ਕੈਨੇਡਾ ‘ਚ ਪੰਜਾਬੀ ਮੁਟਿਆਰ ਦਾ ਕਤਲ; ਲਿਵ-ਇਨ ਪਾਰਟਨਰ ਨੇ ਘੋਟਿਆ ਗਲਾ, 3 ਦਿਨ ਇਲਾਜ ਤੋਂ ਬਾਅਦ ਹਸਪਤਾਲ 'ਚ ਤੋੜਿਆ ਦਮ...

ਬਹੁਤ ਸਾਰੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਕੈਨੇਡਾ ਆਪਣੇ ਚੰਗੇ ਭਵਿੱਖ ਦੇ ਲਈ ਪੜ੍ਹਾਈਆਂ ਦੇ ਨਾਲ ਕੰਮਕਾਜ਼ ਕਰ ਰਹੇ ਹਨ। ਪਰ ਕਈ ਵਾਰ ਇਸ ਧਰਤੀ ਤੋਂ ਅਣਸੁਖਾਵੀਂ ਘਟਨਾਵਾਂ ਦੀਆਂ ਜਦੋਂ ਖਬਰ ਆਉਂਦੀ ਹੈ ਤਾਂ ਪੰਜਾਬ ਦੇ ਕਈ ਘਰਾਂ ਦੇ ਵਿੱਚ ਵੈਣ ਪੈ ਜਾਂਦੇ ਹਨ। ਤਾਜ਼ਾ ਮਾਮਲਾ ਕੈਨੇਡਾ ਦੇ ਐਡਮਿੰਟਨ ਸ਼ਹਿਰ ਦਾ ਹੈ ਜਿੱਥੇ ਇੱਕ ਪੰਜਾਬੀ ਕੁੜੀ ਦਾ ਕਤਲ ਕਰ ਦਿੱਤਾ ਗਿਆ ਹੈ ਉਹ ਵੀ ਦਿੱਲੀ ਦੇ ਮੁੰਡੇ ਵੱਲੋਂ...ਆਓ ਜਾਣਦੇ ਹਾਂ ਪੂਰਾ ਮਾਮਲਾ ਹੈ ਕੀ!

By:  Lajwinder Kaur July 24th 2026 12:54 PM -- Updated: July 24th 2026 01:42 PM

ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਪੰਜਾਬੀ ਮੁਟਿਆਰ ਦਮਨਪ੍ਰੀਤ ਕੌਰ (23) ਦਾ ਉਸ ਦੇ ਲਿਵ-ਇਨ ਪਾਰਟਨਰ ਵੱਲੋਂ ਕਤਲ ਕਰ ਦਿੱਤਾ ਗਿਆ। ਦੋਵਾਂ ਵਿਚਕਾਰ ਹੋਏ ਝਗੜੇ ਦੌਰਾਨ ਲਿਵ-ਇਨ ਪਾਰਟਨਰ ਨੇ ਉਸ ਦਾ ਗਲਾ ਘੋਟ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਉਸ ਨੂੰ ਹਸਪਤਾਲ ਲੈ ਗਈ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੋਸ਼ੀ ਲਿਵ-ਇਨ ਪਾਰਟਨਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮ੍ਰਿਤਕਾ ਦਮਨਪ੍ਰੀਤ ਕੌਰ ਲੁਧਿਆਣਾ ਦੇ ਸਮਰਾਲਾ ਦੀ ਰਹਿਣ ਵਾਲੀ ਸੀ, ਜਦੋਂ ਕਿ ਦੋਸ਼ੀ ਰਿਤੇਸ਼ (22) ਦਿੱਲੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਉੱਤੇ ਸੈਕਿੰਡ ਡਿਗਰੀ ਮਰਡਰ (ਕਤਲ) ਦੇ ਦੋਸ਼ ਲਗਾਏ ਹਨ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ 5 ਸਾਲ ਪਹਿਲਾਂ ਕਰਜ਼ਾ ਲੈ ਕੇ ਦਮਨਪ੍ਰੀਤ ਨੂੰ ਕੈਨੇਡਾ ਭੇਜਿਆ ਸੀ।

