ਕੈਨੇਡਾ 'ਚ ਖ਼ਤਰਨਾਕ ਰੇਸਿੰਗ ਕਰਨ ਵਾਲਾ ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਸਕੀ ਮਾਸਕ ਪਾ ਕੇ BMW ਨਾਲ ਲਗਾਉਂਦਾ ਸੀ ਰੇਸ; 3 ਮਹੀਨਿਆਂ ਦੀ ਜਾਂਚ ਮਗਰੋਂ ਪੁਲਿਸ ਨੇ ਦਬੋਚਿਆ
ਕੈਨੇਡਾ ਦੇ ਓਂਟਾਰੀਓ ਵਿੱਚ ਸੜਕਾਂ 'ਤੇ ਸਟੰਟਬਾਜ਼ੀ ਅਤੇ ਖ਼ਤਰਨਾਕ ਰੇਸਿੰਗ ਕਰਨ ਦੇ ਮਾਮਲੇ ਵਿੱਚ 24 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬਰੈਂਪਟਨ ਵਾਸੀ ਤਰਮਨ ਤੂਰ ਵਜੋਂ ਹੋਈ ਹੈ। ਉਹ ਆਪਣੀ ਲਾਲ ਰੰਗ ਦੀ ਬਿਨਾਂ ਨੰਬਰ ਪਲੇਟ ਵਾਲੀ BMW M3 ਕਾਰ ਨਾਲ ਮਿਸੀਸਾਗਾ ਅਤੇ ਟੋਰਾਂਟੋ ਦੀਆਂ ਸੜਕਾਂ 'ਤੇ ਕਥਿਤ ਤੌਰ 'ਤੇ ਰੇਸ ਲਗਾਉਂਦਾ ਸੀ।
ਕੈਨੇਡਾ ਦੇ ਓਂਟਾਰੀਓ ਵਿੱਚ ਸੜਕਾਂ 'ਤੇ ਸਟੰਟਬਾਜ਼ੀ ਅਤੇ ਖ਼ਤਰਨਾਕ ਰੇਸਿੰਗ ਕਰਨ ਦੇ ਮਾਮਲੇ ਵਿੱਚ 24 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬਰੈਂਪਟਨ ਵਾਸੀ ਤਰਮਨ ਤੂਰ ਵਜੋਂ ਹੋਈ ਹੈ। ਉਹ ਆਪਣੀ ਲਾਲ ਰੰਗ ਦੀ ਬਿਨਾਂ ਨੰਬਰ ਪਲੇਟ ਵਾਲੀ BMW M3 ਕਾਰ ਨਾਲ ਮਿਸੀਸਾਗਾ ਅਤੇ ਟੋਰਾਂਟੋ ਦੀਆਂ ਸੜਕਾਂ 'ਤੇ ਕਥਿਤ ਤੌਰ 'ਤੇ ਰੇਸ ਲਗਾਉਂਦਾ ਸੀ। ਪੁਲਿਸ ਤੋਂ ਆਪਣੀ ਪਛਾਣ ਲੁਕਾਉਣ ਲਈ ਉਹ ਗੱਡੀ ਚਲਾਉਂਦੇ ਸਮੇਂ ਚਿਹਰੇ 'ਤੇ ਸਕੀ ਮਾਸਕ ਪਹਿਨਦਾ ਸੀ।
ਪੁਲਿਸ ਦੀ ਸੇਫਰ ਰੋਡਜ਼ ਟੀਮ (SRT) ਵੱਲੋਂ ਮੁਲਜ਼ਮ ਨੂੰ ਫੜਨ ਲਈ ਕਰੀਬ ਤਿੰਨ ਮਹੀਨਿਆਂ ਤੱਕ ਜਾਂਚ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਰਵਾਇਤੀ ਜਾਂਚ ਦੇ ਨਾਲ ਸੈਟੇਲਾਈਟ ਲੋਕੇਸ਼ਨ ਟ੍ਰੈਕਿੰਗ, ਸੜਕਾਂ 'ਤੇ ਲੱਗੇ ਕੈਮਰਿਆਂ ਅਤੇ ਡਿਜੀਟਲ ਸਰਵੇਲੈਂਸ ਦੀ ਮਦਦ ਲਈ। ਆਖ਼ਰਕਾਰ ਪੁਲਿਸ ਨੇ ਬਰੈਂਪਟਨ ਸਥਿਤ ਉਸ ਦੇ ਘਰ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
