ਕਾਂਗਰਸੀ ਆਗੂ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ ਵਧੀਆਂ, ‘ਆਪ’ ਨੇਤਾ ਗਾਇਤਰੀ ਬਿਸ਼ਨੋਈ ਨੇ ਦਰਜ ਕਰਾਈ ਸ਼ਿਕਾਇਤ
ਖਹਿਰਾ ਦੀ ਟਿੱਪਣੀ ਦਾ ਵਿਵਾਦ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਦੀ ਨੇਤਾ ਗਾਇਤਰੀ ਬਿਸ਼ਨੋਈ ਨੇ ਸੁਖਪਾਲ ਖਹਿਰਾ ਦੇ ਖਿਲਾਫ ਇੱਕ ਮਹਿਲਾ ਦੀ ਗਰਿਮਾ ਭੰਗ ਕਰਨ ਦੇ ਦੋਸ਼ ਤਹਿਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।
By:
Lajwinder Kaur
September 26th 2026 10:51 AM --
Updated:
September 26th 2026 11:02 AM
ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ ਵਿੱਚ ਵੱਡਾ ਵਾਧਾ ਹੋਇਆ ਹੈ। ਆਮ ਆਦਮੀ ਪਾਰਟੀ (ਆਪ) ਦੀ ਨੇਤਾ ਗਾਇਤਰੀ ਬਿਸ਼ਨੋਈ ਨੇ ਸੁਖਪਾਲ ਖਹਿਰਾ ਦੇ ਖਿਲਾਫ ਇੱਕ ਮਹਿਲਾ ਦੀ ਗਰਿਮਾ ਭੰਗ ਕਰਨ ਦੇ ਦੋਸ਼ ਤਹਿਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।
ਕੀ ਹੈ ਪੂਰਾ ਮਾਮਲਾ?
ਸੁਖਪਾਲ ਖਹਿਰਾ ਵੱਲੋਂ ਗਾਇਤਰੀ ਬਿਸ਼ਨੋਈ ਦੇ ਚਰਿੱਤਰ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ। ਇਸ ਤੋਂ ਬਾਅਦ ਵਿਵਾਦਤ ਵੀਡੀਓ ਸੰਦੇਸ਼ਾਂ ਅਤੇ ਦੋਸ਼-ਪ੍ਰਤੀਦੋਸ਼ਾਂ ਦੇ ਚੱਲਦਿਆਂ ‘ਆਪ’ ਨੇਤਾ ਗਾਇਤਰੀ ਬਿਸ਼ਨੋਈ ਨੇ ਪੰਜਾਬ ਪੁਲਿਸ ਕੋਲ ਪਹੁੰਚ ਕਰਕੇ ਸੁਖਪਾਲ ਖਹਿਰਾ ਖ਼ਿਲਾਫ ਜਲਦੀ ਤੋਂ ਜਲਦੀ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਹ ਰਸਮੀ ਸ਼ਿਕਾਇਤ ਪੰਜਾਬ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਦੱਸ ਦੇਈਏ ਕਿ ਕਾਂਗਰਸ ਨੇਤਾ ਸੁਖਪਾਲ ਖਹਿਰਾ ਨੇ ਪਹਿਲਾਂ ਦੋਸ਼ ਲਾਇਆ ਸੀ ਕਿ ਗਾਇਤਰੀ ਬਿਸ਼ਨੋਈ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਨੂੰ ਅਲਾਟ ਕੀਤੇ ਗਏ ਬੰਗਲੇ ਵਿੱਚ ਰਹਿੰਦੀ ਹੈ।
ਅਮਨਦੀਪ ਕੌਰ ਅਰੋੜਾ ਨੇ ਵੀ ਖਹਿਰਾ ਨੂੰ ਸੁਣਾਈਆਂ ਖਰੀਆਂ-ਖਰੀਆਂ
AAP ਦੇ ਮਹਿਲਾ ਵਿੰਗ ਨੇ ਆਪਣੇ ਇੱਕ ਸੂਬਾ ਆਗੂ ਵਿਰੁੱਧ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੀਆਂ ਬੇਹੱਦ ਅਪਮਾਨਜਨਕ ਅਤੇ ਭੱਦੀਆਂ ਟਿੱਪਣੀਆਂ ਦੀ ਨਿੰਦਾ ਕੀਤੀ ਹੈ। ਵਿੰਗ ਦੀ ਸੂਬਾ ਪ੍ਰਧਾਨ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਖਹਿਰਾ ਦੀਆਂ ਟਿੱਪਣੀਆਂ ਨੂੰ ਦੇਸ਼ ਦੀ ਹਰੇਕ ਮਾਂ, ਭੈਣ ਅਤੇ ਧੀ ਦਾ ਅਪਮਾਨ ਕਰਾਰ ਦਿੰਦਿਆਂ ਉਨ੍ਹਾਂ ਤੋਂ ਇਸ ਦਾ ਜਵਾਬ ਮੰਗਿਆ ਹੈ।
ਡਾਕਟਰ ਅਰੋੜਾ ਨੇ ਕਿਹਾ ਕਿ ਆਪ ਦੇ ਸੂਬਾ ਅਬਜ਼ਰਵਰ ਗਾਇਤਰੀ ਬਿਸ਼ਨੋਈ ਦੇ ਪਿਤਾ ਲੰਘੇ ਛੇ ਮਹੀਨਿਆਂ ਤੋਂ ਦਿਲ ਦੀ ਬੀਮਾਰੀ ਦਾ ਇਲਾਜ ਕਰਵਾਉਣ ਲਈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਸਰਕਾਰੀ ਕੋਠੀ ਨੰਬਰ 961 ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੇ ਕੋਠੀ ਨੰਬਰ 959 ਦਾ ਗ਼ਲਤ ਹਵਾਲਾ ਦੇ ਕੇ ਮਹਿਲਾ ਆਗੂ ਦੇ ਕਿਰਦਾਰ ਨੂੰ ਲੈ ਕੇ ਗ਼ਲਤ ਟਿੱਪਣੀਆਂ ਕਰਕੇ ਔਰਤਾਂ ਅਤੇ ਬੱਚੀਆਂ ਪ੍ਰਤੀ ਆਪਣੀ ਕੋਝੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇਸ਼ ਅਤੇ ਪੰਜਾਬ ਦੀ ਹਰੇਕ ਬੱਚੀ ਸੁਖਪਾਲ ਖਹਿਰਾ ਤੋਂ ਇਸ ਦਾ ਜਵਾਬ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਖਹਿਰਾ ਔਰਤਾਂ ਅਤੇ ਧੀਆਂ ਸਬੰਧੀ ਅਜਿਹੀ ਸੋਚ ਰੱਖਦੇ ਹਨ, ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਇਸ ਸੋਚ ਲਈ ਸ਼ਰਮ ਆਉਣੀ ਚਾਹੀਦੀ ਹੈ। ਡਾਕਟਰ ਅਰੋੜਾ ਨੇ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੁੰਦਿਆਂ ਸਖ਼ਤ ਗੁੱਸੇ ਦਾ ਪ੍ਰਗਟਾਵਾ ਕੀਤਾ ਅਤੇ ਸੁਖਪਾਲ ਖਹਿਰਾ ਨੂੰ ਖਰੀਆਂ-ਖਰੀਆਂ ਸੁਣਾਈਆਂ।