Punjab News: "ਮੈਸੇਜ ਇਗਨੋਰ ਨਾ ਕਰੀਂ, ਗੋਲੀਆਂ ਨਹੀਂ ਸਾਂਭ ਹੋਣੀਆਂ"; ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੇ ਨਾਂਅ ਤੋਂ ਮਿਲੀ ਧਮਕੀ, ਮਿਊਜ਼ਿਕ ਜਗਤ ‘ਚ ਮੱਚੀ ਹਲਚਲ

By:  Lajwinder Kaur March 17th 2026 03:54 PM -- Updated: March 17th 2026 04:10 PM

ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਜਿਸ ਕਾਰਨ ਪੂਰੇ ਮਨੋਰੰਜਨ ਜਗਤ ਵਿੱਚ ਚਿੰਤਾ ਦੀ ਲਹਿਰ ਦੌੜ ਗਈ ਹੈ। ਇਸ ਧਮਕੀ ਦਾ ਇੱਕ ਆਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਸੂਤਰਾਂ ਅਨੁਸਾਰ ਇਹ ਧਮਕੀ ਕਥਿਤ ਤੌਰ 'ਤੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਆਡੀਓ ਕਾਲ ਰਾਹੀਂ ਗਿੱਪੀ ਗਰੇਵਾਲ ਨੂੰ ਸੰਦੇਸ਼ ਭੇਜਿਆ ਗਿਆ ਹੈ, ਜਿਸ ਵਿੱਚ ਬੇਹੱਦ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ "ਇਸ ਮੈਸੇਜ ਨੂੰ ਨਜ਼ਰਅੰਦਾਜ਼ ਨਾ ਕਰਨਾ... ਨਹੀਂ ਤਾਂ ਗੋਲੀਆਂ ਚੱਲਣਗੀਆਂ।" ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਅਲਰਟ 'ਤੇ ਹਨ।

ਗਿੱਪੀ ਗਰੇਵਾਲ ਦੀ ਸੁਰੱਖਿਆ ਨੂੰ ਲੈ ਕੇ ਵਧੀ ਚਿੰਤਾ; ਪਹਿਲਾਂ ਵੀ ਨਿਸ਼ਾਨੇ 'ਤੇ ਰਹੇ ਹਨ ਅਦਾਕਾਰ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗਿੱਪੀ ਗਰੇਵਾਲ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਕਈ ਵਾਰ ਅਜਿਹੀਆਂ ਗੰਭੀਰ ਧਮਕੀਆਂ ਮਿਲ ਚੁੱਕੀਆਂ ਹਨ। ਇਸ ਤਾਜ਼ਾ ਘਟਨਾ ਤੋਂ ਬਾਅਦ ਗਿੱਪੀ ਗਰੇਵਾਲ ਦੇ ਪ੍ਰਸ਼ੰਸਕਾਂ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਵਿੱਚ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਭਾਰੀ ਚਿੰਤਾ ਅਤੇ ਡਰ ਦਾ ਮਾਹੌਲ ਬਣ ਗਿਆ ਹੈ। ਇੰਡਸਟਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਕਲਾਕਾਰਾਂ ਨੂੰ ਮਿਲ ਰਹੀਆਂ ਅਜਿਹੀਆਂ ਲਗਾਤਾਰ ਧਮਕੀਆਂ ਚਿੰਤਾ ਦਾ ਵਿਸ਼ਾ ਹਨ।

ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਕੋਲ ਅਜੇ ਤੱਕ ਇਸ ਧਮਕੀ ਸਬੰਧੀ ਕੋਈ ਅਧਿਕਾਰਤ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਗਾਇਕ ਜਾਂ ਉਨ੍ਹਾਂ ਦੀ ਟੀਮ ਵੱਲੋਂ ਇਸ ਸਬੰਧੀ ਕੋਈ ਵੀ ਸ਼ਿਕਾਇਤ ਮਿਲਦੀ ਹੈ, ਤਾਂ ਪੁਲਿਸ ਤੁਰੰਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇਗੀ।

ਕੈਨੇਡਾ ਸਥਿਤ ਘਰ 'ਤੇ ਪਹਿਲਾਂ ਵੀ ਹੋ ਚੁੱਕੀ ਹੈ ਫਾਇਰਿੰਗ, ਲਾਰੈਂਸ ਗੈਂਗ ਨੇ ਲਈ ਸੀ ਜ਼ਿੰਮੇਵਾਰੀ

