੀ ਛਿੱਕੇ

ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਤਿੰਨਾਂ ਨੇ ਕਥਿਤ ਤੌਰ 'ਤੇ ਆਪਸੀ ਮਿਲੀਭੁਗਤ ਕਰਕੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗਿਆ। ਉਨ੍ਹਾਂ ਨੇ ਇੱਕ ਨਿੱਜੀ ਹਾਊਸਿੰਗ ਕਲੋਨੀ ‘ਬਸੰਤ ਸਿਟੀ’ ਵਿੱਚ 10 ਕਰੋੜ ਰੁਪਏ ਦਾ ਸਰਕਾਰੀ ਫੰਡ ਖ਼ਰਚ ਕਰਕੇ 66 ਕੇਵੀ (KV) ਦਾ ਸਬ-ਸਟੇਸ਼ਨ ਲਗਵਾ ਦਿੱਤਾ, ਜਿਸ ਕਾਰਨ ਇਹ ਵੱਡੀ ਕਾਰਵਾਈ ਅਮਲ ਵਿੱਚ ਲਿਆਉਂਦੀ ਗਈ ਹੈ।

ਜਾਂਚ ਦੇ ਮੁਤਾਬਕ, ਨਿਯਮਾਂ ਦੇ ਤਹਿਤ ਇਸ ਸਬ-ਸਟੇਸ਼ਨ ਨੂੰ ਲਗਾਉਣ ਦਾ ਪੂਰਾ ਖ਼ਰਚਾ ਬਿਲਡਰ ਨੂੰ ਖ਼ੁਦ ਚੁੱਕਣਾ ਪੈਣਾ ਸੀ, ਪਰ ਦੋਸ਼ ਹੈ ਕਿ ਉਸ ਵੇਲੇ ਦੇ ਐਸਡੀਓ (SDO) ਸੰਜੀਵ ਪ੍ਰਭਾਕਰ ਅਤੇ ਉਸ ਸਮੇਂ ਦੇ ਪਾਵਰਕਾਮ (PSPCL) ਦੇ ਸੀਐਮਡੀ (CMD) ਕੇਡੀ ਚੌਧਰੀ ਨੇ ਵਿਭਾਗੀ ਫੰਡ ਦਾ ਇਸਤੇਮਾਲ ਕਰਕੇ ਇਹ ਕੰਮ ਕਰਵਾਇਆ। ਵਿਜੀਲੈਂਸ ਦੀ ਜਾਂਚ ਵਿੱਚ ਪਾਵਰਕਾਮ ਦੇ ਅਧਿਕਾਰੀਆਂ ਅਤੇ ਬਿਲਡਰ ਵਿਚਕਾਰ ਆਪਸੀ ਮਿਲੀਭੁਗਤ ਵੀ ਸਾਹਮਣੇ ਆਈ ਹੈ।

ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲਗਵਾਇਆ ਸਬ-ਸਟੇਸ਼ਨ

ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ, ਇਹ ਮਾਮਲਾ 66 ਕੇਵੀ ਬਸੰਤ ਐਵੇਨਿਊ ਸਬ-ਸਟੇਸ਼ਨ ਦੀ ਸਥਾਪਨਾ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਬਸੰਤ ਐਵੇਨਿਊ ਦੇ ਕਾਲੋਨਾਈਜ਼ਰ (ਬਿਲਡਰ) ਨੇ ਪਾਵਰਕਾਮ (PSPCL) ਦੇ ਫੀਲਡ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਆਪਣੀ ਕਾਲੋਨੀ ਵਿੱਚ 1015 ਵਰਗ ਗਜ਼ ਜ਼ਮੀਨ 'ਤੇ ਇਹ ਸਬ-ਸਟੇਸ਼ਨ ਲਗਵਾਇਆ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਉਸ ਸਮੇਂ ਉੱਚ ਅਧਿਕਾਰੀਆਂ ਵੱਲੋਂ ਕਾਲੋਨਾਈਜ਼ਰ ਦੀਆਂ ਸਾਰੀਆਂ ਕਾਲੋਨੀਆਂ ਦੀ ਐਨਓਸੀ (NOC) ਅਤੇ ਬਿਜਲੀ ਲੋਡ ਦੀ ਸਾਂਝੀ ਜਾਂਚ ਕਰਵਾਈ ਜਾਂਦੀ, ਤਾਂ ਇਸ 66 ਕੇਵੀ ਸਬ-ਸਟੇਸ਼ਨ ਦਾ ਪੂਰਾ ਖ਼ਰਚਾ ਕਾਲੋਨਾਈਜ਼ਰ ਨੂੰ ਖ਼ੁਦ ਚੁੱਕਣਾ ਪੈਣਾ ਸੀ।