ਪੜ੍ਹਾਈ ਦੌਰਾਨ ਯੁਵਕ ਨਾਲ ਹੋਈ ਮੁਲਾਕਾਤ

ਦਮਨਪ੍ਰੀਤ ਕੌਰ ਕਰੀਬ 5 ਸਾਲ ਪਹਿਲਾਂ ਸਟੱਡੀ ਵੀਜ਼ਾ 'ਤੇ ਕੈਨੇਡਾ ਗਈ ਸੀ। ਉੱਥੇ 2021 ਵਿੱਚ ਪੜ੍ਹਾਈ ਦੌਰਾਨ ਉਸ ਦੀ ਮੁਲਾਕਾਤ ਰਿਤੇਸ਼ ਨਾਲ ਹੋਈ। ਦੋਵਾਂ ਵਿਚਕਾਰ ਦੋਸਤੀ ਹੋਈ ਅਤੇ ਬਾਅਦ ਵਿੱਚ ਉਹ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗੇ। ਹਾਲਾਂਕਿ, ਦੋਵੇਂ ਕਦੋਂ ਤੋਂ ਨਾਲ ਰਹਿ ਰਹੇ ਸਨ, ਇਸ ਦੀ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ।


3 ਦਿਨ ਇਲਾਜ ਤੋਂ ਬਾਅਦ ਹਸਪਤਾਲ ਵਿੱਚ ਤੋੜਿਆ ਸੀ ਦਮ

9 ਜੁਲਾਈ ਦੀ ਸ਼ਾਮ 6 ਵਜ ਕੇ 44 ਮਿੰਟ 'ਤੇ ਐਡਮਿੰਟਨ ਪੁਲਿਸ ਨੂੰ ਦੱਖਣੀ-ਪੂਰਬੀ ਸ਼ਹਿਰ ਦੇ ਸਿਲਵਰਬੇਰੀ ਇਲਾਕੇ ਵਿੱਚ ਸਥਿਤ ਇੱਕ ਮਕਾਨ ਤੋਂ ਇਮਰਜੈਂਸੀ ਫੋਨ ਆਇਆ। ਜਦੋਂ ਪੁਲਿਸ ਅਤੇ ਪੈਰਾਮੈਡੀਕਲ ਟੀਮ ਉੱਥੇ ਪਹੁੰਚੀ ਤਾਂ ਉਨ੍ਹਾਂ ਨੂੰ ਦਮਨਪ੍ਰੀਤ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ।

ਪੁਲਿਸ ਨੇ ਦਮਨਪ੍ਰੀਤ ਨੂੰ ਤੁਰੰਤ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ 12 ਜੁਲਾਈ ਨੂੰ ਉਸ ਨੇ ਆਖਰੀ ਸਾਹ ਲਏ। 14 ਜੁਲਾਈ ਨੂੰ ਮੈਡੀਕਲ ਐਗਜ਼ਾਮੀਨਰ ਵੱਲੋਂ ਕੀਤੀ ਗਈ ਪੋਸਟਮਾਰਟਮ ਜਾਂਚ ਵਿੱਚ ਇਹ ਸਾਫ਼ ਹੋ ਗਿਆ ਕਿ ਦਮਨਪ੍ਰੀਤ ਦੀ ਮੌਤ ਕੁਦਰਤੀ ਨਹੀਂ ਸਗੋਂ ਗਲਾ ਘੁੱਟਣ ਕਾਰਨ ਹੋਈ ਸੀ।

22 ਜੁਲਾਈ ਨੂੰ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਲਾਏ ਦੋਸ਼

ਐਡਮਿੰਟਨ ਪੁਲਿਸ ਸਰਵਿਸ ਦੀ ਹੋਮੀਸਾਈਡ ਯੂਨਿਟ ਨੇ 22 ਜੁਲਾਈ ਨੂੰ ਦੋਸ਼ੀ ਰਿਤੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਘਰੇਲੂ ਹਿੰਸਾ ਜਾਂ ਪਾਰਟਨਰ ਹਿੰਸਾ (ਇੰਟੀਮੇਟ ਪਾਰਟਨਰ ਹੋਮੀਸਾਈਡ) ਦਾ ਹੈ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਮਾਮਲੇ ਵਿੱਚ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕਰ ਰਹੇ ਹਨ।

ਅਦਾਲਤ ਦੀਆਂ ਆਉਣ ਵਾਲੀਆਂ ਸੁਣਵਾਈਆਂ ਵਿੱਚ ਦੋਸ਼ੀ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਨੇ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ 23 ਜੁਲਾਈ ਨੂੰ ਸਾਂਝੀ ਕੀਤੀ। ਦੋਵਾਂ ਵਿਚਕਾਰ ਵਿਵਾਦ ਕਿਸ ਗੱਲ ਨੂੰ ਲੈ ਕੇ ਹੋਇਆ, ਇਸ ਦਾ ਖੁਲਾਸਾ ਅਜੇ ਤੱਕ ਨਹੀਂ ਹੋ ਪਾਇਆ ਹੈ।

