ਪੰਜਾਬੀ ਸੋਸ਼ਲ ਮੀਡੀਆ ਇੰਫਲੂਇੰਸਰ ਦੀ ਦਰਦਨਾਕ ਮੌਤ; PGI ‘ਚ ਤੋੜਿਆ ਦਮ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਇਨਸਾਫ਼ ਦੀ ਮੰਗ…
ਸੋਸ਼ਲ ਮੀਡੀਆ ਉੱਤੇ ਆਪਣੇ ਵਿਵਾਦਾਂ ਅਤੇ ਰੀਲਾਂ ਨੂੰ ਲੈ ਕੇ ਅਕਸਰ ਚਰਚਾ ਵਿੱਚ ਰਹਿਣ ਵਾਲੀ ਮਨਪ੍ਰੀਤ ਕੌਰ ਉਰਫ਼ ਮਨਜੀਤ ਨੂੰ ਲੈ ਕੇ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਅੱਗ ਨਾਲ ਬੁਰੀ ਤਰ੍ਹਾਂ ਝੁਲਸਣ ਕਾਰਨ ਪਿਛਲੇ ਕਰੀਬ 20 ਦਿਨਾਂ ਤੋਂ ਚੰਡੀਗੜ੍ਹ ਦੇ ਪੀਜੀਆਈ (PGI) ਹਸਪਤਾਲ ਵਿੱਚ ਜ਼ੇਰੇ ਇਲਾਜ ਮਨਜੀਤ ਨੇ ਆਖ਼ਰੀ ਸਾਹ ਲੈ ਲਏ ਹਨ। ਇਸ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਵੱਖ-ਵੱਖ ਪਾਸਿਆਂ ਤੋਂ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਉੱਤੇ ਕੁੱਝ ਲੋਕ ਉਸ ਨੂੰ ਪਸੰਦ ਕਰਦੇ ਸੀ ਅਤੇ ਕੁੱਝ ਲੋਕ ਨਾਪਸੰਦ।
ਪੁਰਾਣੇ ਵਿਵਾਦਾਂ ਨਾਲ ਜੁੜਿਆ ਰਿਹਾ ਹੈ ਮਾਮਲਾ
ਜਾਣਕਾਰੀ ਅਨੁਸਾਰ ਮਨਜੀਤ ਕੌਰ ਦਾ ਪਹਿਲਾਂ ਸੁਖਪ੍ਰੀਤ ਸਿੰਘ ਉਰਫ਼ ਸੁੱਖ ਰਤੀਆ ਨਾਲ ਆਪਣੇ ਰਿਸ਼ਤੇ ਅਤੇ ਆਪਸੀ ਵਿਵਾਦਾਂ ਦੇ ਚੱਲਦਿਆਂ ਕਾਫੀ ਨਾਂ ਚਰਚਾ ਵਿੱਚ ਆਇਆ ਸੀ। ਇਸ ਤੋਂ ਬਾਅਦ ਉਸਦੀ ਜ਼ਿੰਦਗੀ ਵਿੱਚ ਵਾਪਰੇ ਇਸ ਭਿਆਨਕ ਹਾਦਸੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਅੱਗ ਲੱਗਣ ਦੀ ਘਟਨਾ ਅਤੇ ਵੱਖ-ਵੱਖ ਦਾਅਵੇ
ਰਿਪੋਰਟਾਂ ਮੁਤਾਬਕ ਮਨਜੀਤ ਕੌਰ ਦੇ ਸਰੀਰ ਅਤੇ ਮੂੰਹ ਨੂੰ ਅੱਗ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ। ਸ਼ੁਰੂਆਤੀ ਤੌਰ 'ਤੇ ਸਾਹਮਣੇ ਆਇਆ ਸੀ ਕਿ ਉਸ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਉਸਨੂੰ ਕਥਿਤ ਤੌਰ 'ਤੇ ਗੱਡੀ ਵਿੱਚੋਂ ਉਤਾਰ ਕੇ ਅਤੇ ਦਰੱਖ਼ਤ ਨਾਲ ਬੰਨ੍ਹ ਕੇ ਪੈਟਰੋਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਇਸ ਮਾਮਲੇ ਵਿੱਚ ਦੂਜੇ ਪਾਸੇ ਇਹ ਖ਼ਬਰਾਂ ਵੀ ਸਾਹਮਣੇ ਆਈਆਂ ਕਿ ਉਸਨੇ ਖ਼ੁਦ ਆਪਣੇ ਆਪ ਨੂੰ ਅੱਗ ਲਗਾਈ ਸੀ। ਇਸ ਘਟਨਾ ਨਾਲ ਜੁੜੇ ਕੁਝ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਏ ਸਨ, ਜਿਨ੍ਹਾਂ ਨੇ ਮਾਮਲੇ ਨੂੰ ਹੋਰ ਰਹੱਸਮਈ ਬਣਾ ਦਿੱਤਾ।

ਸੋਸ਼ਲ ਮੀਡੀਆ 'ਤੇ ਇਨਸਾਫ਼ ਦੀ ਮੰਗ
ਮਨਜੀਤ ਕੌਰ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਪ੍ਰਤੀਕਰਮਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਮਨੀਸ਼ਾ ਦੇਵਾ ਨਾਂ ਦੀ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਇਸ ਬਾਰੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਮਨਜੀਤ ਕੌਰ (ਜੋ ਇੰਸਟਾਗ੍ਰਾਮ ਵਾਲੀ ਕੁੜੀ ਸੀ) ਨੇ ਆਪਣਾ ਦਮ ਤੋੜ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜੇਕਰ ਮਨਜੀਤ ਨਾਲ ਕੁਝ ਗ਼ਲਤ ਹੋਇਆ ਹੈ ਤਾਂ ਉਸ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ, ਪਰ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕਿਸੇ ਬੇਗੁਨਾਹ ਇਨਸਾਨ ਨੂੰ ਸਜ਼ਾ ਨਾ ਮਿਲੇ।

ਸੋਸ਼ਲ ਮੀਡੀਆ ਇੰਫਲੂਇੰਸਰ ਗਿੱਲ ਮੋਹਾਲੀ ਵਾਲੇ ਵੱਲੋਂ ਵੀ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਪਾ ਕੇ ਪੁਸ਼ਟੀ ਕੀਤੀ ਹੈ ਕਿ ਮਨਜੀਤ ਇਸ ਦੁਨੀਆ ਤੋਂ ਰੁਖਸਤ ਹੋ ਗਈ ਹੈ। ਗਿੱਲ ਮੋਹਾਲੀ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਤੇ RIP ਲਿਖਿਆ ਹੈ।

ਫ਼ਿਲਹਾਲ ਇਸ ਦੁਖਦਾਈ ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਸੱਚਾਈ ਸਾਹਮਣੇ ਆ ਸਕੇ।