ਸੁਖਜਿੰਦਰ ਸਿੰਘ ਰੰਧਾਵਾ ਦੀ ਮੌਤ ਬਾਰੇ ਫੈਲਾਈ ਗਈ ਝੂਠੀ ਖ਼ਬਰ, ਸਾਂਸਦ ਨੇ ਸਾਈਬਰ ਸੈੱਲ ਕੋਲ ਦਰਜ ਕਰਵਾਈ ਸ਼ਿਕਾਇਤ

By:  Lajwinder Kaur May 2nd 2026 12:12 PM -- Updated: May 2nd 2026 12:24 PM

ਸਿਆਸੀ ਗਲਿਆਰਿਆਂ ਦੇ ਵਿੱਚ ਉਸ ਸਮੇਂ ਹਲਚਲ ਮੱਚ ਗਈ ਜਦੋਂ ਕਾਂਗਰਸ ਦੇ ਸੀਨੀਅਰ ਨੇਤਾ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਲੱਗ ਪਈ। ਜਦੋਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਕੰਨੀਂ ਇਹ ਖਬਰ ਪਈ ਤਾਂ ਉਨ੍ਹਾਂ ਪੋਸਟ ਪਾ ਕੇ ਦੱਸਿਆ ਇਹ ਖਬਰਾਂ ਝੂਠੀਆਂ ਹਨ। ਉਨ੍ਹਾਂ ਨੇ ਇਸ ਸੋਸ਼ਲ ਮੀਡੀਆ 'ਤੇ ਆਪਣੀ ਮੌਤ ਸਬੰਧੀ ਫੈਲਾਈ ਗਈ ਇੱਕ ਫਰਜ਼ੀ ਪੋਸਟ ਦੇ ਮਾਮਲੇ ਵਿੱਚ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਉਨ੍ਹਾਂ ਨੇ ਇਸ ਸਬੰਧੀ ਮੋਹਾਲੀ ਸਥਿਤ ਸਟੇਟ ਸਾਈਬਰ ਕਰਾਈਮ ਸੈੱਲ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ADGP) ਨੂੰ ਅਧਿਕਾਰਿਕ ਸ਼ਿਕਾਇਤ ਦਰਜ ਕਰਵਾਈ ਹੈ।

ਸੋਸ਼ਲ ਮੀਡੀਆ ਉੱਤੇ ਰੰਧਾਵਾ ਨੇ ਪੋਸਟ ਪਾ ਕੇ ਲਿਖਿਆ- 'ਹਮੇਸ਼ਾ ਚੜ੍ਹਦੀ ਕਲਾ' ਤੇ ਨਾਲ ਹੀ ਉਨ੍ਹਾਂ ਆਪਣੀ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਸੁਖਜਿੰਦਰ ਰੰਧਾਵਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਇਹ ਝੂਠੀ ਪੋਸਟ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ, ਸਾਥੀਆਂ ਅਤੇ ਆਮ ਲੋਕਾਂ ਵਿੱਚ ਭਾਰੀ ਘਬਰਾਹਟ ਤੇ ਮਾਨਸਿਕ ਪਰੇਸ਼ਾਨੀ ਪੈਦਾ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਇਸ ਪੋਸਟ ਨੂੰ ਸੱਚਾ ਦਿਖਾਉਣ ਲਈ ਇੱਕ ਨਾਮੀ ਟੀਵੀ ਚੈਨਲ ਦਾ ਲੋਗੋ ਅਤੇ ਨਾਮ ਵੀ ਵਰਤਿਆ ਗਿਆ ਸੀ, ਜਦਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਮੀਡੀਆ ਅਦਾਰੇ ਨੇ ਅਜਿਹੀ ਕੋਈ ਖ਼ਬਰ ਨਹੀਂ ਚਲਾਈ ਸੀ।

ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਹੋਏ ਵੱਡੀ ਕਾਰਵਾਈ

ਸੰਸਦ ਮੈਂਬਰ ਨੇ ਮੰਗ ਕੀਤੀ ਹੈ ਕਿ ਸਾਈਬਰ ਸੈੱਲ ਇਸ ਪੋਸਟ ਦੇ ਮੂਲ ਸਰੋਤ ਦੀ ਪਛਾਣ ਕਰੇ ਅਤੇ ਇਸ ਨੂੰ ਬਣਾਉਣ ਤੇ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਅਜਿਹੀ ਭਰਮਾਊ ਸਮੱਗਰੀ ਤੁਰੰਤ ਹਟਾਈ ਜਾਵੇ ਅਤੇ ਭਵਿੱਖ ਵਿੱਚ ਅਜਿਹੀਆਂ ਫਰਜ਼ੀ ਖ਼ਬਰਾਂ ਨੂੰ ਰੋਕਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣ।

© Copyright Galactic Television & Communications Pvt. Ltd. 2026. All rights reserved.