ਮਈ ਮਹੀਨਾ ਅਜੇ ਖਤਮ ਵੀ ਨਹੀਂ ਹੋਇਆ ਤੇ ਬੈਕ-ਟੂ-ਬੈਕ ਮਹਿੰਗਾਈ ਦੇ ਝਟਕੇ ਆਮ ਜਨਤਾ ਨੂੰ ਲੱਗ ਰਹੇ ਹਨ। ਮਈ ਮਹੀਨੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਮਹੀਨੇ ਇਹ ਤੀਜੀ ਵਾਰ ਹੈ ਜਦੋਂ ਤੇਲ ਕੰਪਨੀਆਂ ਨੇ ਈਂਧਣ ਦੇ ਦਾਮ ਵਧਾਏ ਹਨ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਸ਼ਨੀਵਾਰ ਸਵੇਰੇ ਇੱਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਸੇ ਹਫ਼ਤੇ ਪੈਟਰੋਲ 87 ਪੈਸੇ ਮਹਿੰਗਾ ਹੋਇਆ ਸੀ, ਜਦੋਂ ਕਿ 15 ਮਈ ਨੂੰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੋਵਾਂ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵੱਡਾ ਵਾਧਾ ਕੀਤਾ ਸੀ। ਜਿਵੇਂ-ਜਿਵੇਂ ਤੇਲ ਦੇ ਦਾਮ ਵਧ ਰਹੇ ਹਨ, ਉਵੇਂ ਹੀ ਆਮ ਲੋਕਾਂ ਦੀ ਪਰੇਸ਼ਾਨੀ ਵੀ ਵਧਦੀ ਜਾ ਰਹੀ ਹੈ ਅਤੇ ਇਸ ਵਾਧੇ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ੍ਹ 'ਤੇ ਪੈ ਰਿਹਾ ਹੈ।
ਮੋਹਾਲੀ 'ਚ ਪੈਟਰੋਲ ਸਭ ਤੋਂ ਮਹਿੰਗਾ, ਜਨਤਾ ਪਰੇਸ਼ਾਨ
ਪੰਜਾਬ ਅਤੇ ਚੰਡੀਗੜ੍ਹ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਪੈਟਰੋਲ ਦੇ ਦਾਮ ਵਿੱਚ ਤਕਰੀਬਨ 87 ਪੈਸੇ ਅਤੇ ਡੀਜ਼ਲ ਵਿੱਚ 91 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਮੋਹਾਲੀ ਵਿੱਚ ਪੈਟਰੋਲ ਦੀ ਕੀਮਤ ਸਭ ਤੋਂ ਵੱਧ 103.39 ਰੁਪਏ ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ 15 ਮਈ ਅਤੇ 19 ਮਈ ਨੂੰ ਵੀ ਕੀਮਤਾਂ ਵਧਾਈਆਂ ਗਈਆਂ ਸਨ, ਯਾਨੀ ਮਹਿਜ਼ 9 ਦਿਨਾਂ ਦੇ ਅੰਦਰ ਲੋਕਾਂ ਨੂੰ ਮਹਿੰਗੇ ਫਿਊਲ ਦਾ ਇਹ ਤੀਜਾ ਝਟਕਾ ਲੱਗਿਆ ਹੈ।
ਹੁਣ ਚੰਡੀਗੜ੍ਹ ਵਿੱਚ ਪੈਟਰੋਲ 98.93 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 86.93 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਦੱਸ ਦੇਈਏ ਕਿ 15 ਮਈ ਤੋਂ ਪਹਿਲਾਂ ਡੀਜ਼ਲ 82.45 ਰੁਪਏ ਪ੍ਰਤੀ ਲੀਟਰ ਸੀ, ਜੋ ਹੁਣ ਤੱਕ ਲਗਭਗ 4 ਰੁਪਏ ਮਹਿੰਗਾ ਹੋ ਚੁੱਕਾ ਹੈ। ਦੂਜੇ ਪਾਸੇ, ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਵੀ ਤੇਲ ਦੀਆਂ ਕੀਮਤਾਂ ਵਧੀਆਂ ਹਨ, ਜਿੱਥੇ ਹੁਣ ਪੈਟਰੋਲ 100 ਰੁਪਏ 14 ਪੈਸੇ ਅਤੇ ਡੀਜ਼ਲ 92 ਰੁਪਏ 17 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ।
ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋਣ ਦਾ ਸਿੱਧਾ ਅਸਰ ਟ੍ਰਾਂਸਪੋਰਟ ਸੈਕਟਰ 'ਤੇ ਪੈਂਦਾ ਹੈ। ਸ਼ਹਿਰ ਵਿੱਚ ਟੈਕਸੀ, ਆਟੋ ਅਤੇ ਮਾਲ ਢੋਆ-ਢੁਆਈ ਦੇ ਕਿਰਾਏ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਬਜ਼ੀਆਂ, ਰਾਸ਼ਨ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਕਾਰਨ ਮਾਲ ਢੋਣ ਦੀ ਲਾਗਤ (ਖ਼ਰਚਾ) ਲਗਾਤਾਰ ਵਧ ਰਹੀ ਹੈ। ਜਿਸ ਨਾਲ ਚੀਜ਼ਾਂ ਦੀਆਂ ਕੀਮਤਾਂ ਵੀ ਵਧਣਗੀਆਂ।
ਦੇਸ਼ ਦੇ ਪ੍ਰਮੁੱਖ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ ਪੈਟਰੋਲ 99.51 ਰੁਪਏ ਅਤੇ ਡੀਜ਼ਲ 92.49 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ 108.49 ਰੁਪਏ ਅਤੇ ਡੀਜ਼ਲ ਦੀ ਕੀਮਤ 95.02 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਕੋਲਕਾਤਾ ਵਿੱਚ ਪੈਟਰੋਲ 110.64 ਰੁਪਏ ਅਤੇ ਡੀਜ਼ਲ 97.02 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ, ਜਦੋਂ ਕਿ ਚੇਨਈ ਵਿੱਚ ਲੋਕਾਂ ਨੂੰ ਪੈਟਰੋਲ ਲਈ 105.31 ਰੁਪਏ ਅਤੇ ਡੀਜ਼ਲ ਲਈ 96.98 ਰੁਪਏ ਪ੍ਰਤੀ ਲੀਟਰ ਖ਼ਰਚਣੇ ਪੈ ਰਹੇ ਹਨ।
ਆਮ ਆਦਮੀ 'ਤੇ ਵਧੇਗਾ ਬੋਝ
ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋਣ ਦਾ ਅਸਰ ਸਿਰਫ਼ ਗੱਡੀਆਂ ਚਲਾਉਣ ਵਾਲਿਆਂ ਤੱਕ ਹੀ ਸੀਮਤ ਨਹੀਂ ਰਹਿੰਦਾ। ਟ੍ਰਾਂਸਪੋਰਟ (ਭਾੜਾ) ਮਹਿੰਗਾ ਹੋਣ ਕਾਰਨ ਫਲ-ਸਬਜ਼ੀਆਂ, ਦੁੱਧ, ਰਾਸ਼ਨ ਅਤੇ ਰੋਜ਼ਾਨਾ ਦੀ ਲੋੜ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ। ਅਜਿਹੇ ਹਾਲਾਤ ਵਿੱਚ, ਆਉਣ ਵਾਲੇ ਦਿਨਾਂ ਅੰਦਰ ਮਹਿੰਗਾਈ ਹੋਰ ਜ਼ਿਆਦਾ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।