ਮਿਊਜ਼ਿਕ ਜਗਤ ਤੋਂ ਦੁਖਦਾਇਕ ਖਬਰ! ਭਰੀ ਜਵਾਨੀ ‘ਚ ਗਾਇਕ ਦੀ ਹਾਰਟ ਅਟੈਕ ਨਾਲ ਮੌਤ, ਪਤਨੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ…
ਮਨੋਰੰਜਨ ਜਗਤ ਤੋਂ ਬਹੁਤ ਹੀ ਦੁਖਦਾਇਕ ਭਰੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਹਰਿਆਣਵੀ ਲੋਕ ਕਲਾਕਾਰ ਅਤੇ ਰਾਗਨੀ ਗਾਇਕ ਪੈਪਸੀ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਚਾਨਕ ਛਾਤੀ ਵਿੱਚ ਦਰਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੈਪਸੀ ਸ਼ਰਮਾ 38 ਸਾਲ ਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ 10 ਸਾਲ ਦੀ ਬੇਟੀ ਅਤੇ 7 ਸਾਲ ਦਾ ਬੇਟਾ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਮਿਊਜ਼ਿਕ ਜਗਤ ਦੇ ਵਿੱਚ ਵੀ ਸੋਗ ਦੀ ਲਹਿਰ ਛਾ ਗਈ।
ਪੈਪਸੀ ਨਾਂਅ ਤੋਂ ਖੱਟੀ ਪ੍ਰਸਿੱਧੀ
ਉਨ੍ਹਾਂ ਦਾ ਅਸਲੀ ਨਾਂ ਯਸ਼ਪਾਲ ਸ਼ਰਮਾ ਸੀ, ਪਰ ਉਹ ਸਟੇਜ 'ਤੇ ਪੈਪਸੀ ਸ਼ਰਮਾ ਦੇ ਨਾਂ ਨਾਲ ਮਸ਼ਹੂਰ ਹੋਏ। ਉਹ ਮੂਲ ਰੂਪ ਵਿੱਚ ਗਾਜ਼ੀਆਬਾਦ ਦੇ ਪਤਲਾ ਪਿੰਡ ਦੇ ਰਹਿਣ ਵਾਲੇ ਸਨ। ਹਰਿਆਣਾ ਤੋਂ ਇਲਾਵਾ ਉਨ੍ਹਾਂ ਨੇ ਉੱਤਰ ਪ੍ਰਦੇਸ਼ ਅਤੇ ਦਿੱਲੀ ਐਨਸੀਆਰ ਵਿੱਚ ਸਟੇਜ ਪ੍ਰਦਰਸ਼ਨਾਂ ਰਾਹੀਂ ਆਪਣੀ ਇੱਕ ਖਾਸ ਪਛਾਣ ਬਣਾਈ ਸੀ। ਹਰਿਆਣਾ ਵਿੱਚ ਗਊਸ਼ਾਲਾਵਾਂ ਵਿੱਚ ਹੋਣ ਵਾਲੇ ਰਾਗਨੀ ਮੁਕਾਬਲਿਆਂ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹਿੰਦੀ ਸੀ।
ਦਰਸ਼ਕਾਂ ਦੇ ਦਿਲਾਂ ‘ਤੇ ਕੀਤਾ ਰਾਜ
ਉਨ੍ਹਾਂ ਦੀ ਪਛਾਣ ਸਿਰਫ਼ ਇੱਕ ਗਾਇਕ ਵਜੋਂ ਹੀ ਨਹੀਂ, ਸਗੋਂ ਸਟੇਜ 'ਤੇ ਆਪਣੇ ਮਜ਼ਾਕੀਆ ਅੰਦਾਜ਼ ਅਤੇ ਕਾਮਿਕ ਟਾਈਮਿੰਗ ਲਈ ਵੀ ਸੀ। ਰਾਗਨੀ ਦੇ ਪ੍ਰੋਗਰਾਮਾਂ ਦੌਰਾਨ ਉਹ ਦਰਸ਼ਕਾਂ ਨੂੰ ਹਸਾਉਣ ਅਤੇ ਉਨ੍ਹਾਂ ਦਾ ਮਨੋਰੰਜਨ ਕਰਨ ਦੀ ਇੱਕ ਅਨੋਖੀ ਕਲਾ ਰੱਖਦੇ ਸਨ।

