ਮਜੀਠੀਆ ਦੀ ਭਾਲ 'ਚ ਪੁਲਿਸ ਦੀ ਅੰਮ੍ਰਿਤਸਰ-ਚੰਡੀਗੜ੍ਹ 'ਚ ਰੇਡ, ਘਰ ਨਹੀਂ ਮਿਲੇ, ਜਾਣੋ ਪੂਰਾ ਮਾਮਲਾ ਹੈ ਕੀ?

By:  Lajwinder Kaur June 1st 2026 02:22 PM -- Updated: June 1st 2026 02:27 PM

ਪੰਜਾਬ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ। ਅੰਮ੍ਰਿਤਸਰ ਪੁਲਿਸ ਨੇ ਉਨ੍ਹਾਂ ਨੂੰ ਫੜਨ ਲਈ 12 ਟੀਮਾਂ ਬਣਾਈਆਂ ਹਨ ਅਤੇ ਅੰਮ੍ਰਿਤਸਰ ਤੋਂ ਇਲਾਵਾ ਚੰਡੀਗੜ੍ਹ ਵਿੱਚ ਵੀ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਜਾਣੋ ਪੂਰਾ ਮਾਮਲਾ ਹੈ ਕੀ?

ਪੁਲਿਸ ਮੁਤਾਬਕ, ਮਜੀਠੀਆ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਬੀਤੇ ਕੱਲ੍ਹ (31 ਮਈ) ਨੂੰ ਮਜੀਠਾ ਥਾਣੇ ਵਿੱਚੋਂ ਜ਼ਬਰਦਸਤੀ ਆਪਣੇ ਸਾਥੀ ਨੂੰ ਛੁਡਾਉਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮਜੀਠੀਆ ਦੇ ਘਰ ਪਹੁੰਚੇ ਪੁਲਿਸ ਅਧਿਕਾਰੀਆਂ ਅਨੁਸਾਰ, ਪੁਲਿਸ ਟੀਮਾਂ ਅੰਮ੍ਰਿਤਸਰ ਵਿੱਚ ਗ੍ਰੀਨ ਐਵੇਨਿਊ ਅਤੇ ਚੰਡੀਗੜ੍ਹ ਵਿੱਚ ਐੱਮਐੱਲਏ ਹੋਸਟਲ ਸਮੇਤ ਕੁੱਲ 8 ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀਆਂ ਹਨ।

ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇੱਕ ਡੂੰਘੀ ਸਾਜ਼ਿਸ਼ ਤਹਿਤ ਮੁਲਜ਼ਮ ਨੂੰ ਥਾਣੇ ਵਿੱਚੋਂ ਛੁਡਾਇਆ ਗਿਆ ਹੈ। ਇਸ ਘਟਨਾ ਦੇ ਸਬੰਧ ਵਿੱਚ ਬਿਕਰਮ ਮਜੀਠੀਆ ਸਮੇਤ ਕਈ ਹੋਰ ਵਿਅਕਤੀਆਂ ਉੱਤੇ ਵੀ ਕੇਸ ਦਰਜ ਕੀਤਾ ਗਿਆ ਹੈ।

ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਸੁਹੇਲ ਕਾਸਿਮ ਮੀਰ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਮੁਕੱਦਮਾ ਨੰਬਰ 90, ਮਿਤੀ 30 ਮਈ 2026 ਤਹਿਤ ਸੋਹੀਆਂ ਕਲਾਂ ਦੇ ਰਹਿਣ ਵਾਲੇ ਜੋਬਨਪ੍ਰੀਤ ਸਿੰਘ ਨੂੰ ਮਜੀਠਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਵੱਡੀ ਗਿਣਤੀ ਵਿੱਚ ਲੋਕ ਥਾਣੇ ਦੇ ਬਾਹਰ ਇਕੱਠੇ ਹੋ ਗਏ। ਪੁਲਿਸ ਅਨੁਸਾਰ, ਭੀੜ ਨੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਮਾਰ ਕੇ ਜ਼ਬਰਦਸਤੀ ਥਾਣੇ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ।

