ਵਿਦੇਸ਼ ਜਾਣ ਦੀ ਬਜਾਏ ਪੰਜਾਬ ‘ਚ ਬਣਿਆ ਰੁਜ਼ਗਾਰ ਦਾ ਰਾਹ: ਤਲਵੰਡੀ ਸਾਬੋ ਦੇ ਨੌਜਵਾਨ ਨੇ ਮੱਖੀਆਂ ਪਾਲਣ ਦੇ ਸਹਾਇਕ ਧੰਦੇ ਨਾਲ ਕਮਾਈ ਚੰਗੀ ਆਮਦਨ

ਅੱਜ ਤੁਹਾਨੂੰ ਦੱਸਦੇ ਹਾਂ ਅਜਿਹੇ ਪੰਜਾਬੀ ਨੌਜਵਾਨ ਦੇ ਬਾਰੇ ਜਿਸ ਨੇ ਵਿਦੇਸ਼ ਜਾਣ ਦੀ ਬਜਾਏ ਪੰਜਾਬ ਦੇ ਵਿੱਚ ਰਹੇ ਕਿ ਚੰਗੀ ਕਮਾਈ ਦੇ ਨਾਲ-ਨਾਲ ਆਪਣਾ ਨਾਂਅ ਵੀ ਚਮਕਾਇਆ ਹੈ। ਆਓ ਜਾਣਦੇ ਹਾਂ ਤਲਵੰਡੀ ਸਾਬੋ ਅਧੀਨ ਪੈਂਦੇ ਪਿੰਡ ਲੇਲੇਵਾਲਾ ਦਾ ਰਹਿਣ ਵਾਲਾ ਕੁਲਵਿੰਦਰ ਸਿੰਘ ਹੈ, ਜਿਸ ਨੇ ਮੱਖੀਆਂ ਪਾਲਣ (ਬੀ-ਕੀਪਿੰਗ) ਦਾ ਧੰਦਾ ਅਪਣਾ ਕੇ ਵਧੀਆ ਮੁਨਾਫ਼ਾ ਕਮਾਇਆ ਹੈ।

By:  Lajwinder Kaur September 28th 2026 04:34 PM -- Updated: September 28th 2026 04:45 PM

ਜਿੱਥੇ ਅੱਜ ਦੇ ਦੌਰ ਵਿੱਚ ਪੰਜਾਬ ਦੇ ਬਹੁਤੇ ਨੌਜਵਾਨ ਸਰਕਾਰੀ ਨੌਕਰੀਆਂ ਦੀ ਉਡੀਕ ਵਿੱਚ ਜਾਂ ਫਿਰ ਵਿਦੇਸ਼ਾਂ ਦੀ ਧਰਤੀ ਵੱਲ ਰੁੱਖ ਕਰ ਰਹੇ ਹਨ, ਉੱਥੇ ਹੀ ਕੁਝ ਮਿਹਨਤੀ ਅਤੇ ਸੂਝਵਾਨ ਨੌਜਵਾਨ ਆਪਣੇ ਘਰ ਰਹਿ ਕੇ ਹੀ ਸਹਾਇਕ ਧੰਦਿਆਂ ਰਾਹੀਂ ਨਾ ਸਿਰਫ਼ ਆਤਮ-ਨਿਰਭਰ ਬਣ ਰਹੇ ਹਨ, ਸਗੋਂ ਸਮਾਜ ਲਈ ਇੱਕ ਮਿਸਾਲ ਵੀ ਕਾਇਮ ਕਰ ਰਹੇ ਹਨ। ਅਜਿਹਾ ਹੀ ਪ੍ਰੇਰਣਾਦਾਇਕ ਨੌਜਵਾਨ ਬਠਿੰਡਾ ਜ਼ਿਲ੍ਹੇ ਦੇ ਹਲਕਾ ਤਲਵੰਡੀ ਸਾਬੋ ਅਧੀਨ ਪੈਂਦੇ ਪਿੰਡ ਲੇਲੇਵਾਲਾ ਦਾ ਰਹਿਣ ਵਾਲਾ ਕੁਲਵਿੰਦਰ ਸਿੰਘ ਹੈ, ਜਿਸ ਨੇ ਮੱਖੀਆਂ ਪਾਲਣ (ਬੀ-ਕੀਪਿੰਗ) ਦਾ ਧੰਦਾ ਅਪਣਾ ਕੇ ਵਧੀਆ ਮੁਨਾਫ਼ਾ ਕਮਾਇਆ ਹੈ।