ਸਪਨਾ ਚੌਧਰੀ ਦੇ ਨਾਲ ਕਈ ਸਟੇਜਾਂ ਕੀਤੀਆਂ ਸਾਂਝੀਆਂ
ਮਸ਼ਹੂਰ ਹਰਿਆਣਵੀ ਸਟੇਜ ਪਰਫਾਰਮਰ ਸਪਨਾ ਚੌਧਰੀ ਨਾਲ ਉਨ੍ਹਾਂ ਦੇ ਕਈ ਪ੍ਰੋਗਰਾਮ ਹੋਏ। ਇੱਕ ਵਾਰ ਸਟੇਜ 'ਤੇ ਨਾਗਿਨ ਡਾਂਸ ਵਿੱਚ ਉਨ੍ਹਾਂ ਨੇ ਸਪਨਾ ਚੌਧਰੀ ਨੂੰ ਵੀ ਮਾਤ ਦੇ ਦਿੱਤੀ ਸੀ। ਇਸ ਵੀਡੀਓ ਨੂੰ ਇੱਕ ਮਿਊਜ਼ਿਕ ਕੰਪਨੀ ਨੇ ਰਿਲੀਜ਼ ਕੀਤਾ ਸੀ, ਜਿਸ ਨੂੰ 6 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ।
ਛੇ ਭਰਾਵਾਂ ਵਿੱਚ ਸਭ ਤੋਂ ਛੋਟੇ ਸਨ ਪੈਪਸੀ ਸ਼ਰਮਾ
ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਯਸ਼ਪਾਲ ਸ਼ਰਮਾ ਉਰਫ਼ ਪੈਪਸੀ ਸ਼ਰਮਾ ਛੇ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਉਨ੍ਹਾਂ ਦਾ ਇੱਕ ਭਰਾ ਅਧਿਆਪਕ ਹੈ, ਜਦਕਿ ਬਾਕੀ ਭਰਾ ਵੱਖ-ਵੱਖ ਕਾਰੋਬਾਰਾਂ ਨਾਲ ਜੁੜੇ ਹੋਏ ਹਨ। ਪਰਿਵਾਰ ਦੇ ਨਾਲ ਰਹਿੰਦੇ ਹੋਏ ਵੀ ਉਨ੍ਹਾਂ ਨੇ ਸੰਗੀਤ ਦੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਅਤੇ ਹਰਿਆਣਵੀ ਲੋਕ ਸੱਭਿਆਚਾਰ ਨੂੰ ਅੱਗੇ ਵਧਾਉਣ ਵਿੱਚ ਵੱਡਾ ਯੋਗਦਾਨ ਪਾਇਆ।
ਬਚਪਨ ਤੋਂ ਹੀ ਗਾਇਕੀ ਅਤੇ ਹਰਿਆਣਵੀ ਸੱਭਿਆਚਾਰ ਨਾਲ ਸੀ ਲਗਾਅ
ਪੈਪਸੀ ਸ਼ਰਮਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਉੱਤਰ ਪ੍ਰਦੇਸ਼ ਦੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਖਾਸ ਤੌਰ 'ਤੇ ਹਰਿਆਣਵੀ ਗੀਤਾਂ ਅਤੇ ਲੋਕ ਸੱਭਿਆਚਾਰ ਨਾਲ ਡੂੰਘਾ ਲਗਾਅ ਸੀ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਆਪਣੇ ਜ਼ਿਆਦਾਤਰ ਗੀਤ ਅਤੇ ਪੇਸ਼ਕਾਰੀਆਂ ਹਰਿਆਣਵੀ ਭਾਸ਼ਾ ਵਿੱਚ ਦਿੱਤੀਆਂ। ਆਪਣੀ ਦਮਦਾਰ ਆਵਾਜ਼ ਅਤੇ ਰਵਾਇਤੀ ਰਾਗਨੀਆਂ ਕਾਰਨ ਉਹ ਹਰਿਆਣਾ ਦੇ ਲੋਕ ਸੰਗੀਤ ਪ੍ਰੇਮੀਆਂ ਵਿੱਚ ਇੱਕ ਬਹੁਤ ਹੀ ਮਕਬੂਲ ਨਾਂ ਬਣ ਗਏ ਸਨ।