30 ਅਗਸਤ ਦੀ ਰਾਤ ਨੂੰ ਪਹਿਲੀ ਵਾਰ ਪੁਲਿਸ ਦੀ ਨਜ਼ਰ 'ਚ ਆਈ BMW
ਜਾਣਕਾਰੀ ਮੁਤਾਬਕ ਇਸ ਮਾਮਲੇ ਦੀ ਸ਼ੁਰੂਆਤ 30 ਅਗਸਤ 2026 ਨੂੰ ਹੋਈ ਸੀ। ਰਾਤ ਕਰੀਬ 1:06 ਵਜੇ ਮਿਸੀਸਾਗਾ ਦੇ ਸੈਟੇਲਾਈਟ ਡਰਾਈਵ ਅਤੇ ਐਕਸਪਲੋਰਰ ਡਰਾਈਵ ਚੌਕ ਨੇੜੇ ਪੁਲਿਸ ਨੇ ਇੱਕ ਲਾਲ ਰੰਗ ਦੀ BMW M3 ਨੂੰ ਹੋਰ ਗੱਡੀਆਂ ਨਾਲ ਰੇਸ ਲਗਾਉਂਦੇ ਦੇਖਿਆ। ਕਾਰ 'ਤੇ ਅੱਗੇ ਅਤੇ ਪਿੱਛੇ ਕੋਈ ਨੰਬਰ ਪਲੇਟ ਨਹੀਂ ਸੀ।
ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਤੇਜ਼ ਰਫ਼ਤਾਰ ਨਾਲ ਉੱਥੋਂ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਪਿੱਛਾ ਕਰਨ ਦੀ ਬਜਾਏ ਉਸ ਦੀ ਲੋਕੇਸ਼ਨ ਅਤੇ ਆਉਣ-ਜਾਣ ਦੇ ਰਸਤੇ ਦੀ ਡਿਜੀਟਲ ਮੈਪਿੰਗ ਸ਼ੁਰੂ ਕਰ ਦਿੱਤੀ।
26 ਸਤੰਬਰ ਨੂੰ ਤੋੜੇ ਕਈ ਟ੍ਰੈਫਿਕ ਨਿਯਮ
ਪਹਿਲੀ ਘਟਨਾ ਤੋਂ ਕਰੀਬ ਇੱਕ ਮਹੀਨੇ ਬਾਅਦ 26 ਸਤੰਬਰ ਨੂੰ ਮੁਲਜ਼ਮ ਨੇ ਮੁੜ ਖ਼ਤਰਨਾਕ ਡਰਾਈਵਿੰਗ ਕੀਤੀ। ਪੁਲਿਸ ਮੁਤਾਬਕ ਉਸ ਨੂੰ ਮਿਸੀਸਾਗਾ ਦੇ ਮੀਡੋਪਾਈਨ ਬੁਲੇਵਾਰਡ ਅਤੇ ਡੈਨਬਰੋ ਕ੍ਰੈਸੈਂਟ ਨੇੜੇ ਰੇਸ ਲਗਾਉਂਦੇ ਦੇਖਿਆ ਗਿਆ।
ਇਸ ਦੌਰਾਨ ਉਸ ਨੇ ਵਿੰਸਟਨ ਚਰਚਿਲ ਬੁਲੇਵਾਰਡ ਅਤੇ ਹਾਈਵੇਅ 401 ਦੇ ਚੌਕ 'ਤੇ ਲਾਲ ਬੱਤੀ ਦੀ ਉਲੰਘਣਾ ਕਰਦਿਆਂ ਤੇਜ਼ ਰਫ਼ਤਾਰ ਨਾਲ ਗੱਡੀ ਕੱਢੀ। ਇਸੇ ਰਾਤ ਉਸ ਦੀ ਕਾਰ ਟੋਰਾਂਟੋ ਦੇ ਕਲੇਸਨ ਰੋਡ ਅਤੇ ਬਾਰਟਰ ਰੋਡ ਇਲਾਕੇ ਵਿੱਚ ਵੀ ਰੇਸ ਲਗਾਉਂਦੀ ਦਿਖਾਈ ਦਿੱਤੀ।
ਸੈਟੇਲਾਈਟ ਅਤੇ ਡਿਜੀਟਲ ਸਰਵੇਲੈਂਸ ਰਾਹੀਂ ਹੋਈ ਪਛਾਣ
ਪੁਲਿਸ ਨੇ ਮੁਲਜ਼ਮ ਨੂੰ ਫੜਨ ਲਈ ਤਿੰਨ ਮਹੀਨਿਆਂ ਤੱਕ CCTV ਫੁਟੇਜ, ਡਿਜੀਟਲ ਸਰਵੇਲੈਂਸ ਅਤੇ ਕਾਰ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਦੀ ਜਾਂਚ ਕੀਤੀ। ਭਾਵੇਂ ਮੁਲਜ਼ਮ ਸਕੀ ਮਾਸਕ ਪਹਿਨਦਾ ਸੀ ਅਤੇ ਕਾਰ 'ਤੇ ਨੰਬਰ ਪਲੇਟ ਵੀ ਨਹੀਂ ਸੀ, ਪਰ ਪੁਲਿਸ ਨੇ ਕਾਰ ਦੇ ਮੋਡੀਫਿਕੇਸ਼ਨ ਅਤੇ ਉਸ ਦੀ ਲੋਕੇਸ਼ਨ ਹਿਸਟਰੀ ਦੇ ਆਧਾਰ 'ਤੇ ਡਰਾਈਵਰ ਦੀ ਪਛਾਣ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।
