ਜਲੰਧਰ ਵਿੱਚ ਆਮ ਆਦਮੀ ਪਾਰਟੀ (AAP) ਨੂੰ ਉਸ ਸਮੇਂ ਹੋਰ ਵੱਡੀ ਮਜ਼ਬੂਤੀ ਮਿਲੀ, ਜਦੋਂ ਇਲਾਕੇ ਦੇ ਪ੍ਰਮੁੱਖ ਅਤੇ ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਰਣਤੇਜ ਸਿੰਘ ਪਵਾਰ ਨੇ ਆਪਣੇ ਸਾਥੀਆਂ ਅਤੇ ਸਮਰਥਕਾਂ ਸਮੇਤ ‘ਆਪ’ ਦਾ ਪੱਲਾ ਫੜ ਲਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਏ ਇਸ ਸ਼ਾਮਿਲ ਹੋਣ ਦੌਰਾਨ ਪਾਰਟੀ ਵਿੱਚ ਨਵਾਂ ਜੋਸ਼ ਦੇਖਣ ਨੂੰ ਮਿਲਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਨਿੱਘਾ ਸਵਾਗਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਰਣਤੇਜ ਸਿੰਘ ਪਵਾਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਰਸਮੀ ਤੌਰ 'ਤੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਅਤੇ ਸਿਰੋਪਾਓ ਪਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਇਮਾਨਦਾਰ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖ਼ਸੀਅਤਾਂ ਲਗਾਤਾਰ ਪਾਰਟੀ ਨਾਲ ਜੁੜ ਰਹੀਆਂ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਰਣਤੇਜ ਸਿੰਘ ਪਵਾਰ ਵਰਗੇ ਸੂਝਵਾਨ ਅਤੇ ਜ਼ਮੀਨੀ ਪੱਧਰ ਦੇ ਆਗੂ ਦੇ ਆਉਣ ਨਾਲ ਦੋਆਬਾ ਖੇਤਰ ਅਤੇ ਜਲੰਧਰ ਵਿੱਚ ਪਾਰਟੀ ਸੰਗਠਨ ਨੂੰ ਹੋਰ ਜ਼ਿਆਦਾ ਬਲ ਮਿਲੇਗਾ।

ਪ੍ਰਮੁੱਖ ਸ਼ਖ਼ਸੀਅਤਾਂ ਦੀ ਸ਼ਮੂਲੀਅਤ
ਦੱਸਣਯੋਗ ਹੈ ਕਿ ਰਣਤੇਜ ਸਿੰਘ ਪਵਾਰ ਮਹਾਨ ਟਕਸਾਲੀ ਆਗੂ ਗਿਆਨੀ ਸ਼ੰਕਰ ਸਿੰਘ ਜੀ ਦੇ ਪੜਪੋਤੇ ਅਤੇ ਸਰਦਾਰ ਬੀਰ ਸਿੰਘ ਜੀ ਦੇ ਪੋਤੇ ਹਨ। ਉਨ੍ਹਾਂ ਦੇ ਨਾਲ ਇਸ ਮੌਕੇ ਸਹਿਜਬੀਰ ਸਿੰਘ ਪਵਾਰ, ਹਰਪ੍ਰੀਤ ਸਿੰਘ ਰਾਜਾ ਸੰਘਾ, ਹਰਜੋਤ ਸਿੰਘ, ਗੁਰਤੇਸ਼ਵਰ ਭੁੱਲਰ ਸਮੇਤ ਕਈ ਉੱਘੇ ਨੌਜਵਾਨਾਂ ਅਤੇ ਆਗੂਆਂ ਨੇ ਆਮ ਆਦਮੀ ਪਾਰਟੀ ਵਿੱਚ ਵਿਸ਼ਵਾਸ ਪ੍ਰਗਟਾਇਆ ਹੈ।
ਪਾਰਟੀ ਦੀ ਚੜ੍ਹਦੀਕਲਾ ਲਈ ਮਿਲ ਕੇ ਕੰਮ ਕਰਨ ਦਾ ਅਹਿਦ
ਪਾਰਟੀ ਵਿੱਚ ਸ਼ਾਮਿਲ ਹੋਣ ਉਪਰੰਤ ਰਣਤੇਜ ਸਿੰਘ ਪਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਅਤੇ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਪੂਰੀ ਤਨਦੇਹੀ, ਲਗਨ ਅਤੇ ਇਮਾਨਦਾਰੀ ਨਾਲ ਸੇਵਾ ਨਿਭਾਉਣਗੇ ਤਾਕਿ ਸੂਬੇ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।