Thursday, 9th of July 2026

ਫਿਲਮ 'ਸਤਲੁਜ' ਦਾ ਦੇਸ਼ ਭਰ ਦੇ ਗੁਰੂ-ਘਰਾਂ ‘ਚ ਵਿਸ਼ੇਸ਼ ਪ੍ਰਦਰਸ਼ਨ; ਪੰਜਾਬ ਦੇ ਪਿੰਡਾਂ ‘ਚ ਦਿਖਾਈ ਜਾ ਰਹੀ ‘SATLUJ’, ਪੰਜਾਬੀਆਂ ‘ਚ ਭਾਰੀ ਉਤਸ਼ਾਹ

Edited By: Lajwinder Kaur | Updated at: July 09th 2026 05:18 PM
Trending News
ਫਿਲਮ 'ਸਤਲੁਜ' ਦਾ ਦੇਸ਼ ਭਰ ਦੇ ਗੁਰੂ-ਘਰਾਂ ‘ਚ ਵਿਸ਼ੇਸ਼ ਪ੍ਰਦਰਸ਼ਨ; ਪੰਜਾਬ ਦੇ ਪਿੰਡਾਂ ‘ਚ ਦਿਖਾਈ ਜਾ ਰਹੀ ‘SATLUJ’, ਪੰਜਾਬੀਆਂ ‘ਚ ਭਾਰੀ ਉਤਸ਼ਾਹ

ਫਿਲਮ 'ਸਤਲੁਜ' ਦਾ ਦੇਸ਼ ਭਰ ਦੇ ਗੁਰੂ-ਘਰਾਂ ‘ਚ ਵਿਸ਼ੇਸ਼ ਪ੍ਰਦਰਸ਼ਨ; ਪੰਜਾਬ ਦੇ ਪਿੰਡਾਂ ‘ਚ ਦਿਖਾਈ ਜਾ ਰਹੀ ‘SATLUJ’, ਪੰਜਾਬੀਆਂ ‘ਚ ਭਾਰੀ ਉਤਸ਼ਾਹ

ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ ਸਤਲੁਜ (Satluj) ਦਾ ਖੁਮਾਰ ਪੰਜਾਬੀਆਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਭਾਵੇਂ ਭਾਰਤ ਵਿੱਚ ਸਟ੍ਰੀਮਿੰਗ ਪਲੇਟਫਾਰਮ ਤੋਂ ਇਸ ਫਿਲਮ ਨੂੰ ਹਟਾ ਦਿੱਤਾ ਗਿਆ ਹੈ ਪਰ ਫਿਰ ਵੀ ਫਿਲਮ 'ਸਤਲੁਜ' (SATLUJ) ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਘੱਟਣ ਦੀ ਬਜਾਏ ਹੋਰ ਵਧ ਗਿਆ ਹੈ। ਹੁਣ ਇਹ ਫਿਲਮ ਦੇਸ਼ ਭਰ ਦੇ ਵੱਖ-ਵੱਖ ਗੁਰੂ-ਘਰਾਂ ਵਿੱਚ ਵੱਡੇ ਪੱਧਰ 'ਤੇ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। ਇਹ ਫਿਲਮ ਮਸ਼ਹੂਰ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ਅਤੇ ਉਨ੍ਹਾਂ ਦੀ ਕੁਰਬਾਨੀ ਦੀ ਦਾਸਤਾਨ ਨੂੰ ਬਿਆਨ ਕਰਦੀ ਹੈ। 

