ਪੰਜਾਬ 'ਚ ਤਿੱਖੀ ਗਰਮੀ ਤੇ ਹੁੰਮਸ ਨੇ ਸਤਾਏ ਲੋਕ, 4 ਦਿਨਾਂ ਲਈ ਹੀਟਵੇਵ ਤੇ ਧੂੜ ਭਰੀ ਹਨੇਰੀ ਦਾ ਅਲਰਟ!

By:  Lajwinder Kaur April 27th 2026 09:33 AM -- Updated: April 27th 2026 10:10 AM

ਇਸ ਸਮੇਂ ਉੱਤਰ ਭਾਰਤ ਦੇ ਵਿੱਚ ਬਹੁਤ ਹੀ ਬੁਰੀ ਵਾਲੀ ਗਰਮੀ ਪੈ ਰਹੀ ਹੈ। ਅਪ੍ਰੈਲ ਮਹੀਨੇ ‘ਚ ਜੇਠ ਹਾੜ ਵਾਲੀ ਗਰਮੀ ਪੈ ਰਹੀ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਤੇਜ਼ ਧੁੱਪ ਅਤੇ ਹੁੰਮਸ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਐਤਵਾਰ ਨੂੰ ਤਾਪਮਾਨ ਵਿੱਚ 0.4 ਡਿਗਰੀ ਦੀ ਮਾਮੂਲੀ ਗਿਰਾਵਟ ਦੇ ਬਾਵਜੂਦ, ਇਹ ਅਜੇ ਵੀ ਆਮ ਨਾਲੋਂ 3.3 ਡਿਗਰੀ ਜ਼ਿਆਦਾ ਦਰਜ ਕੀਤਾ ਗਿਆ। ਬਠਿੰਡਾ 43.8 ਡਿਗਰੀ ਤਾਪਮਾਨ ਦੇ ਨਾਲ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਮੌਸਮ ਵਿਭਾਗ ਅਨੁਸਾਰ 27 ਤੋਂ 30 ਅਪ੍ਰੈਲ ਤੱਕ ਪੰਜਾਬ ਵਿੱਚ ਲੂ (Heatwave) ਅਤੇ ਹਨੇਰੀ ਦਾ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ, ਜਿਸ ਦੌਰਾਨ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਹਾਲਾਂਕਿ 1 ਮਈ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ, ਪਰ 2 ਮਈ ਤੋਂ ਪਾਰਾ ਦੁਬਾਰਾ ਚੜ੍ਹਨ ਦੀ ਸੰਭਾਵਨਾ ਹੈ।

7 ਜ਼ਿਲ੍ਹਿਆਂ 'ਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ 7 ਜ਼ਿਲ੍ਹਿਆਂ-ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼, ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਸਮੇਤ 9 ਜ਼ਿਲ੍ਹਿਆਂ ਵਿੱਚ ਲੂ (Heatwave) ਚੱਲਣ ਦਾ ਅਨੁਮਾਨ ਜਤਾਇਆ ਗਿਆ ਹੈ।

ਸੂਬੇ 'ਚ ਤਾਪਮਾਨ 40 ਡਿਗਰੀ ਤੋਂ ਪਾਰ 

ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ, ਜਿਨ੍ਹਾਂ ਵਿੱਚ ਬਠਿੰਡਾ (43.7), ਫ਼ਰੀਦਕੋਟ (42.8), ਲੁਧਿਆਣਾ (42.4), ਪਟਿਆਲਾ (42.4), ਰੂਪਨਗਰ (41.4), ਚੰਡੀਗੜ੍ਹ (40.8) ਅਤੇ ਐੱਸ.ਬੀ.ਐੱਸ. ਨਗਰ (40.5) ਸ਼ਾਮਲ ਹਨ। ਇਸ ਤੋਂ ਇਲਾਵਾ 6 ਜ਼ਿਲ੍ਹਿਆਂ ਵਿੱਚ ਤਾਪਮਾਨ 35 ਤੋਂ 40 ਡਿਗਰੀ ਦੇ ਦਰਮਿਆਨ ਰਿਹਾ, ਜਿਵੇਂ ਕਿ ਫ਼ਾਜ਼ਿਲਕਾ (39.9), ਮੋਗਾ (39.4), ਅੰਮ੍ਰਿਤਸਰ (39.3), ਫ਼ਿਰੋਜ਼ਪੁਰ (39.0), ਪਠਾਨਕੋਟ (38.8) ਅਤੇ ਹੁਸ਼ਿਆਰਪੁਰ ਵਿੱਚ 37.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।

ਮੌਸਮ ਪ੍ਰਣਾਲੀ ਦੇ ਬਾਰੇ ਦੱਸਦਿਆਂ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵੇਲੇ ਇੱਕ ਪੱਛਮੀ ਡਿਸਟਰਬੈਂਸ (Western Disturbance) ਸਰਗਰਮ ਹੈ। ਇਹ ਸਿਸਟਮ ਲਗਭਗ 5.8 ਕਿਲੋਮੀਟਰ ਦੀ ਉਚਾਈ 'ਤੇ 80° ਪੂਰਬੀ ਦੇਸ਼ਾਂਤਰ ਅਤੇ 32° ਉੱਤਰੀ ਅਕਸ਼ਾਂਸ਼ ਦੇ ਆਲੇ-ਦੁਆਲੇ ਬਣਿਆ ਹੋਇਆ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ।