ਘਰਦਿਆਂ ਨੂੰ ਦੱਸੇ ਬਿਨਾਂ ਸ਼ੁਰੂ ਕੀਤਾ ਸੀ ਗਾਉਣਾ, ਟੀਵੀ ਤੋਂ ਲੱਗੀ ਸੀ ਖ਼ਬਰ
ਪੈਪਸੀ ਸ਼ਰਮਾ ਦੇ ਭਰਾ ਨੇ ਦੱਸਿਆ ਕਿ ਕਰੀਬ 20 ਸਾਲ ਪਹਿਲਾਂ ਪੈਪਸੀ ਨੇ ਪਰਿਵਾਰ ਨੂੰ ਦੱਸੇ ਬਿਨਾਂ ਗਾਉਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਪਹਿਲੀ ਵਾਰ ਉਨ੍ਹਾਂ ਦਾ ਪ੍ਰੋਗਰਾਮ ਟੈਲੀਵਿਜ਼ਨ 'ਤੇ ਪ੍ਰਸਾਰਿਤ ਹੋਇਆ, ਤਾਂ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਲੋਕਾਂ ਰਾਹੀਂ ਇਸ ਬਾਰੇ ਪਤਾ ਲੱਗਾ। ਉਦੋਂ ਤੱਕ ਯਸ਼ਪਾਲ ਸ਼ਰਮਾ ਹਰਿਆਣਵੀ ਗਾਇਕ ਵਜੋਂ ਆਪਣੀ ਪਛਾਣ ਬਣਾ ਚੁੱਕੇ ਸਨ।
'ਪਤਲਾ ਦੁਪੱਟਾ ਤੇਰਾ ਮੂੰਹ ਦਿਖਯੈ' ਗੀਤ ਨਾਲ ਹੋਏ ਮਸ਼ਹੂਰ
ਪੈਪਸੀ ਸ਼ਰਮਾ ਨੇ ਹਰਿਆਣਵੀ ਸੰਗੀਤ ਜਗਤ ਦੇ ਕਈ ਪ੍ਰਸਿੱਧ ਕਲਾਕਾਰਾਂ ਨਾਲ ਲੰਬੇ ਸਮੇਂ ਤੱਕ ਕੰਮ ਕੀਤਾ। ਉਨ੍ਹਾਂ ਨੇ ਹਰਿਆਣਵੀ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਨਾਲ ਕਈ ਲਾਈਵ ਸਟੇਜ ਸ਼ੋਅ ਕੀਤੇ, ਜਦਕਿ ਹਰਿਆਣਵੀ ਗਾਇਕਾ ਰਾਜਬਾਲਾ ਨਾਲ ਵੀ ਕਈ ਰਾਗਨੀਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਆਪਣੀ ਗਾਇਕੀ ਦਾ ਜਾਦੂ ਬਿਖੇਰਿਆ।
ਪੈਪਸੀ ਸ਼ਰਮਾ ਦੀਆਂ ਕਈ ਰਾਗਨੀਆਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਖਾਸ ਤੌਰ 'ਤੇ 'ਪਤਲਾ ਦੁਪੱਟਾ ਤੇਰਾ ਮੂੰਹ ਦਿਖਯੈ' ਗੀਤ ਬਹੁਤ ਹਿੱਟ ਰਿਹਾ ਸੀ। ਇਸ ਰਾਗਨੀ 'ਤੇ ਸਪਨਾ ਚੌਧਰੀ ਨੇ ਕਈ ਸਟੇਜਾਂ 'ਤੇ ਡਾਂਸ ਪਰਫਾਰਮੈਂਸ ਦਿੱਤੀ ਸੀ, ਜਿਸ ਨੂੰ 15 ਮਿਲੀਅਨ (ਡੇਢ ਕਰੋੜ) ਤੋਂ ਵੱਧ ਵਾਰ ਦੇਖਿਆ ਗਿਆ ਸੀ।