ਪੁਖ਼ਤਾ ਸਬੂਤ ਇਕੱਠੇ ਕਰਨ ਤੋਂ ਬਾਅਦ ਪੁਲਿਸ ਨੇ ਅਦਾਲਤ ਤੋਂ ਸਰਚ ਵਾਰੰਟ ਲਿਆ ਅਤੇ 28 ਅਕਤੂਬਰ ਨੂੰ ਬਰੈਂਪਟਨ ਸਥਿਤ ਮੁਲਜ਼ਮ ਦੇ ਘਰ ਛਾਪੇਮਾਰੀ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਮੁਲਜ਼ਮ ਖ਼ਿਲਾਫ਼ 9 ਗੰਭੀਰ ਮਾਮਲੇ ਦਰਜ
ਪੁਲਿਸ ਨੇ ਤਰਮਨ ਤੂਰ ਖ਼ਿਲਾਫ਼ ਕ੍ਰਿਮੀਨਲ ਕੋਡ ਤਹਿਤ ਕੁੱਲ 9 ਮਾਮਲੇ ਦਰਜ ਕੀਤੇ ਹਨ। ਇਨ੍ਹਾਂ ਵਿੱਚ ਖ਼ਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਦੇ 3 ਮਾਮਲੇ, ਅਪਰਾਧ ਦੇ ਇਰਾਦੇ ਨਾਲ ਪਛਾਣ ਲੁਕਾਉਣ ਦੇ 3 ਮਾਮਲੇ ਅਤੇ ਗੈਰ-ਕਾਨੂੰਨੀ ਰੇਸਿੰਗ ਦੇ 3 ਮਾਮਲੇ ਸ਼ਾਮਲ ਹਨ।
ਸੜਕਾਂ 'ਤੇ ਸਟੰਟਬਾਜ਼ੀ ਖ਼ਿਲਾਫ਼ ਪੁਲਿਸ ਦੀ ਸਖ਼ਤ ਕਾਰਵਾਈ
ਪਿਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਮਾਰਕ ਐਂਡਰਿਊਜ਼ ਨੇ ਇਸ ਕਾਰਵਾਈ ਬਾਰੇ ਕਿਹਾ ਕਿ ਪਿਲ ਦੀਆਂ ਸੜਕਾਂ ਨੂੰ ਸੁਰੱਖਿਅਤ ਰੱਖਣਾ ਪੁਲਿਸ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਸਟ੍ਰੀਟ ਰੇਸਿੰਗ ਸੜਕਾਂ 'ਤੇ ਚੱਲਣ ਵਾਲੇ ਹਰ ਵਿਅਕਤੀ ਲਈ ਗੰਭੀਰ ਖ਼ਤਰਾ ਹੈ।
ਉਨ੍ਹਾਂ ਨੇ ਸੇਫਰ ਰੋਡਜ਼ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟੀਮ ਨੇ ਦਿਨ-ਰਾਤ ਮਿਹਨਤ ਕਰਕੇ ਅਜਿਹੇ ਵਿਅਕਤੀ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆਉਂਦਾ ਹੈ, ਜਿਸ ਦੀਆਂ ਗਤੀਵਿਧੀਆਂ ਨਾਲ ਪੂਰੇ ਭਾਈਚਾਰੇ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਰਹੀ ਸੀ।