ਵੱਖ-ਵੱਖ ਥਾਵਾਂ 'ਤੇ ਫਿਲਮ ਦਾ ਪ੍ਰਦਰਸ਼ਨ

ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਜੰਮੂ ਦੇ ਕਈ ਗੁਰੂ-ਘਰਾਂ ਵਿੱਚ ਇਸ ਫਿਲਮ ਨੂੰ ਦਿਖਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਹਾਲ ਹੀ ਵਿੱਚ, ਮੋਗਾ ਵਿਖੇ ਗੁਰਦੁਆਰਾ ਬੀਬੀ ਕਾਹਨ ਕੌਰ ਜੀ ਵਿਖੇ ਭਾਈ ਰਾਜਵੰਤ ਸਿੰਘ ਮਾਹਲਾ ਜੀ ਦੇ ਵਿਸ਼ੇਸ਼ ਉਪਰਾਲੇ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਇਸ ਫਿਲਮ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਖਾਲਸਾ ਸੇਵਾ ਸੋਸਾਇਟੀ (ਰਜਿ.) ਮੋਗਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੋਗਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਤੋਂ ਇਲਾਵਾ ਪਿੰਡ ਲਾਲਪੁਰ ਵਿੱਚ ਵੀ ਸੰਗਤਾਂ ਲਈ ਇਸ ਫਿਲਮ ਨੂੰ ਦਿਖਾਇਆ ਗਿਆ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿਖਾਈ ਜਾਏਗੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਫਿਲਮ 'ਸਤਲੁਜ' ਵਿਖਾਈ ਜਾਵੇਗੀ। ਇਹ ਫਿਲਮ ਉਸ ਸਮੇਂ ਦੀ ਸਰਕਾਰ ਵੱਲੋਂ ਪੰਜਾਬ ਦੇ ਬੇਕਸੂਰ ਸਿੱਖ ਨੌਜਵਾਨਾਂ ਦੀ ਕੀਤੀ ਗਈ ਨਸਲਕੁਸ਼ੀ ਦੀ ਸੱਚਾਈ ਨੂੰ ਦਰਸਾਉਂਦੀ ਹੈ। ਇਹ ਪ੍ਰੋਗਰਾਮ ਸ਼ੁੱਕਰਵਾਰ, 10 ਜੁਲਾਈ 2026 ਨੂੰ ਸ਼ਾਮ 7:00 ਵਜੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਰੱਖਿਆ ਗਿਆ ਹੈ। ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਫਿਲਮ ਨੂੰ ਦੇਖਣ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ।

ਬੁੜੀਆ ਸਾਹਿਬ ਵਿਖੇ ਹੋਵੇਗਾ ਵਿਸ਼ੇਸ਼ ਪ੍ਰੋਗਰਾਮ

ਇਸੇ ਲੜੀ ਤਹਿਤ ਹੁਣ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਬੁੜੀਆ ਸਾਹਿਬ ਵਿਖੇ ਵੀ ਇੱਕ ਵਿਸ਼ੇਸ਼ ਸਮਾਗਮ ਉਲੀਕਿਆ ਗਿਆ ਹੈ। ਪ੍ਰਬੰਧਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ:

ਸਥਾਨ: ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਬੁੜੀਆ ਸਾਹਿਬ।

ਮਿਤੀ: 12 ਜੁਲਾਈ 2026, ਦਿਨ ਐਤਵਾਰ।

ਸਮਾਂ: ਸ਼ਾਮ 6:00 ਵਜੇ।

ਸਮੂਹ ਪ੍ਰਬੰਧਕਾਂ ਨੇ ਇਲਾਕੇ ਦੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਉਹ ਇਸ ਫਿਲਮ ਰਾਹੀਂ ਜਸਵੰਤ ਸਿੰਘ ਖਾਲੜਾ ਜੀ ਦੀ ਲਾਸਾਨੀ ਕੁਰਬਾਨੀ ਅਤੇ ਇਨਸਾਫ਼ ਲਈ ਕੀਤੇ ਗਏ ਸੰਘਰਸ਼ ਨੂੰ ਜਾਣਨ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ।

ਫਿਲਮ ਦਾ ਮਕਸਦ

'ਸਤਲੁਜ' ਫਿਲਮ ਸਿਰਫ਼ ਇੱਕ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਇਹ ਜਸਵੰਤ ਸਿੰਘ ਖਾਲੜਾ ਦੀ ਉਸ ਵਿਰਾਸਤ ਨੂੰ ਜਿਉਂਦਾ ਰੱਖਣ ਦਾ ਇੱਕ ਯਤਨ ਹੈ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਸੀ। ਸਟ੍ਰੀਮਿੰਗ ਤੋਂ ਹਟਾਏ ਜਾਣ ਤੋਂ ਬਾਅਦ, ਸੰਗਤਾਂ ਵੱਲੋਂ ਆਪਣੇ ਪੱਧਰ 'ਤੇ ਗੁਰੂ-ਘਰਾਂ ਵਿੱਚ ਇਸ ਨੂੰ ਦਿਖਾਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕ ਸੱਚ ਅਤੇ ਇਨਸਾਫ਼ ਦੀ ਆਵਾਜ਼ ਨੂੰ ਦਬਾਉਣ ਨਹੀਂ ਦੇਣਾ ਚਾਹੁੰਦੇ।

ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਇਲਾਕਿਆਂ ਵਿੱਚ ਇਸ ਫਿਲਮ ਦੇ ਪ੍ਰਦਰਸ਼ਨ ਹੋਣਗੇ, ਤਾਂ ਜੋ ਇਹ ਮਹੱਤਵਪੂਰਨ ਇਤਿਹਾਸ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ।

Punjabi Shorts

Latest News