Thursday, 10th of September 2026

ਗੁਰੂਗ੍ਰਾਮ-ਦਿੱਲੀ ਬਾਰਡਰ 'ਤੇ ਭਾਰੀ ਵਾਹਨਾਂ ਦੀ ਨੋ ਐਂਟਰੀ: ਜ਼ਰੂਰੀ ਸੇਵਾਵਾਂ ਅਤੇ ਏਅਰਪੋਰਟ ਯਾਤਰੀਆਂ ਨੂੰ ਛੋਟ; ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਦਾ ਪਲਾਨ ਜਾਰੀ

ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਦਿੱਲੀ-NCR ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਦਿੱਲੀ ਵਿੱਚ ਭਾਰੀ ਅਤੇ ਕਮਰਸ਼ੀਅਲ ਵਾਹਨਾਂ ਦੀ ਐਂਟਰੀ 'ਤੇ ਦੋ ਪੜਾਵਾਂ ਵਿੱਚ ਪਾਬੰਦੀ ਲਗਾਈ ਹੈ।

Edited By: Lajwinder Kaur | Updated at: August 12th 2026 02:55 PM
Trending News
ਗੁਰੂਗ੍ਰਾਮ-ਦਿੱਲੀ ਬਾਰਡਰ 'ਤੇ ਭਾਰੀ ਵਾਹਨਾਂ ਦੀ ਨੋ ਐਂਟਰੀ: ਜ਼ਰੂਰੀ ਸੇਵਾਵਾਂ ਅਤੇ ਏਅਰਪੋਰਟ ਯਾਤਰੀਆਂ ਨੂੰ ਛੋਟ; ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਦਾ ਪਲਾਨ ਜਾਰੀ

ਗੁਰੂਗ੍ਰਾਮ-ਦਿੱਲੀ ਬਾਰਡਰ 'ਤੇ ਭਾਰੀ ਵਾਹਨਾਂ ਦੀ ਨੋ ਐਂਟਰੀ: ਜ਼ਰੂਰੀ ਸੇਵਾਵਾਂ ਅਤੇ ਏਅਰਪੋਰਟ ਯਾਤਰੀਆਂ ਨੂੰ ਛੋਟ; ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਦਾ ਪਲਾਨ ਜਾਰੀ

ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦਿੱਲੀ-NCR ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਆਜ਼ਾਦੀ ਦਿਹਾੜੇ ਦੇ ਮੁੱਖ ਸਮਾਗਮ ਅਤੇ ਫੁੱਲ-ਡਰੈੱਸ ਰਿਹਰਸਲ ਨੂੰ ਧਿਆਨ ਵਿੱਚ ਰੱਖਦਿਆਂ ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਭਾਰੀ ਅਤੇ ਕਮਰਸ਼ੀਅਲ ਵਾਹਨਾਂ ਦੇ ਦਾਖਲੇ ਲਈ ਇੱਕ ਵਿਸਥਾਰਤ ਟ੍ਰੈਫਿਕ ਐਡਵਾਈਜ਼ਰੀ ਅਤੇ ਰੂਟ ਡਾਇਵਰਸ਼ਨ ਪਲਾਨ ਜਾਰੀ ਕੀਤਾ ਹੈ। ਅੱਜ ਸ਼ਾਮ 5 ਵਜੇ ਤੋਂ ਦਿੱਲੀ ਦੀਆਂ ਸਰਹੱਦਾਂ ਨੂੰ ਭਾਰੀ ਵਾਹਨਾਂ ਲਈ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਵੇਗਾ।