ਐੱਸਐੱਸਪੀ ਨੇ ਦੱਸਿਆ ਕਿ ਭੀੜ ਦਾ ਮੁੱਖ ਮਕਸਦ ਪੁਲਿਸ ਹਿਰਾਸਤ ਵਿੱਚੋਂ ਮੁਲਜ਼ਮ ਨੂੰ ਛੁਡਾਉਣਾ ਸੀ। ਇਸ ਦੌਰਾਨ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੀ ਮੌਕੇ 'ਤੇ ਮੌਜੂਦ ਸਨ। ਪੁਲਿਸ ਦਾ ਕਹਿਣਾ ਹੈ ਕਿ ਭੀੜ ਨੇ ਬਿਨਾਂ ਕਿਸੇ ਅਧਿਕਾਰ ਦੇ ਥਾਣੇ ਦੇ ਵੱਖ-ਵੱਖ ਕਮਰਿਆਂ ਵਿੱਚ ਦਾਖ਼ਲ ਹੋ ਕੇ ਸਰਕਾਰੀ ਰਿਕਾਰਡ ਅਤੇ ਕੇਸ ਫਾਈਲਾਂ ਨਾਲ ਛੇੜਛਾੜ ਕੀਤੀ, ਨਾਲ ਹੀ ਸਰਕਾਰੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਹੈ।

ਐੱਸਐੱਸਪੀ ਨੇ ਦੱਸਿਆ ਕਿ ਜਦੋਂ ਮਜੀਠਾ ਦੇ ਐੱਸਐੱਚਓ ਅਤੇ ਡੀਐੱਸਪੀ ਮੌਕੇ 'ਤੇ ਪਹੁੰਚੇ, ਤਾਂ ਉਨ੍ਹਾਂ ਨੇ ਭੀੜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੋਬਨਪ੍ਰੀਤ ਦੀ ਗ੍ਰਿਫ਼ਤਾਰੀ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਇਸ ਨਾਲ ਸਬੰਧਤ ਸਾਰੇ ਦਸਤਾਵੇਜ਼ ਮੌਜੂਦ ਹਨ। ਇਸ ਦੇ ਬਾਵਜੂਦ, ਕੁਝ ਲੋਕਾਂ ਨੇ ਜ਼ਬਰਦਸਤੀ ਮੁਲਜ਼ਮ ਨੂੰ ਕਮਰੇ 'ਚੋਂ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਮੁਲਾਜ਼ਮਾਂ ਨਾਲ ਧੱਕਾਮੁੱਕੀ ਕੀਤੀ। ਇਸ ਦੌਰਾਨ ਐੱਸਐੱਚਓ ਦਾ ਮੋਬਾਈਲ ਫ਼ੋਨ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ।

ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਸੂਝ-ਬੂਝ ਨਾਲ ਸਥਿਤੀ ਨੂੰ ਕਾਬੂ ਵਿੱਚ ਕੀਤਾ ਅਤੇ ਮੁਲਜ਼ਮ ਨੂੰ ਦੁਬਾਰਾ ਹਿਰਾਸਤ ਵਿੱਚ ਲੈ ਲਿਆ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ, ਜਿਸ ਦੀ ਅਗਵਾਈ ਐੱਸਪੀ (PBI) ਕਰ ਰਹੇ ਹਨ। ਇਸ ਟੀਮ ਵਿੱਚ 2 ਡੀਐੱਸਪੀ ਅਤੇ ਇੱਕ ਐੱਸਐੱਚਓ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਹਨ।

ਐੱਸਐੱਸਪੀ ਸੁਹੇਲ ਕਾਸਿਮ ਮੀਰ ਨੇ ਸਪੱਸ਼ਟ ਕੀਤਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਅਤੇ ਕੋਈ ਵੀ ਵਿਅਕਤੀ, ਭਾਵੇਂ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਕਾਨੂੰਨ ਤੋਂ ਉੱਪਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਵੀਡੀਓ ਦੇ ਆਧਾਰ 'ਤੇ ਹੁਣ ਤੱਕ 6 ਤੋਂ 7 ਲੋਕਾਂ ਦੀ ਪਛਾਣ ਕਰ ਲਈ ਗਈ ਹੈ, ਜਦਕਿ ਮੌਕੇ 'ਤੇ 50 ਤੋਂ ਵੱਧ ਲੋਕ ਮੌਜੂਦ ਸਨ। ਬਾਕੀ ਰਹਿੰਦੇ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

© Copyright Galactic Television & Communications Pvt. Ltd. 2026. All rights reserved.