ਗਿੱਪੀ ਗਰੇਵਾਲ ਕੈਨੇਡਾ ਦੇ ਵੈਨਕੂਵਰ ਸਥਿਤ 'ਵ੍ਹਾਈਟ ਰੌਕ' ਇਲਾਕੇ ਵਿੱਚ ਰਹਿੰਦੇ ਹਨ, ਜਿੱਥੇ ਪਿਛਲੇ ਸਾਲ 25 ਨਵੰਬਰ ਨੂੰ ਉਨ੍ਹਾਂ ਦੇ ਬੰਗਲੇ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਸੀ। ਲਾਰੈਂਸ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਨਾ ਸਿਰਫ਼ ਇਸ ਹਮਲੇ ਦੀ ਪੁਸ਼ਟੀ ਕੀਤੀ ਸੀ, ਸਗੋਂ ਗਿੱਪੀ ਗਰੇਵਾਲ ਨੂੰ ਜਾਨੋਂ ਮਾਰਨ ਦੀ ਸਿੱਧੀ ਧਮਕੀ ਵੀ ਦਿੱਤੀ ਸੀ।

2018 'ਚ ਵੀ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ; ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਗੈਂਗਸਟਰਾਂ ਨੂੰ ਕੀਤਾ ਬਰੀ

ਗਿੱਪੀ ਗਰੇਵਾਲ ਨੂੰ ਸਭ ਤੋਂ ਪਹਿਲਾਂ ਸਾਲ 2018 ਵਿੱਚ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇਹ ਧਮਕੀ ਗੈਂਗਸਟਰ ਦਿਲਪ੍ਰੀਤ ਸਿੰਘ ਦਹਾਨ ਉਰਫ਼ ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਵੱਲੋਂ ਦਿੱਤੀ ਗਈ ਸੀ। 31 ਮਈ 2018 ਨੂੰ ਫ਼ੋਨ 'ਤੇ ਫਿਰੌਤੀ (ਰੰਗਦਾਰੀ) ਲਈ ਧਮਕੀ ਆਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਸ ਦਾ ਹਸ਼ਰ ਵੀ ਅਮਰ ਸਿੰਘ ਚਮਕੀਲਾ ਵਰਗਾ ਕੀਤਾ ਜਾਵੇਗਾ।

ਇਸ ਘਟਨਾ ਤੋਂ ਬਾਅਦ ਗਿੱਪੀ ਗਰੇਵਾਲ ਨੇ ਮੋਹਾਲੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਦੇ ਅਧਾਰ 'ਤੇ FIR ਦਰਜ ਕੀਤੀ ਗਈ ਸੀ। ਹਾਲਾਂਕਿ, ਲੰਬੀ ਸੁਣਵਾਈ ਤੋਂ ਬਾਅਦ ਦਸੰਬਰ 2024 ਵਿੱਚ ਮੋਹਾਲੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਦੋਵਾਂ ਗੈਂਗਸਟਰਾਂ ਨੂੰ ਇਸ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਸੀ।

"ਮੁੱਖ ਮੰਤਰੀ ਨੇ ਗਿੱਪੀ ਗਰੇਵਾਲ ਦੀ ਸੁਰੱਖਿਆ ਵਾਪਸ ਲਈ" - ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਿੱਪੀ ਗਰੇਵਾਲ ਨੂੰ ਮਿਲੀ ਧਮਕੀ 'ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਸਾਡੇ ਸੁਪਰਸਟਾਰ ਗਿੱਪੀ ਗਰੇਵਾਲ ਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਧਮਕੀ ਮਿਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਧਮਕੀ ਉਸ ਵੇਲੇ ਆਈ ਹੈ ਜਦੋਂ ਮੁੱਖ ਮੰਤਰੀ ਨੇ ਗਿੱਪੀ ਦੀ ਸੁਰੱਖਿਆ ਵਾਪਸ ਲੈ ਲਈ। ਸੁਖਬੀਰ ਬਾਦਲ ਅਨੁਸਾਰ, ਇਹ ਸੁਰੱਖਿਆ ਸਿਰਫ਼ ਇਸ ਲਈ ਹਟਾਈ ਗਈ ਕਿਉਂਕਿ ਗਿੱਪੀ ਗਰੇਵਾਲ ਹਾਲ ਹੀ ਵਿੱਚ ਉਨ੍ਹਾਂ ਨੂੰ ਮਿਲਣ ਲਈ ਬਾਦਲ ਨਿਵਾਸ ਪਹੁੰਚੇ ਸਨ।

ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਹੁਣ ਕੋਈ ਵੀ ਸੁਰੱਖਿਅਤ ਨਹੀਂ ਹੈ ਕਿਉਂਕਿ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਸੁਰੱਖਿਆ ਦੇਣਾ ਹੁਣ ਮੁੱਖ ਮੰਤਰੀ ਦੀ ਮਰਜ਼ੀ 'ਤੇ ਨਿਰਭਰ ਹੋ ਗਿਆ ਹੈ। ਉਨ੍ਹਾਂ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਪਹਿਲਾਂ ਹੀ ਆਪਣਾ ਇੱਕ ਮਸ਼ਹੂਰ ਗਾਇਕ ਖੋ ਚੁੱਕੇ ਹਾਂ, ਜਿਸ ਦੀ ਮੌਤ ਭਗਵੰਤ ਮਾਨ ਦੇ ਗਲਤ ਫੈਸਲੇ (ਸੁਰੱਖਿਆ ਹਟਾਉਣ ਅਤੇ ਜਾਣਕਾਰੀ ਲੀਕ ਕਰਨ) ਕਾਰਨ ਹੋਈ ਸੀ।


Related Post

ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਝਟਕਾ! ਫਤਿਹਗੜ੍ਹ ਚੂੜੀਆਂ ਤੋਂ ਹਲਕਾ ਇੰਚਾਰਜ ਬਿਕਰਮਜੀਤ ਸਿੰਘ ਰੰਧਾਵਾ ਅਕਾਲੀ ਦਲ ‘ਚ ਸ਼ਾਮਲ
ਏਸ਼ੀਆਈ ਖੇਡਾਂ ‘ਚ ਪੰਜਾਬ ਦੇ ਗੱਭਰੂ ਸਤਨਾਮ ਸਿੰਘ ਨੇ ਰੋਇੰਗ ‘ਚ ਜਿੱਤਿਆ ਕਾਂਸੀ ਦਾ ਤਮਗਾ: CM ਮਾਨ ਵੱਲੋਂ 50 ਲੱਖ ਰੁਪਏ ਦੇ ਇਨਾਮ ਦਾ ਐਲਾਨ
ਇਲਜ਼ਾਮਾਂ ਤੋਂ ਬਾਅਦ ਮੀਡੀਆ ਅੱਗੇ ਆਏ ਹਰਦੀਪ ਮੁੰਡੀਆਂ, ਬੋਲੇ- ‘ਪਰਿਵਾਰ ਨੂੰ ਕੀਤਾ ਗਿਆ ਪ੍ਰੇਸ਼ਾਨ, ਪਾਰਟੀ ਬਦਲਣ ਨੂੰ ਲੈ ਕੇ ਪਾਇਆ ਦਬਾਅ’, ਬਿੱਟੂ ਨੂੰ ਸੁਣਾਈਆਂ ਖਰੀਆਂ-ਖਰੀਆਂ
ASI 'ਤੇ ਗੋਲੀ ਚਲਾਉਣ ਵਾਲਾ ਮੁਲਜ਼ਮ ਪੁਲਿਸ ਹਿਰਾਸਤ ’ਚੋਂ ਫਰਾਰ; ਮਹਿਕਮੇ 'ਚ ਮੱਚਿਆ ਹੜਕੰਪ, SHO ਸਸਪੈਂਡ
ਪੰਜਾਬ-ਚੰਡੀਗੜ੍ਹ ਤੋਂ ਮਾਨਸੂਨ ਦੀ ਵਿਦਾਈ: ਅੱਜ ਮੌਸਮ ਰਹੇਗਾ ਖੁਸ਼ਕ, 26 ਤੋਂ 28 ਸਤੰਬਰ ਤੱਕ ਮੀਂਹ ਦੇ ਆਸਾਰ
DA ਨੂੰ ਲੈ ਕੇ ਵੱਡਾ ਅਪਡੇਟ! ਮੁਲਾਜ਼ਮਾਂ ਦੇ 8 ਫੀਸਦੀ ਡੀਏ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤਾ ਪੱਤਰ

© Copyright Galactic Television & Communications Pvt. Ltd. 2026. All rights reserved.