Wednesday, 7th of October 2026

ਅੰਮ੍ਰਿਤਸਰ ‘ਚ ਕੱਢੀ ਗਈ 'ਸੇਵਾ ਜੋਤੀ ਯਾਤਰਾ': ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ PM ਮੋਦੀ ਦੇ 25 ਸਾਲਾਂ ਦੇ ਸਫ਼ਰ ਨੂੰ ਕੀਤਾ ਸਿਜਦਾ

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅੰਮ੍ਰਿਤਸਰ ਵਿੱਚ ‘ਸੇਵਾ ਜੋਤੀ ਯਾਤਰਾ’ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 25 ਸਾਲਾਂ ਦੇ ਸੇਵਾ ਅਤੇ ਸ਼ਾਸਨਕਾਲ ਨੇ ਦੇਸ਼ ਵਿੱਚ ਆਤਮਵਿਸ਼ਵਾਸ ਤੇ ਲੋਕ ਭਾਗੀਦਾਰੀ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਪੰਜਾਬ ਦੀ ਕਰਜ਼ੇ, ਨਸ਼ਿਆਂ ਅਤੇ ਜਲ ਸੰਕਟ ਵਰਗੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਨੂੰ ਵਿਕਾਸ, ਰੁਜ਼ਗਾਰ ਅਤੇ ਜਵਾਬਦੇਹ ਸ਼ਾਸਨ ਦੀ ਲੋੜ ਹੈ। ਸੰਧੂ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਮੌਕਾ ਦੇਣ ਦੀ ਅਪੀਲ ਵੀ ਕੀਤੀ।

Edited By: Lajwinder Kaur | Updated at:
ਅੰਮ੍ਰਿਤਸਰ ‘ਚ ਕੱਢੀ ਗਈ 'ਸੇਵਾ ਜੋਤੀ ਯਾਤਰਾ': ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ PM ਮੋਦੀ ਦੇ 25 ਸਾਲਾਂ ਦੇ ਸਫ਼ਰ ਨੂੰ ਕੀਤਾ ਸਿਜਦਾ

ਅੰਮ੍ਰਿਤਸਰ ‘ਚ ਕੱਢੀ ਗਈ 'ਸੇਵਾ ਜੋਤੀ ਯਾਤਰਾ': ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ PM ਮੋਦੀ ਦੇ 25 ਸਾਲਾਂ ਦੇ ਸਫ਼ਰ ਨੂੰ ਕੀਤਾ ਸਿਜਦਾ

“ਕਿਸੇ ਰਾਸ਼ਟਰ ਦੀ ਤਰੱਕੀ ਦੀ ਸਭ ਤੋਂ ਮਜ਼ਬੂਤ ਨੀਂਹ ਉਸ ਦੇ ਨਾਗਰਿਕਾਂ ਦਾ ਜਾਗਿਆ ਸਵੈਮਾਣ, ਆਪਣੀ ਸਮਰੱਥਾ ਉੱਤੇ ਭਰੋਸਾ ਅਤੇ ਭਵਿੱਖ ਘੜਨ ਦਾ ਸਾਂਝਾ ਸੰਕਲਪ ਹੁੰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਆਪਣੇ 25 ਸਾਲਾਂ ਦੇ ਸੇਵਾ ਅਤੇ ਸ਼ਾਸਨ ਦੇ ਸਫ਼ਰ ਦੌਰਾਨ ਭਾਰਤ ਦੀ ਇਸੇ ਤਾਕਤ ਨੂੰ ਜਗਾਇਆ ਹੈ। ਉਨ੍ਹਾਂ ਨੇ ਰਾਸ਼ਟਰੀ ਚੇਤਨਾ ਨੂੰ ਲੋਕ ਭਾਗੀਦਾਰੀ ਨਾਲ ਜੋੜਦਿਆਂ ਦੇਸ਼ ਨੂੰ ਨਵੀਂ ਦਿਸ਼ਾ ਅਤੇ 2047 ਤੱਕ ਵਿਕਸਿਤ ਰਾਸ਼ਟਰ ਬਣਨ ਲਈ ਸਪਸ਼ਟ  ਮਾਰਗ ਦਿੱਤਾ ਹੈ।” ਇਹ ਵਿਚਾਰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅੱਜ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਆਪਣੀ ਅਗਵਾਈ ਹੇਠ ਕੱਢੀ ਗਈ ‘ਸੇਵਾ ਜੋਤੀ ਯਾਤਰਾ’ ਦੌਰਾਨ ਪ੍ਰਗਟ ਕੀਤੇ।

