Baisakhi Bumper Lottery: ਛੱਪੜ ਫਾੜ ਕੇ ਡਿੱਗਿਆ ਖਜ਼ਾਨਾ! ਲੁਧਿਆਣੇ ਨੇ ਰਿਟਾਇਰਡ ਪੋਸਟਮਾਸਟਰ ਨੂੰ ਬਣਿਆ ਕਰੋੜਪਤੀ, 6 ਕਰੋੜ ਦੀ ਲਾਟਰੀ ਜਿੱਤ ਕੇ ਪੂਰਾ ਕੀਤਾ 30 ਸਾਲਾਂ ਦਾ ਸੁਫਨਾ
Punjab State Baisakhi Bumper Lottery 2026: ਕਹਿੰਦੇ ਨੇ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਕੁੱਝ ਹੋਇਆ ਇੱਕ ਰਿਟਾਇਰਡ ਪੋਸਟਮਾਸਟਰ ਦੇ ਨਾਲ। ਲੁਧਿਆਣਾ ਦੀ ਇੱਕ ਲਾਟਰੀ ਏਜੰਸੀ ਤੋਂ ਖ਼ਰੀਦੀ ਗਈ ਟਿਕਟ ਨੇ ਦਿੱਲੀ ਦੇ ਇੱਕ ਰਿਟਾਇਰਡ ਪੋਸਟਮਾਸਟਰ ਨੂੰ ਰਾਤੋ-ਰਾਤ ਕਰੋੜਪਤੀ ਬਣਾ ਦਿੱਤਾ ਹੈ। ਦਿੱਲੀ ਦੇ ਪੱਛਮ ਵਿਹਾਰ ਦੇ ਰਹਿਣ ਵਾਲੇ ਓਮ ਪ੍ਰਕਾਸ਼ ਨੇ ਵਿਸਾਖੀ ਬੰਪਰ ਵਿੱਚ 6 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਦੱਸਿਆ ਜਾ ਰਿਹਾ ਹੈ ਕਿ ਓਮ ਪ੍ਰਕਾਸ਼ ਪਿਛਲੇ 30 ਸਾਲਾਂ ਤੋਂ ਲਗਾਤਾਰ ਲਾਟਰੀ ਦੀਆਂ ਟਿਕਟਾਂ ਖ਼ਰੀਦ ਰਹੇ ਸਨ, ਪਰ ਇਸ ਵਾਰ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ।
30 ਸਾਲਾਂ ਬਾਅਦ ਪੂਰਾ ਹੋਇਆ ਲਾਟਰੀ ਜਿੱਤਣ ਦਾ ਸੁਫਨਾ
ਉਨ੍ਹਾਂ ਨੇ ਇਹ ਟਿਕਟ 1 ਅਪ੍ਰੈਲ ਨੂੰ ਲੁਧਿਆਣਾ ਦੇ ਘੰਟਾ ਘਰ ਸਥਿਤ 'ਗਾਂਧੀ ਬ੍ਰਦਰਜ਼' ਦੀ ਦੁਕਾਨ ਨੰਬਰ 55 ਤੋਂ ਮਹਿਜ਼ 500 ਰੁਪਏ ਵਿੱਚ ਖ਼ਰੀਦੀ ਸੀ। 18 ਅਪ੍ਰੈਲ ਨੂੰ ਨਿਕਲੇ ਨਤੀਜਿਆਂ ਵਿੱਚ ਉਨ੍ਹਾਂ ਦੀ B-ਸੀਰੀਜ਼ (ਨੰਬਰ 520720) ਦੀ ਟਿਕਟ 'ਤੇ 6 ਕਰੋੜ ਰੁਪਏ ਦਾ ਬੰਪਰ ਇਨਾਮ ਨਿਕਲਿਆ। 30 ਸਾਲਾਂ ਬਾਅਦ ਮਿਲੀ ਇਸ ਵੱਡੀ ਸਫਲਤਾ ਕਾਰਨ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਓਮ ਪ੍ਰਕਾਸ਼ ਦੇ ਬੇਟੇ ਮਨੋਜ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਡਾਕਖਾਨੇ ਤੋਂ ਪੈਨਸ਼ਨ ਮਿਲਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਪੈਸੇ ਦਾ ਕੋਈ ਲਾਲਚ ਨਹੀਂ ਹੈ। ਉਨ੍ਹਾਂ ਦੱਸਿਆ ਕਿ ਲਾਟਰੀ ਰਾਹੀਂ ਮਿਲਣ ਵਾਲੀ ਇਸ ਰਾਸ਼ੀ ਦਾ ਸਹੀ ਇਸਤੇਮਾਲ ਕੀਤਾ ਜਾਵੇਗਾ। ਓਮ ਪ੍ਰਕਾਸ਼ ਨੇ ਫੈਸਲਾ ਕੀਤਾ ਹੈ ਕਿ ਉਹ ਇਲਾਕੇ ਦੇ ਲੋੜਵੰਦ ਲੋਕਾਂ ਦੀ ਮਦਦ ਕਰਨਗੇ ਅਤੇ ਅਨਾਥ ਆਸ਼ਰਮਾਂ ਵਿੱਚ ਵੀ ਦਾਨ ਦੇਣਗੇ।