ਮ੍ਰਿਤਕ ਦੇਹ ਪੰਜਾਬ ਲਿਆਉਂਦੀ ਜਾਵੇਗੀ

ਦਮਨਪ੍ਰੀਤ ਕੌਰ ਐਡਮਿੰਟਨ ਵਿੱਚ ਰਹਿੰਦੀ ਸੀ। ਉਹ ਪੜ੍ਹਾਈ ਤੋਂ ਬਾਅਦ ਹੁਣ ਨੌਕਰੀ ਕਰ ਰਹੀ ਸੀ। ਕੈਨੇਡਾਈ ਮੀਡੀਆ ਦੇ ਅਨੁਸਾਰ, ਦਮਨਪ੍ਰੀਤ ਦੀ ਲਾਸ਼ ਨੂੰ ਭਾਰਤ ਵਿੱਚ ਉਸ ਦੇ ਪਰਿਵਾਰ ਕੋਲ ਭੇਜਣ ਅਤੇ ਅੰਤਿਮ ਸੰਸਕਾਰ ਦੇ ਕਾਗਜ਼ੀ ਕੰਮਾਂ ਦਾ ਖਰਚਾ ਚੁੱਕਣ ਲਈ ਇੱਕ 'ਗੋ-ਫੰਡ-ਮੀ' ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ। ਮ੍ਰਿਤਕ ਦੇਹ ਕਦੋਂ ਤੱਕ ਭਾਰਤ ਪਹੁੰਚੇਗੀ, ਅਜੇ ਇਸ ਦੀ ਕੋਈ ਤਾਰੀਖ ਤੈਅ ਨਹੀਂ ਹੈ।

ਦੱਸਿਆ ਜਾ ਰਿਹਾ ਹੈ ਕਿ ਰਿਤੇਸ਼ ਵੀ ਪੜ੍ਹਾਈ ਤੋਂ ਬਾਅਦ ਇੱਥੇ ਜੌਬ ਕਰ ਰਿਹਾ ਸੀ। ਉੱਥੇ ਹੀ, ਹੁਣ ਤੱਕ ਭਾਰਤ ਸਰਕਾਰ ਜਾਂ ਭਾਰਤੀ ਦੂਤਾਵਾਸ ਵੱਲੋਂ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਨਹੀਂ ਮਿਲੀ ਹੈ।

Related Post

DC ਦਫ਼ਤਰ ਦੇ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ, ਪੰਜਾਬ ਭਰ ‘ਚ ਸਰਕਾਰੀ ਕੰਮਕਾਜ ਠੱਪ, ਦਫਤਰਾਂ ‘ਚ ਲੋਕ ਖੱਜਲ ਖੁਆਰ….
ਅਦਾਕਾਰ ਰੱਬੀ ਕੰਧੋਲਾ ਸਾਥੀਆਂ ਸਮੇਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ‘ਚ ਸ਼ਾਮਲ, ਪਾਰਟੀ ਨੂੰ ਮਿਲਿਆ ਵੱਡਾ ਸਿਆਸੀ ਹੁਲਾਰਾ
ਪੰਜਾਬ ਦੇ 23 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਜਾਰੀ, ਕੁਝ ਇਲਾਕਿਆਂ ‘ਚ ਭਾਰੀ ਮੀਂਹ, ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਭਵਿੱਖਬਾਣੀ
ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ AI ਦੀ ਪੜ੍ਹਾਈ ਕਰਵਾਈ ਜਾਏਗੀ, ਜਾਣੋ ਕਦੋਂ ਤੋਂ ਹੋਏਗੀ ਸ਼ੁਰੂਆਤ
ਸੰਯੁਕਤ ਕਿਸਾਨ ਮੋਰਚੇ ਦਾ ਐਲਾਨ: ਭਾਰਤ-ਅਮਰੀਕਾ ਵਪਾਰ ਸਮਝੌਤੇ ਵਿਰੁੱਧ ਪੰਜਾਬ ਭਰ ‘ਚ ਟੋਲ ਪਲਾਜ਼ੇ ਫ਼੍ਰੀ
ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਵੱਡਾ ਐਕਸ਼ਨ! ਸੀਨੀਅਰ ਆਗੂ ਨੂੰ ਕੱਢਿਆ ਪਾਰਟੀ ਤੋਂ ਬਾਹਰ, ਜਾਣੋ ਵਜ੍ਹਾ….

© Copyright Galactic Television & Communications Pvt. Ltd. 2026. All rights reserved.