ਪੈ ਸਕਦੀ ਹਲਕੀ ਬਾਰਿਸ਼

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, 27 ਅਪ੍ਰੈਲ ਤੋਂ 2 ਮਈ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ ਦੋ ਦਿਨਾਂ ਤੱਕ ਤਾਪਮਾਨ ਸਥਿਰ ਰਹੇਗਾ, ਜਿਸ ਤੋਂ ਬਾਅਦ ਪਾਰੇ ਵਿੱਚ 2 ਤੋਂ 4 ਡਿਗਰੀ ਦੀ ਗਿਰਾਵਟ ਆ ਸਕਦੀ ਹੈ। 26 ਅਤੇ 27 ਅਪ੍ਰੈਲ ਨੂੰ ਕੁਝ ਇਲਾਕਿਆਂ ਵਿੱਚ ਲੂ (Heatwave) ਚੱਲ ਸਕਦੀ ਹੈ, ਜਦਕਿ 2 ਮਈ ਨੂੰ ਗਰਜ-ਚਮਕ ਦੇ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਡਿੱਗਣ ਦਾ ਖਦਸ਼ਾ ਹੈ।

28 ਤੋਂ 30 ਅਪ੍ਰੈਲ ਦੇ ਦਰਮਿਆਨ ਕਈ ਜ਼ਿਲ੍ਹਿਆਂ ਵਿੱਚ ਹਨੇਰੀ ਅਤੇ ਮੀਂਹ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ, ਜਿਸ ਦੌਰਾਨ ਹਵਾਵਾਂ ਦੀ ਰਫ਼ਤਾਰ 30 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿ ਸਕਦੀ ਹੈ।

28 ਅਪ੍ਰੈਲ ਨੂੰ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ (ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ. ਨਗਰ/ਮੋਹਾਲੀ) ਵਿੱਚ ਕਈ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਗਰਜ-ਚਮਕ ਦੇ ਨਾਲ-ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਹਨੇਰੀ ਚੱਲਣ ਦਾ ਵੀ ਅਨੁਮਾਨ ਹੈ।

29 ਅਪ੍ਰੈਲ ਨੂੰ ਪੰਜਾਬ ਦੇ 14 ਜ਼ਿਲ੍ਹਿਆਂ-ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ. ਨਗਰ (ਮੋਹਾਲੀ) ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਗਰਜ-ਚਮਕ ਅਤੇ ਬਿਜਲੀ ਕੜਕਣ ਦੇ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।

Related Post

ਰਵਨੀਤ ਬਿੱਟੂ ਦਾ ਵੱਡਾ ਐਲਾਨ! 2027 ਲਈ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਆਗੂ ਦੇ ਨਾਂਅ 'ਤੇ ਲੱਗੀ ਮੋਹਰ
SIR ‘ਤੇ ਸਿਆਸੀ ਸੰਗਰਾਮ! ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ; ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ
ਕੈਪਟਨ ਅਮਰਿੰਦਰ ਸਿੰਘ ਦਾ ਛਲਕਿਆ ਦਰਦ; ਬੋਲੇ- ‘ਭਾਜਪਾਈ ਬਣ ਕੇ ਕੁੱਝ ਨਹੀਂ ਖੱਟਿਆ’, ਕੀ ਹੋ ਸਕਦੀ ਕਾਂਗਰਸ 'ਚ ਵਾਪਸੀ?
ਪੰਜਾਬ ਦੇ 3 ਜ਼ਿਲ੍ਹਿਆਂ ‘ਚ ਅੱਜ ਮੀਂਹ ਦੇ ਆਸਾਰ, ਮਾਨਸੂਨ ਦੀ ਵਿਦਾਈ ਜਾਰੀ; 26 ਤੋਂ 28 ਤੱਕ ਇਨ੍ਹਾਂ ਸ਼ਹਿਰਾਂ ‘ਚ ਹੋ ਸਕਦੀ ਬਾਰਿਸ਼
ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਝਟਕਾ! ਫਤਿਹਗੜ੍ਹ ਚੂੜੀਆਂ ਤੋਂ ਹਲਕਾ ਇੰਚਾਰਜ ਬਿਕਰਮਜੀਤ ਸਿੰਘ ਰੰਧਾਵਾ ਅਕਾਲੀ ਦਲ ‘ਚ ਸ਼ਾਮਲ
ਏਸ਼ੀਆਈ ਖੇਡਾਂ ‘ਚ ਪੰਜਾਬ ਦੇ ਗੱਭਰੂ ਸਤਨਾਮ ਸਿੰਘ ਨੇ ਰੋਇੰਗ ‘ਚ ਜਿੱਤਿਆ ਕਾਂਸੀ ਦਾ ਤਮਗਾ: CM ਮਾਨ ਵੱਲੋਂ 50 ਲੱਖ ਰੁਪਏ ਦੇ ਇਨਾਮ ਦਾ ਐਲਾਨ

© Copyright Galactic Television & Communications Pvt. Ltd. 2026. All rights reserved.