ਪਰਿਵਾਰ ‘ਚ ਖੁਸ਼ੀ ਦੀ ਲਹਿਰ
ਮਨੋਜ ਨੇ ਅੱਗੇ ਕਿਹਾ ਕਿ ਇਹ ਪੈਸਾ ਸਾਡੇ ਪਰਿਵਾਰ ਲਈ ਬਹੁਤ ਹੈ ਅਤੇ ਅਸੀਂ ਇਸ ਨਾਲ ਦੂਜਿਆਂ ਦੀ ਭਲਾਈ ਕਰਨਾ ਚਾਹੁੰਦੇ ਹਾਂ। 6 ਕਰੋੜ ਦੀ ਇਸ ਵੱਡੀ ਜਿੱਤ ਤੋਂ ਬਾਅਦ ਅੱਜ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਸਾਰੇ ਇਸ ਨੂੰ ਰੱਬ ਦੀ ਬਖਸ਼ਿਸ਼ ਮੰਨ ਰਹੇ ਹਨ।
ਰਿਟਾਇਰਡ ਪੋਸਟਮਾਸਟਰ ਓਮ ਪ੍ਰਕਾਸ਼ ਨੇ ਦੱਸਿਆ ਕਿ ਲੁਧਿਆਣਾ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਰਹਿੰਦੇ ਹਨ ਅਤੇ ਉਹ ਅਕਸਰ ਉੱਥੇ ਆਉਂਦੇ-ਜਾਂਦੇ ਰਹਿੰਦੇ ਹਨ। ਉਹ ਪਿਛਲੇ 30 ਸਾਲਾਂ ਤੋਂ ਲਗਾਤਾਰ ਲਾਟਰੀ ਖ਼ਰੀਦ ਰਹੇ ਹਨ। ਕਈ ਵਾਰ ਜਦੋਂ ਉਹ ਖੁਦ ਲੁਧਿਆਣਾ ਨਹੀਂ ਜਾ ਪਾਉਂਦੇ ਸਨ, ਤਾਂ ਉਹ ਕੋਰੀਅਰ ਰਾਹੀਂ ਆਪਣੇ ਰਿਸ਼ਤੇਦਾਰਾਂ ਤੋਂ ਲਾਟਰੀ ਦੀਆਂ ਟਿਕਟਾਂ ਮੰਗਵਾ ਲੈਂਦੇ ਸਨ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਲਾਟਰੀ ਵਾਲੀ ਐਪਲੀਕੇਸ਼ਨ 'ਤੇ ਨਤੀਜਾ ਚੈੱਕ ਕੀਤਾ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਕਰੋੜਾਂ ਦਾ ਬੰਪਰ ਇਨਾਮ ਨਿਕਲ ਆਇਆ ਹੈ। ਇਹ ਖ਼ਬਰ ਮਿਲਦਿਆਂ ਹੀ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਉਨ੍ਹਾਂ ਦਾ ਬੇਟਾ ਮਨੋਜ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਪੂਰਾ ਪਰਿਵਾਰ ਇਸ ਅਚਾਨਕ ਮਿਲੀ ਖੁਸ਼ੀ ਲਈ ਰੱਬ ਦਾ ਸ਼ੁਕਰਾਨਾ ਕਰ ਰਿਹਾ ਹੈ।
ਬੰਪਰ ਇਨਾਮ ਬਾਰੇ ਪਤਾ ਲੱਗਦਿਆਂ ਹੀ ਪੂਰਾ ਪਰਿਵਾਰ ਹੈਰਾਨ ਰਹਿ ਗਿਆ। ਉਨ੍ਹਾਂ ਨੇ ਤੁਰੰਤ ਲੁਧਿਆਣਾ ਦੇ 'ਗਾਂਧੀ ਬ੍ਰਦਰਜ਼' ਨੂੰ ਫ਼ੋਨ ਕੀਤਾ, ਪਰ ਉਸ ਦਿਨ ਗੱਲਬਾਤ ਨਹੀਂ ਹੋ ਸਕੀ ਕਿਉਂਕਿ ਉਹ ਜਸ਼ਨ ਮਨਾਉਣ ਵਿੱਚ ਰੁੱਝੇ ਹੋਏ ਸਨ। ਅਗਲੇ ਦਿਨ ਜਦੋਂ ਸੰਪਰਕ ਹੋਇਆ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਲੁਧਿਆਣਾ ਬੁਲਾਇਆ ਅਤੇ ਲਾਟਰੀ ਕਲੇਮ ਕਰਵਾਉਣ ਦੀ ਪ੍ਰਕਿਰਿਆ ਪੂਰੀ ਕੀਤੀ।