ਮਦਨ ਲਾਲ ਜਲਾਲਪੁਰ ਦੀ ਕਾਂਗਰਸ ‘ਚ ਵਾਪਸੀ ਦੇ ਐਲਾਨ ਤੋਂ ਬਾਅਦ ਛਿੜੀ ਨਵੀਂ ਸਿਆਸੀ ਚਰਚਾ; 'ਮੁਅੱਤਲੀ ਰੱਦ' ਕਰਨ ਦੇ ਬਿਆਨ 'ਤੇ ਉੱਠੇ ਸਵਾਲ

ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਉਸ ਵੇਲੇ ਇੱਕ ਨਵਾਂ ਮੋੜ ਆ ਗਿਆ, ਜਦੋਂ ਪਾਰਟੀ ਵੱਲੋਂ ਘਨੌਰ ਤੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਮੁਅੱਤਲੀ ਰੱਦ ਕਰਕੇ ਮੁੜ ਪਾਰਟੀ ਵਿੱਚ ਸ਼ਾਮਲ ਕਰਨ ਦਾ ਅਧਿਕਾਰਤ ਐਲਾਨ ਕੀਤਾ ਗਿਆ।

By:  Lajwinder Kaur November 23rd 2026 12:09 PM -- Updated: November 23rd 2026 12:26 PM

ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਉਸ ਵੇਲੇ ਇੱਕ ਨਵਾਂ ਮੋੜ ਆ ਗਿਆ, ਜਦੋਂ ਪਾਰਟੀ ਵੱਲੋਂ ਘਨੌਰ ਤੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਮੁਅੱਤਲੀ ਰੱਦ ਕਰਕੇ ਮੁੜ ਪਾਰਟੀ ਵਿੱਚ ਸ਼ਾਮਲ ਕਰਨ ਦਾ ਅਧਿਕਾਰਤ ਐਲਾਨ ਕੀਤਾ ਗਿਆ। ਇੰਡੀਅਨ ਨੈਸ਼ਨਲ ਕਾਂਗਰਸ - ਪੰਜਾਬ ਦੇ ਅਧਿਕਾਰਤ ਸੋਸ਼ਲ ਮੀਡੀਆ ਪੇਜ 'ਤੇ ਸਾਂਝੀ ਕੀਤੀ ਗਈ ਜਾਣਕਾਰੀ ਅਤੇ ਤਸਵੀਰ ਅਨੁਸਾਰ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਨੇ ਜਲਾਲਪੁਰ ਦੀ ਮੁਅੱਤਲੀ ਰੱਦ ਕਰਨ ਦਾ ਹੁਕਮ ਜਾਰੀ ਕਰਦਿਆਂ ਉਨ੍ਹਾਂ ਦੀ ਪਾਰਟੀ ਵਿੱਚ ਮੁੜ ਵਾਪਸੀ ਦਾ ਨਿੱਘਾ ਸਵਾਗਤ ਕੀਤਾ ਹੈ। ਤਸਵੀਰਾਂ ਵਿੱਚ ਪਾਰਟੀ ਆਗੂ ਉਨ੍ਹਾਂ ਨੂੰ ਇਸ ਸਬੰਧੀ ਅਧਿਕਾਰਤ ਪੱਤਰ ਸੌਂਪਦੇ ਹੋਏ ਨਜ਼ਰ ਆ ਰਹੇ ਹਨ।

ਵਿਰੋਧਾਭਾਸੀ ਬਿਆਨਾਂ ਕਾਰਨ ਗਰਮਾਈ ਸਿਆਸਤ

ਇਸ ਘਟਨਾਕ੍ਰਮ ਤੋਂ ਬਾਅਦ ਸੂਬੇ ਦੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ ਅਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਦਰਅਸਲ, ਪਿਛਲੇ ਦਿਨੀਂ ਖ਼ੁਦ ਮਦਨ ਲਾਲ ਜਲਾਲਪੁਰ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਕਦੇ ਸਸਪੈਂਡ (ਮੁਅੱਤਲ) ਹੀ ਨਹੀਂ ਕੀਤਾ ਗਿਆ ਸੀ। ਪਰ ਦੂਜੇ ਪਾਸੇ, ਪਾਰਟੀ ਦੇ ਅਧਿਕਾਰਤ ਪੇਜ ਵੱਲੋਂ 'ਮੁਅੱਤਲੀ ਰੱਦ ਕਰਕੇ ਮੁੜ ਵਾਪਸੀ' ਸਬੰਧੀ ਜਾਰੀ ਕੀਤੇ ਗਏ ਤਾਜ਼ਾ ਬਿਆਨ ਅਤੇ ਪੱਤਰ ਸੌਂਪਣ ਦੀਆਂ ਤਸਵੀਰਾਂ ਤੋਂ ਬਿਲਕੁਲ ਵੱਖਰੀ ਸਥਿਤੀ ਸਾਹਮਣੇ ਆ ਰਹੀ ਹੈ। ਇਸ ਨੇ ਪਾਰਟੀ ਹਾਈਕਮਾਨ ਦੇ ਅਧਿਕਾਰਤ ਫ਼ੈਸਲੇ ਅਤੇ ਜਲਾਲਪੁਰ ਦੇ ਪਿਛਲੇ ਦਾਅਵਿਆਂ ਵਿਚਲੇ ਸਿੱਧੇ ਵਿਰੋਧਾਭਾਸ ਨੂੰ ਉਜਾਗਰ ਕਰ ਦਿੱਤਾ ਹੈ।

ਕੀ ਸੀ ਪੂਰਾ ਮਾਮਲਾ?