ਇਹ ਪਾਬੰਦੀ ਦੋ ਵੱਖ-ਵੱਖ ਪੜਾਵਾਂ ਵਿੱਚ ਲਾਗੂ

ਦਿੱਲੀ ਵਿੱਚ ਟਰੱਕਾਂ ਅਤੇ ਹੋਰ ਭਾਰੀ ਸਾਮਾਨ ਢੋਣ ਵਾਲੇ ਵਾਹਨਾਂ ਦੇ ਦਾਖਲੇ 'ਤੇ ਇਹ ਪਾਬੰਦੀ ਦੋ ਵੱਖ-ਵੱਖ ਪੜਾਵਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ। ਪਹਿਲਾ ਪੜਾਅ ਅੱਜ ਸ਼ਾਮ 5 ਵਜੇ ਤੋਂ ਸ਼ੁਰੂ ਹੋ ਕੇ ਅਗਲੇ ਦਿਨ ਯਾਨੀ 13 ਅਗਸਤ ਨੂੰ ਦੁਪਹਿਰ 1:30 ਵਜੇ ਤੱਕ ਜਾਰੀ ਰਹੇਗਾ। ਇਹ ਪਾਬੰਦੀ ਮੁੱਖ ਤੌਰ 'ਤੇ 13 ਅਗਸਤ ਦੀ ਸਵੇਰ ਨੂੰ ਲਾਲ ਕਿਲੇ 'ਤੇ ਹੋਣ ਵਾਲੀ ਫੁੱਲ-ਡਰੈੱਸ ਰਿਹਰਸਲ ਨੂੰ ਸੁਰੱਖਿਅਤ ਅਤੇ ਸੁਚਾਰੂ ਬਣਾਉਣ ਲਈ ਲਗਾਈ ਗਈ ਹੈ।

ਜਦਕਿ ਦੂਜਾ ਪੜਾਅ ਮੁੱਖ ਆਜ਼ਾਦੀ ਦਿਹਾੜੇ ਦੇ ਸਮਾਗਮ ਲਈ 14 ਅਗਸਤ ਦੀ ਸ਼ਾਮ 5:00 ਵਜੇ ਤੋਂ ਦੁਬਾਰਾ ਸ਼ੁਰੂ ਹੋਵੇਗਾ, ਜੋ 15 ਅਗਸਤ ਨੂੰ ਦੁਪਹਿਰ 1:30 ਵਜੇ ਤੱਕ ਪ੍ਰਭਾਵੀ ਰਹੇਗਾ। ਇਸ ਦੌਰਾਨ ਰਾਸ਼ਟਰੀ ਰਾਜਮਾਰਗ-48 ਸਮੇਤ ਗੁਰੂਗ੍ਰਾਮ ਤੋਂ ਦਿੱਲੀ ਵਿੱਚ ਦਾਖਲ ਹੋਣ ਵਾਲੇ ਸਾਰੇ ਮੁੱਖ ਬਾਰਡਰਾਂ 'ਤੇ ਟਰੱਕਾਂ ਦੀ ਐਂਟਰੀ 'ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਇਸ ਸਬੰਧੀ ਡੀ.ਸੀ.ਪੀ. ਟ੍ਰੈਫਿਕ ਪ੍ਰਤੀਕ ਗਹਿਲੋਤ ਨੇ ਸਾਰੇ ਅਧਿਕਾਰੀਆਂ ਦੀ ਮੀਟਿੰਗ ਲੈ ਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇਨ੍ਹਾਂ ਵਾਹਨਾਂ ਨੂੰ ਮਿਲੇਗੀ ਪੂਰੀ ਛੋਟ

ਆਮ ਲੋਕਾਂ ਦੀ ਸਹੂਲਤ ਅਤੇ ਸੰਕਟਕਾਲੀਨ ਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਨੇ ਜ਼ਰੂਰੀ ਸੇਵਾਵਾਂ ਨਾਲ ਜੁੜੇ ਵਾਹਨਾਂ ਨੂੰ ਇਸ ਪਾਬੰਦੀ ਤੋਂ ਪੂਰੀ ਤਰ੍ਹਾਂ ਬਾਹਰ ਰੱਖਿਆ ਹੈ। ਦੁੱਧ, ਤਾਜ਼ੇ ਫਲ, ਸਬਜ਼ੀਆਂ, ਦਵਾਈਆਂ ਅਤੇ ਐੱਲ.ਪੀ.ਜੀ. ਸਿਲੰਡਰ ਲੈ ਕੇ ਜਾਣ ਵਾਲੇ ਕਮਰਸ਼ੀਅਲ ਵਾਹਨਾਂ ਨੂੰ ਦਿੱਲੀ ਵਿੱਚ ਬਿਨਾ ਕਿਸੇ ਰੋਕ-ਟੋਕ ਦੇ ਦਾਖਲ ਹੋਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਗੱਡੀਆਂ ਹਮੇਸ਼ਾ ਦੀ ਤਰ੍ਹਾਂ ਆਮ ਵਾਂਗ ਆ-ਜਾ ਸਕਣਗੀਆਂ।

