ਛੱਤੀਸਗੜ੍ਹ ਦੇ ਬਲੋਦ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੁੰਬਈ ਦੀ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਇੰਸਰ ਅਤੇ ਮਹਿਲਾ ਬਾਈਕਰ ਦੀ ਮੌਤ ਹੋਣ ਦੀ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਅਤੇ ਉਸਦੇ ਪ੍ਰਸ਼ੰਸਕਾਂ ਵਿੱਚ ਡੂੰਘਾ ਸੋਗ ਅਤੇ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ। ਮ੍ਰਿਤਕਾ ਦੀ ਪਛਾਣ 24 ਸਾਲਾ ਰਿਧੀ ਠੱਕਰ ਵਜੋਂ ਹੋਈ ਹੈ, ਜੋ ਕਿ ਮੁੰਬਈ ਦੇ ਬੋਰੀਵਲੀ (ਪੱਛਮ) ਦੀ ਰਹਿਣ ਵਾਲੀ ਸੀ। ਸੋਸ਼ਲ ਮੀਡੀਆ ਉੱਤੇ ਰਿਧੀ ਦੀ ਚੰਗੀ ਫੈਨ ਫਾਲਵਿੰਗ ਸੀ। ਉਨ੍ਹਾਂ ਨੇ ਪੋਸਟ ਪਾ ਕੇ ਆਪਣੇ ਇਸ ਸਫਰ ਦੀ ਜਾਣਕਾਰੀ ਵੀ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਸੀ। ਪਰ ਰਿਧੀ ਦਾ ਇਹ ਸਫਰ ਜ਼ਿੰਦਗੀ ਦਾ ਅਖੀਰਲਾ ਸਫਰ ਬਣ ਗਿਆ।
ਕਿਵੇਂ ਵਾਪਰਿਆ ਹਾਦਸਾ?
ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ, ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 6 ਵਜੇ ਰਾਸ਼ਟਰੀ ਰਾਜਮਾਰਗ (NH-30) 'ਤੇ ਪੁਰੂਰ ਥਾਣਾ ਖੇਤਰ ਦੇ ਮਾਰਕਟੋਲਾ ਘਾਟ ਨੇੜੇ ਵਾਪਰਿਆ। ਰਿਧੀ ਠੱਕਰ ਮਹਾਰਾਸ਼ਟਰ ਅਤੇ ਕੁਝ ਹੋਰ ਰਾਜਾਂ ਦੇ ਲਗਭਗ 20 ਮਹਿਲਾ ਮੋਟਰਸਾਈਕਲ ਸਵਾਰਾਂ ਦੇ ਇੱਕ ਸਮੂਹ ਨਾਲ ਬਸਤਰ ਖੇਤਰ ਦੇ ਦੌਰੇ 'ਤੇ ਜਾ ਰਹੀ ਸੀ। ਇਹ ਸਾਰਾ ਗਰੁੱਪ ਪਹਿਲਾਂ ਰਾਏਪੁਰ ਪਹੁੰਚਿਆ ਸੀ ਅਤੇ ਉੱਥੋਂ ਬਸਤਰ ਵੱਲ ਰਵਾਨਾ ਹੋਇਆ ਸੀ।
ਹਾਦਸੇ ਵੇਲੇ ਰਿਧੀ ਆਪਣੀ ਬਜਾਜ ਅਵੈਂਜਰ ਮੋਟਰਸਾਈਕਲ 'ਤੇ ਸਵਾਰ ਸੀ। ਇਸ ਦੌਰਾਨ ਰਸਤੇ ਵਿੱਚ ਇੱਕ ਤੇਜ਼ ਰਫ਼ਤਾਰ ਅਣਪਛਾਤੇ ਭਾਰੀ ਵਾਹਨ (ਟ੍ਰਾਲੇ) ਨੇ ਉਸਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਰਿਧੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਿਸ ਵਿੱਚ ਉਸਦੇ ਪੈਰਾਂ 'ਤੇ ਬਹੁਤ ਗੰਭੀਰ ਸੱਟਾਂ ਲੱਗੀਆਂ। ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਡਰਾਈਵਰ ਆਪਣੇ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਇਲਾਜ ਦੌਰਾਨ ਤੋੜਿਆ ਦਮ
ਘਟਨਾ ਦੀ ਸੂਚਨਾ ਮਿਲਦਿਆਂ ਹੀ ਰਿਧੀ ਦੇ ਨਾਲ ਸਫ਼ਰ ਕਰ ਰਹੇ ਹੋਰ ਬਾਈਕਰ ਸਾਥੀਆਂ ਨੇ ਤੁਰੰਤ ਪੁਲਿਸ ਹੈਲਪਲਾਈਨ 'ਤੇ ਸੰਪਰਕ ਕੀਤਾ। ਮੌਕੇ 'ਤੇ ਪਹੁੰਚੀ ਐਮਰਜੈਂਸੀ ਮਦਦ ਰਾਹੀਂ ਉਸਨੂੰ ਗੁਆਂਢੀ ਕਾਂਕੇਰ ਜ਼ਿਲ੍ਹੇ ਦੇ ਚਾਰਾਮਾ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ ਗਿਆ। ਹਾਲਤ ਦੀ ਗੰਭੀਰਤਾ ਨੂੰ ਦੇਖਦਿਆਂ ਡਾਕਟਰਾਂ ਨੇ ਉਸਨੂੰ ਧਮਤਰੀ ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ।
ਘਟਨਾ ਸਥਾਨ ਰਾਜ ਦੀ ਰਾਜਧਾਨੀ ਰਾਏਪੁਰ ਤੋਂ ਲਗਭਗ 90 ਕਿਲੋਮੀਟਰ ਦੂਰ ਹੈ। ਫ਼ਿਲਹਾਲ, ਪੁਲਿਸ ਨੇ ਮਾਮਲਾ ਦਰਜ ਕਰਕੇ ਫ਼ਰਾਰ ਵਾਹਨ ਅਤੇ ਉਸਦੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਮਹਿਲਾ ਬਾਈਕਰ ਦੀ ਅਚਾਨਕ ਹੋਈ ਇਸ ਮੌਤ ਨਾਲ ਪਰਿਵਾਰ ਅਤੇ ਮੀਡੀਆ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।