ਜ਼ਿਕਰਯੋਗ ਹੈ ਕਿ ਬੀਤੇ ਅਗਸਤ ਮਹੀਨੇ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਸੀਨੀਅਰ ਆਗੂਆਂ ਖ਼ਿਲਾਫ਼ ਬਿਆਨਬਾਜ਼ੀ ਦੇ ਦੋਸ਼ਾਂ ਹੇਠ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੀ ਅਨੁਸ਼ਾਸਨੀ ਕਮੇਟੀ ਨੇ ਮਦਨ ਲਾਲ ਜਲਾਲਪੁਰ ਨੂੰ ਤਿੰਨ ਸਾਲਾਂ ਲਈ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਸੀ। ਇਸ ਕਾਰਵਾਈ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਈ ਸੀਨੀਅਰ ਆਗੂਆਂ ਨੇ ਜਲਾਲਪੁਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਉਨ੍ਹਾਂ ਦੀ ਮੁਅੱਤਲੀ ਵਾਪਸ ਲੈਣ ਦੀ ਮੰਗ ਕੀਤੀ ਸੀ। ਬੀਤੇ ਦਿਨ ਵੀ ਚਰਨਜੀਤ ਸਿੰਘ ਚੰਨੀ ਵੱਲੋਂ ਜਲਾਲਪੁਰ ਦੇ ਘਰ ਪਹੁੰਚ ਕੇ ਮੁਲਾਕਾਤ ਕੀਤੀ ਗਈ ਸੀ, ਜਿਸ ਤੋਂ ਤੁਰੰਤ ਬਾਅਦ ਹੁਣ ਪਾਰਟੀ ਪ੍ਰਧਾਨ ਪ੍ਰਗਟ ਸਿੰਘ ਵੱਲੋਂ ਉਨ੍ਹਾਂ ਦੀ ਮੁਅੱਤਲੀ ਰੱਦ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਹੈ।   

ਹਾਲਾਂਕਿ ਪਾਰਟੀ ਵੱਲੋਂ ਇਸ ਕਦਮ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਦੱਸਿਆ ਜਾ ਰਿਹਾ ਹੈ, ਪਰ ਜਲਾਲਪੁਰ ਦੀ ਮੁਅੱਤਲੀ ਨੂੰ ਲੈ ਕੇ ਚੱਲੀ ਬਿਆਨਬਾਜ਼ੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Related Post

ਚੋਣਾਂ ਤੋਂ ਪਹਿਲਾਂ 'ਆਪ' ਨੂੰ ਵੱਡਾ ਝਟਕਾ: ਨਾਮੀ ਆਗੂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਭਾਜਪਾ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਤੇਜ਼
ਸ਼੍ਰੋਮਣੀ ਅਕਾਲੀ ਦਲ ਵੱਲੋਂ ਬੁਢਲਾਡਾ ਹਲਕੇ ਲਈ ਵੱਡਾ ਐਲਾਨ: ਆਹ ਵਾਲੇ ਆਗੂ ਨੂੰ ਬਣਾਇਆ ਹਲਕਾ ਇੰਚਾਰਜ
ਪੰਜਾਬ ਨਗਰ ਕੌਂਸਲ ਤੇ ਨਿਗਮ ਉਪ-ਚੋਣਾਂ 2026: ਭਾਜਪਾ ਨੇ ਪਟਿਆਲਾ, ਬਾਘਾ ਪੁਰਾਣਾ ਅਤੇ ਧਰਮਕੋਟ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
ਗੁਰੂਹਰਸਹਾਏ 'ਚ ਕਾਂਗਰਸ ਨੂੰ ਝਟਕਾ, ਨਗਰ ਕੌਂਸਲ ਦੇ ਕਾਂਗਰਸੀ ਕੌਂਸਲਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡਾ ਬਦਲਾਅ! ਨਾਮੀ ਚਿਹਰਾ ਮੁੜ ਅਕਾਲੀ ਦਲ ਦਾ ਫੜੇਗਾ ਪੱਲਾ, ਸੁਖਬੀਰ ਬਾਦਲ ਦੀ ਅਗਵਾਈ ‘ਚ….
ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ AAP ਨੇ ਜਾਰੀ ਕੀਤੀ 9 ਉਮੀਦਵਾਰਾਂ ਦੀ ਪਹਿਲੀ ਸੂਚੀ, ਜਾਣੋ ਕਿਸ ਵਾਰਡ ਤੋਂ ਕਿਸ ਨੂੰ ਮਿਲੀ ਟਿਕਟ

© Copyright Galactic Television & Communications Pvt. Ltd. 2026. All rights reserved.