ਏਅਰਪੋਰਟ ਜਾ ਸਕਣਗੇ ਯਾਤਰੀ

ਹਵਾਈ ਯਾਤਰੀਆਂ ਨੂੰ ਅਸੁਵਿਧਾ ਤੋਂ ਬਚਾਉਣ ਲਈ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਜਾਣ ਵਾਲੇ ਨਿੱਜੀ ਅਤੇ ਕਮਰਸ਼ੀਅਲ ਯਾਤਰੀ ਵਾਹਨਾਂ ਨੂੰ NH-48 ਦੇ ਰਸਤੇ ਦਿੱਲੀ ਜਾਣ ਦੀ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਪੁਲਿਸ ਨੇ ਨਿੱਜੀ ਵਾਹਨ ਚਾਲਕਾਂ ਨੂੰ ਬਿਹਤਰ ਆਵਾਜਾਈ ਲਈ ਨਵੇਂ ਦਵਾਰਕਾ ਐਕਸਪ੍ਰੈੱਸਵੇਅ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਹੈ।

ਸਪਲਾਈ ਚੇਨ 'ਤੇ ਪਵੇਗਾ ਅਸਰ

ਦਿੱਲੀ ਦੇ ਖਾਰੀ ਬਾਓਲੀ, ਸਦਰ ਬਾਜ਼ਾਰ ਅਤੇ ਆਜ਼ਾਦਪੁਰ ਸਮੇਤ ਦਰਜਨ ਦੇ ਕਰੀਬ ਥੋਕ ਬਾਜ਼ਾਰਾਂ ਤੋਂ ਰੋਜ਼ਾਨਾ ਸੈਂਕੜੇ ਕੁਇੰਟਲ ਸਾਮਾਨ ਗੁਰੂਗ੍ਰਾਮ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਉਂਦਾ ਹੈ। ਆਜ਼ਾਦੀ ਦਿਹਾੜੇ 'ਤੇ ਸੁਰੱਖਿਆ ਦੇ ਕਾਰਨ ਜਦੋਂ ਟਰੱਕਾਂ ਦੇ ਦਿੱਲੀ ਦਾਖਲ ਹੋਣ 'ਤੇ ਰੋਕ ਲੱਗਦੀ ਹੈ, ਤਾਂ ਪੂਰੀ ਸਪਲਾਈ ਚੇਨ 'ਤੇ ਇਸ ਦਾ ਸਿੱਧਾ ਅਸਰ ਪੈਂਦਾ ਹੈ। ਰੋਜ਼ਾਨਾ ਦੀ ਲੋੜ ਦਾ ਲਗਭਗ 70 ਫੀਸਦੀ ਸਾਮਾਨ ਦਿੱਲੀ ਤੋਂ ਹੀ ਆਉਂਦਾ ਹੈ।

14 ਅਤੇ 16 ਅਗਸਤ ਨੂੰ ਸਾਮਾਨ ਦੀ ਸੁਚਾਰੂ ਸਪਲਾਈ ਬਣਾਏ ਰੱਖਣਾ ਇੱਕ ਵੱਡੀ ਚੁਣੌਤੀ ਬਣ ਜਾਂਦਾ ਹੈ। ਅਜਿਹੇ ਵਿੱਚ ਦੋ ਦਿਨਾਂ ਤੱਕ ਟਰੱਕਾਂ ਦੀ ਐਂਟਰੀ ਬੰਦ ਰਹਿਣ ਨਾਲ ਵਪਾਰੀਆਂ ਅਤੇ ਆਮ ਜਨਤਾ ਦੇ ਸਾਹਮਣੇ ਸਾਮਾਨ ਦੀ ਬਹੁਤ ਵੱਡੀ ਘਾਟ (ਕਿੱਲਤ) ਖੜ੍ਹੀ ਹੋ ਜਾਂਦੀ ਹੈ। ਹਾਲਾਂਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਵਪਾਰੀਆਂ ਅਤੇ ਟ੍ਰਾਂਸਪੋਰਟਰਾਂ ਨੂੰ ਟ੍ਰੈਫਿਕ ਪੁਲਿਸ ਨੇ ਬਦਲ ਸੁਝਾਏ ਹਨ।