ਬਿਜਲੀ ਵਿਭਾਗ ਦੇ ਹੁਕਮਾਂ ਦੀ ਨਹੀਂ ਕੀਤੀ ਗਈ ਪਾਲਣਾ

ਵਿਜੀਲੈਂਸ ਮੁਤਾਬਕ, ਸਬ-ਸਟੇਸ਼ਨ ਦੀ ਸਥਾਪਨਾ ਕਰਨ ਵੇਲੇ ਬਿਜਲੀ ਵਿਭਾਗ ਦੇ ਹੁਕਮਾਂ (ਆਦੇਸ਼ਾਂ) ਦੀ ਪਾਲਣਾ ਨਹੀਂ ਕੀਤੀ ਗਈ। ਜਾਂਚ ਵਿੱਚ ਇਹ ਤੱਥ ਵੀ ਛੁਪਾਇਆ ਗਿਆ ਕਿ ਬਸੰਤ ਐਵੇਨਿਊ ਸਬ-ਸਟੇਸ਼ਨ ਤੱਕ ਪਹੁੰਚਣ ਲਈ ਕੋਈ ਪੱਕੀ ਸੜਕ ਨਹੀਂ ਸੀ ਅਤੇ ਇਹ ਪੱਖੋਵਾਲ ਲਿੰਕ ਰੋਡ ਤੋਂ ਕਰੀਬ 3 ਕਿਲੋਮੀਟਰ ਦੂਰ ਖੇਤਾਂ ਦੇ ਵਿਚਕਾਰ ਸਥਿਤ ਹੈ।

ਇਸ ਦੇ ਬਾਵਜੂਦ, ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਉਸ ਵੇਲੇ ਦੇ ਸੀਐਮਡੀ (CMD) ਨੇ ਇਨ੍ਹਾਂ ਖਾਮੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਵਿਜੀਲੈਂਸ ਦਾ ਕਹਿਣਾ ਹੈ ਕਿ ਉਸ ਸਮੇਂ ਦੇ ਐਕਸੀਅਨ (XEN) ਸੰਜੀਵ ਪ੍ਰਭਾਕਰ ਅਤੇ ਹੋਰ ਫੀਲਡ ਅਧਿਕਾਰੀਆਂ ਵੱਲੋਂ ਭੇਜੇ ਗਏ ਪ੍ਰਸਤਾਵ ਵਿੱਚ ਮੌਜੂਦ ਕਮੀਆਂ ਨੂੰ ਵੀ ਅਣਦੇਖਾ ਕੀਤਾ ਗਿਆ, ਜਿਸ ਨਾਲ ਬਸੰਤ ਐਵੇਨਿਊ ਕਲੋਨੀ ਨੂੰ ਸਿੱਧਾ ਫਾਇਦਾ ਪਹੁੰਚਿਆ।

ਮੌਜੂਦਾ ਸਮੇਂ ਵਿੱਚ ਵੀ ਇਹ 66 ਕੇਵੀ ਸਬ-ਸਟੇਸ਼ਨ ਅਣ-ਵਿਕਸਤ (ਅਧੂਰੀਆਂ) ਕਾਲੋਨੀਆਂ ਅਤੇ ਖੇਤਾਂ ਦੇ ਵਿਚਕਾਰ ਸਥਿਤ ਹੈ ਅਤੇ ਉੱਥੋਂ ਤੱਕ ਪਹੁੰਚਣ ਲਈ ਕੋਈ ਪੱਕੀ ਸੜਕ ਨਹੀਂ ਹੈ। ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Punjabi Shorts

Latest News