ਸ਼੍ਰੀ ਨਰਿੰਦਰ ਮੋਦੀ ਵੱਲੋਂ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਰਕਾਰ ਦੇ ਮੁਖੀ ਦੇ ਅਹੁਦੇ ਉੱਤੇ ਕੁੱਲ 25 ਸਾਲ ਪੂਰੇ ਕਰਨ ਨੂੰ ਸਮਰਪਿਤ ਇਸ ਮਸ਼ਾਲ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ, ਕਾਰਕੁਨਾਂ ਅਤੇ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦਾ ਇਹ ਸ਼ਾਸਨਕਾਲ 7 ਅਕਤੂਬਰ 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣ ਨਾਲ ਸ਼ੁਰੂ ਹੋਇਆ ਸੀ।

ਸੰਧੂ ਨੇ ਕਿਹਾ, “ਇੱਕ ਸਦੀ ਦਾ ਚੌਥਾ ਹਿੱਸਾ ਲੋਕ ਸੇਵਾ ਨੂੰ ਸਮਰਪਿਤ ਕਰਦਿਆਂ ਮੋਦੀ ਨੇ ਸ਼ਾਸਨ ਨੂੰ ਰਾਸ਼ਟਰ ਨਿਰਮਾਣ ਦੇ ਵੱਡੇ ਸੰਕਲਪ ਨਾਲ ਜੋੜਿਆ ਹੈ। ਯੁੱਗ ਪੁਰਸ਼ ਦੀ ਪਛਾਣ ਉਸ ਦੀ ਅਗਵਾਈ ਦੇ ਉਸ ਪ੍ਰਭਾਵ ਨਾਲ ਹੁੰਦੀ ਹੈ ਜੋ ਆਪਣੇ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਦਿਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਰਾਹ ਖੋਲ੍ਹਦਾ ਹੈ। ਮੋਦੀ ਨੇ ਆਮ ਭਾਰਤੀ ਅੰਦਰ ਇਹ ਵਿਸ਼ਵਾਸ ਪੱਕਾ ਕੀਤਾ ਹੈ ਕਿ ਉਸ ਦੀ ਕਿਰਤ, ਉਸ ਦਾ ਹੁਨਰ ਅਤੇ ਉਸ ਦੀ ਪਹਿਲ ਦੇਸ਼ ਦਾ ਭਵਿੱਖ ਘੜ ਸਕਦੇ ਹਨ। ‘ਰਾਸ਼ਟਰ ਪਹਿਲਾਂ’ ਦੀ ਸੋਚ ਉਨ੍ਹਾਂ ਦੀ ਅਗਵਾਈ ਦਾ ਮੂਲ ਆਧਾਰ ਹੈ।”

ਭਾਰਤ ਦੀ ਵਧਦੀ ਆਰਥਿਕ ਸਮਰੱਥਾ ਦਾ ਜ਼ਿਕਰ ਕਰਦਿਆਂ ਸੰਧੂ ਨੇ ਕਿਹਾ ਕਿ ਵਿੱਤੀ ਸਾਲ 2024 ਤੋਂ 2025 ਦੌਰਾਨ ਦੇਸ਼ ਦੀ ਵਸਤਾਂ ਅਤੇ ਸੇਵਾਵਾਂ ਦੀ ਕੁੱਲ ਬਰਾਮਦ ਰਿਕਾਰਡ 825.3 ਅਰਬ ਅਮਰੀਕੀ ਡਾਲਰ ਤੱਕ ਪਹੁੰਚੀ। ਉਨ੍ਹਾਂ ਕਿਹਾ ਕਿ ਇਹ ਵਿਸ਼ਵ ਬਾਜ਼ਾਰ ਵਿੱਚ ਭਾਰਤੀ ਉਤਪਾਦਾਂ ਅਤੇ ਸੇਵਾਵਾਂ ਦੀ ਵਧਦੀ ਸਮਰੱਥਾ ਦਾ ਅਹਿਮ ਪ੍ਰਮਾਣ ਹੈ। ਜਨ ਧਨ ਯੋਜਨਾ ਤਹਿਤ 19 ਅਗਸਤ 2026 ਤੱਕ 59.09 ਕਰੋੜ ਬੈਂਕ ਖਾਤੇ ਖੁੱਲ੍ਹੇ, ਜਿਨ੍ਹਾਂ ਵਿੱਚ 32.92 ਕਰੋੜ ਖਾਤੇ ਔਰਤਾਂ ਦੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਬੈਂਕਿੰਗ ਪ੍ਰਣਾਲੀ ਤੱਕ ਪਹੁੰਚ ਨੇ ਆਰਥਿਕ ਸ਼ਮੂਲੀਅਤ ਦਾ ਦਾਇਰਾ ਵਧਾਇਆ ਹੈ।