ਦੂਜੇ ਰੂਟਾਂ 'ਤੇ ਕੋਈ ਪਾਬੰਦੀ ਨਹੀਂ

ਡੀ.ਸੀ.ਪੀ. ਟ੍ਰੈਫਿਕ ਪ੍ਰਤੀਕ ਗਹਿਲੋਤ ਨੇ ਦੱਸਿਆ ਕਿ ਇਹ ਪਾਬੰਦੀ ਕੇਵਲ ਦਿੱਲੀ ਸਰਹੱਦ ਵਿੱਚ ਦਾਖਲ ਹੋਣ ਵਾਲੇ ਭਾਰੀ ਵਾਹਨਾਂ 'ਤੇ ਹੀ ਲਾਗੂ ਹੈ। ਗੁਰੂਗ੍ਰਾਮ ਤੋਂ ਹੁੰਦੇ ਹੋਏ ਪਲਵਲ, ਨੂੰਹ, ਫਰੀਦਾਬਾਦ, ਝੱਜਰ, ਰੇਵਾੜੀ ਜਾਂ ਗੁਆਂਢੀ ਰਾਜ ਰਾਜਸਥਾਨ ਵੱਲ ਜਾਣ ਵਾਲੇ ਕਿਸੇ ਵੀ ਤਰ੍ਹਾਂ ਦੇ ਵਾਹਨਾਂ 'ਤੇ ਕੋਈ ਪਾਬੰਦੀ ਨਹੀਂ ਰਹੇਗੀ। ਜੈਪੁਰ ਅਤੇ ਰਾਜਸਥਾਨ ਵੱਲੋਂ ਆਉਣ ਵਾਲੇ ਭਾਰੀ ਵਾਹਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਪੰਚਗਾਂਵ ਦੇ ਨੇੜੇ ਹੀ ਕੁੰਡਲੀ-ਮਾਨੇਸਰ-ਪਲਵਲ (KMP) ਐਕਸਪ੍ਰੈੱਸਵੇਅ ਵੱਲ ਡਾਇਵਰਟ ਕਰ ਦਿੱਤਾ ਜਾਵੇਗਾ।

ਬਾਰਡਰ ਅਤੇ ਸੜਕ 'ਤੇ ਖੜ੍ਹੇ ਨਾ ਕਰੋ ਟਰੱਕ

ਉਨ੍ਹਾਂ ਨੇ ਸਾਰੇ ਕਮਰਸ਼ੀਅਲ ਵਾਹਨ ਮਾਲਕਾਂ, ਚਾਲਕਾਂ ਅਤੇ ਟ੍ਰਾਂਸਪੋਰਟ ਯੂਨੀਅਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਟ੍ਰੈਫਿਕ ਵਿਵਸਥਾ ਨੂੰ ਸਫਲ ਬਣਾਉਣ ਵਿੱਚ ਪੁਲਿਸ ਦਾ ਸਹਿਯੋਗ ਕਰਨ। ਉਨ੍ਹਾਂ ਨੇ ਡਰਾਈਵਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨੋ-ਐਂਟਰੀ ਦੇ ਸਮੇਂ ਆਪਣੇ ਭਾਰੀ ਵਾਹਨਾਂ ਨੂੰ ਸੜਕਾਂ 'ਤੇ ਖੜ੍ਹੇ ਕਰਕੇ ਟਰੈਫਿਕ ਜਾਮ ਲਗਾਉਣ ਦੀ ਬਜਾਏ ਨਿਰਧਾਰਿਤ ਪਾਰਕਿੰਗ ਵਾਲੀਆਂ ਥਾਵਾਂ 'ਤੇ ਹੀ ਪਾਰਕ ਕਰਨ, ਤਾਂ ਜੋ ਆਮ ਰਾਹਗੀਰਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਕਿਸੇ ਵੀ ਤਰ੍ਹਾਂ ਦੀ ਸਹਾਇਤਾ ਜਾਂ ਟ੍ਰੈਫਿਕ ਜਾਮ ਦੀ ਸੂਚਨਾ ਲਈ ਨਾਗਰਿਕ ਪੁਲਿਸ ਦੇ ਹੈਲਪਲਾਈਨ ਨੰਬਰ 112 ਜਾਂ 1095 'ਤੇ ਸੰਪਰਕ ਕਰ ਸਕਦੇ ਹਨ।

Punjabi Shorts

Latest News