ਕੇਂਦਰ ਤੋਂ ਟ੍ਰੇਨਿੰਗ ਲੈ ਕੇ ਕੀਤੀ ਸ਼ੁਰੂਆਤ

ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਪੰਜਾਬ ਸਰਕਾਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਮੱਖੀਆਂ ਪਾਲਣ ਸਬੰਧੀ ਪੂਰੀ ਸਿਖਲਾਈ (ਟ੍ਰੇਨਿੰਗ) ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸਨੇ ਮਹਿਜ਼ 50 ਬਕਸਿਆਂ (ਛੱਤਿਆਂ) ਨਾਲ ਆਪਣੇ ਇਸ ਸਹਾਇਕ ਧੰਦੇ ਦੀ ਸ਼ੁਰੂਆਤ ਕੀਤੀ ਸੀ। ਆਪਣੀ ਸਖ਼ਤ ਮਿਹਨਤ, ਲਗਨ ਅਤੇ ਸ਼ੁੱਧ ਸ਼ਹਿਦ ਦੀ ਤਿਆਰੀ ਸਦਕਾ ਅੱਜ ਉਸਦਾ ਕਾਰੋਬਾਰ ਕਾਫ਼ੀ ਵਧੀਆ ਢੰਗ ਨਾਲ ਚੱਲ ਰਿਹਾ ਹੈ। ਉਹ ਸ਼ਹਿਦ ਤੋਂ ਇਲਾਵਾ ਵੱਖ-ਵੱਖ ਕਿਸਮ ਦੇ ਪ੍ਰੋਡਕਟ ਤਿਆਰ ਕਰਕੇ ਮਾਰਕੀਟ ਵਿੱਚ ਵੇਚ ਰਿਹਾ ਹੈ।

ਬਠਿੰਡਾ ਦੇ ਖੇਤੀਬਾੜੀ ਮੇਲੇ ਵਿੱਚ ਮਿਲਿਆ ਭਰਵਾਂ ਹੁੰਗਾਰਾ

ਪਿਛਲੇ ਦਿਨੀਂ ਬਠਿੰਡਾ ਵਿਖੇ ਲੱਗੇ ਖੇਤੀਬਾੜੀ ਮੇਲੇ ਦੌਰਾਨ ਕੁਲਵਿੰਦਰ ਸਿੰਘ ਵੱਲੋਂ ਆਪਣੀ ਸਟਾਲ ਲਗਾਈ ਗਈ ਸੀ, ਜਿੱਥੇ ਲੋਕਾਂ ਨੇ ਉਸਦੇ ਤਿਆਰ ਕੀਤੇ ਉਤਪਾਦਾਂ ਦੀ ਭਰਪੂਰ ਸ਼ਲਾਘਾ ਕੀਤੀ। ਲੋਕਾਂ ਵੱਲੋਂ ਮਿਲੇ ਇਸ ਭਰਵੇਂ ਹੁੰਗਾਰੇ ਤੋਂ ਬਾਅਦ ਕੁਲਵਿੰਦਰ ਦਾ ਹੌਸਲਾ ਹੋਰ ਜ਼ਿਆਦਾ ਬੁਲੰਦ ਹੋ ਗਿਆ ਹੈ।

ਨੌਜਵਾਨਾਂ ਲਈ ਸੁਨੇਹਾ

ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੀ ਮਿੱਟੀ ਵਿੱਚ ਬਹੁਤ ਤਾਕਤ ਹੈ ਅਤੇ ਜੇਕਰ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਧੱਕੇ ਖਾਣ ਦੀ ਬਜਾਏ ਪੰਜਾਬ ਵਿੱਚ ਰਹਿ ਕੇ ਖੇਤੀਬਾੜੀ ਜਾਂ ਇਸ ਨਾਲ ਜੁੜੇ ਸਹਾਇਕ ਧੰਦਿਆਂ (ਜਿਵੇਂ ਕਿ ਮੱਖੀਆਂ ਪਾਲਣ, ਮੱਛੀ ਪਾਲਣ, ਡੇਅਰੀ ਫਾਰਮਿੰਗ ਆਦਿ) ਨੂੰ ਅਪਣਾਉਣ, ਤਾਂ ਉਹ ਇੱਥੇ ਹੀ ਰਹਿ ਕੇ ਚੰਗੀ ਆਮਦਨ ਕਮਾ ਸਕਦੇ ਹਨ ਅਤੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਨ।

© Copyright Galactic Television & Communications Pvt. Ltd. 2026. All rights reserved.