ਵਿਗਿਆਨਕ ਪ੍ਰਾਪਤੀਆਂ ਬਾਰੇ ਉਨ੍ਹਾਂ ਕਿਹਾ ਕਿ ਚੰਦਰਯਾਨ 3 ਦੀ ਸਫ਼ਲਤਾ ਨਾਲ ਭਾਰਤ ਚੰਦਰਮਾ ਉੱਤੇ ਸੁਰੱਖਿਅਤ ਉਤਰਨ ਵਾਲਾ ਚੌਥਾ ਅਤੇ ਉਸ ਦੇ ਦੱਖਣੀ ਧਰੁਵੀ ਖੇਤਰ ਤੱਕ ਪਹੁੰਚਣ ਵਾਲਾ ਪਹਿਲਾ ਦੇਸ਼ ਬਣਿਆ। “ਲੋਕ ਭਲਾਈ ਤੋਂ ਵਿਗਿਆਨ ਦੇ ਸਿਖਰਾਂ ਤੱਕ ਇਹ ਪ੍ਰਾਪਤੀਆਂ ਸਾਡੇ ਵਿਗਿਆਨੀਆਂ, ਕਿਰਤੀਆਂ ਅਤੇ ਉੱਦਮੀਆਂ ਦੀ ਮਿਹਨਤ ਤੇ ਦੇਸ਼ ਦੇ ਵਧਦੇ ਆਤਮਵਿਸ਼ਵਾਸ ਦੀਆਂ ਮਿਸਾਲਾਂ ਹਨ। ਵਿਕਸਿਤ ਭਾਰਤ ਦਾ ਸੰਕਲਪ ਇਸ ਤਰੱਕੀ ਨੂੰ ਹਰ ਸੂਬੇ, ਹਰ ਪਿੰਡ ਅਤੇ ਹਰ ਪਰਿਵਾਰ ਦੇ ਸਨਮਾਨਜਨਕ ਜੀਵਨ ਨਾਲ ਜੋੜਨ ਦਾ ਸੱਦਾ ਹੈ।”

ਪੰਜਾਬ ਦੇ ਸੰਦਰਭ ਵਿੱਚ ਸੰਧੂ ਨੇ ਕਿਹਾ, “ਦੇਸ਼ ਦੀ ਵਧਦੀ ਆਰਥਿਕ ਸਮਰੱਥਾ ਦੇ ਇਸ ਦੌਰ ਵਿੱਚ ਪੰਜਾਬ ਕਰਜ਼ੇ ਦੇ ਭਾਰੀ ਬੋਝ, ਨਸ਼ਿਆਂ ਦੀ ਮਾਰ ਅਤੇ ਗੰਭੀਰ ਜਲ ਸੰਕਟ ਵਰਗੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ। ਪੰਜ ਪਾਣੀਆਂ ਦੀ ਧਰਤੀ ਦਾ ਜਲ ਸੰਕਟ ਵੱਲ ਵਧਣਾ ਸਾਡੇ ਸਮਿਆਂ ਦੀ ਵੱਡੀ ਵਿਡੰਬਨਾ ਹੈ। ਜਿਸ ਪੰਜਾਬ ਨੇ ਦੇਸ਼ ਦੇ ਅੰਨ ਭੰਡਾਰ ਭਰੇ, ਉਸ ਦੀ ਕਿਸਾਨੀ, ਜਵਾਨੀ ਅਤੇ ਪਾਣੀ ਦਾ ਭਵਿੱਖ ਸੁਰੱਖਿਅਤ ਕਰਨਾ ਸ਼ਾਸਨ ਦੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ।”

ਸੂਬੇ ਦੀ ਆਰਥਿਕ ਸਥਿਤੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਬਜਟ ਅਨੁਮਾਨਾਂ ਅਨੁਸਾਰ ਵਿੱਤੀ ਸਾਲ 2026 ਤੋਂ 2027 ਦੇ ਅੰਤ ਤੱਕ ਪੰਜਾਬ ਦਾ ਕੁੱਲ ਬਕਾਇਆ ਕਰਜ਼ਾ ਲਗਭਗ 4.48 ਲੱਖ ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ, “ਪੰਜਾਬ ਨੂੰ ਕਰਜ਼ੇ ਦੇ ਵਧਦੇ ਬੋਝ ਵਿੱਚੋਂ ਕੱਢਣ ਲਈ ਆਮਦਨ ਦੇ ਪੱਕੇ ਸਰੋਤ, ਉਤਪਾਦਕ ਨਿਵੇਸ਼ ਅਤੇ ਰੁਜ਼ਗਾਰ ਪੈਦਾ ਕਰਨ ਵਾਲੀ ਵਿਕਾਸ ਦਿਸ਼ਾ ਚਾਹੀਦੀ ਹੈ। ਨਸ਼ਾ ਮੁਕਤ ਪੰਜਾਬ ਦਾ ਸੰਕਲਪ ਵੀ ਨੌਜਵਾਨ ਨੂੰ ਸਿਹਤਮੰਦ ਜੀਵਨ, ਹੁਨਰ ਅਤੇ ਰੁਜ਼ਗਾਰ ਦੇ ਮੌਕਿਆਂ ਨਾਲ ਜੋੜ ਕੇ ਹੀ ਸਾਕਾਰ ਹੋਵੇਗਾ।”

ਅਗਲੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਸੰਧੂ ਨੇ ਕਿਹਾ, “ਇਹ ਚੋਣਾਂ ਪੰਜਾਬ ਦਾ ਭਵਿੱਖ ਤੈਅ ਕਰਨ ਦਾ ਅਹਿਮ ਮੌਕਾ ਹੋਣਗੀਆਂ। ਪੰਜਾਬ ਨੂੰ ਇਸ ਬਦਹਾਲੀ ਵਿੱਚੋਂ ਕੱਢਣ ਲਈ ਸਪਸ਼ਟ ਵਿਕਾਸ ਦ੍ਰਿਸ਼ਟੀ, ਜਵਾਬਦੇਹ ਸ਼ਾਸਨ ਅਤੇ ਫ਼ੈਸਲਾਕੁਨ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ। ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਸਿਆਸੀ ਦਾਅਵਿਆਂ ਦੀ ਅਸਲ ਪਰਖ ਕਿਸਾਨ ਦੀ ਖ਼ੁਸ਼ਹਾਲੀ, ਨੌਜਵਾਨ ਦੇ ਭਵਿੱਖ ਅਤੇ ਸੂਬੇ ਦੀ ਆਰਥਿਕ ਮਜ਼ਬੂਤੀ ਤੋਂ ਹੋਵੇਗੀ।”

ਸੰਧੂ ਨੇ ਵਿਸ਼ਵਾਸ ਜਤਾਇਆ ਕਿ ਪੰਜਾਬ ਦੇ ਲੋਕ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸੂਬੇ ਦੀ ਸੇਵਾ ਦਾ ਮੌਕਾ ਦੇਣਗੇ। ਉਨ੍ਹਾਂ ਕਿਹਾ, “ਪੰਜਾਬ ਨੂੰ ਆਪਣੀ ਮੋਹਰੀ ਪਛਾਣ ਮੁੜ ਹਾਸਲ ਕਰਨ ਲਈ ਨਵੀਂ ਰਾਜਨੀਤਿਕ ਦਿਸ਼ਾ ਚਾਹੀਦੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਵਿਕਾਸ ਦ੍ਰਿਸ਼ਟੀ ਨੂੰ ਪੰਜਾਬ ਦੀਆਂ ਲੋੜਾਂ ਅਤੇ ਸਮਰੱਥਾਵਾਂ ਨਾਲ ਜੋੜ ਕੇ ਅਸੀਂ ਖ਼ੁਸ਼ਹਾਲ, ਨਸ਼ਾ ਮੁਕਤ ਅਤੇ ਸਵੈਮਾਣ ਨਾਲ ਭਰਪੂਰ ਪੰਜਾਬ ਦੀ ਉਸਾਰੀ ਕਰ ਸਕਦੇ ਹਾਂ। ਗੁਰੂ ਕੀ ਨਗਰੀ ਤੋਂ ਜਗਾਈ ਇਹ ਸੇਵਾ ਜੋਤੀ ਵਿਕਸਿਤ ਭਾਰਤ ਵਿੱਚ ਪੰਜਾਬ ਦੀ ਮੋਹਰੀ ਭੂਮਿਕਾ ਦਾ ਸੰਕਲਪ ਹੈ।”

ਯਾਤਰਾ ਵਿੱਚ ਭਾਜਪਾ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ, ਗੁਰਪ੍ਰਤਾਪ ਸਿੰਘ ਟਿੱਕਾ, ਡਾ. ਰਾਮ ਚਾਵਲਾ, ਅੰਮ੍ਰਿਤਸਰ ਉੱਤਰੀ ਤੋਂ ਸੁਖਮਿੰਦਰ ਸਿੰਘ ਪਿੰਟੂ ਅਤੇ ਅੰਮ੍ਰਿਤਸਰ ਪੱਛਮੀ ਤੋਂ ਕੁਮਾਰ ਅਮਿਤ ਵਾਲਮੀਕਿ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਕਾਰਕੁਨ ਸ਼ਾਮਲ ਹੋਏ। ਹਾਜ਼ਰੀਨਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਚੰਗੀ ਸਿਹਤ ਅਤੇ ਦੇਸ਼ ਸੇਵਾ ਦੇ ਸਫ਼ਰ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।