ਪੰਜਾਬ ਚੋਣਾਂ ਲਈ AAP ਦੀ ਦਿੱਲੀ 'ਚ ਅਹਿਮ ਮੀਟਿੰਗ ਅੱਜ, ਕੇਜਰੀਵਾਲ ਤੇ CM ਮਾਨ ਕਰਨਗੇ ਸ਼ਿਰਕਤ; ਉਮੀਦਵਾਰਾਂ ਦੀ ਪਹਿਲੀ ਸੂਚੀ 'ਤੇ ਹੋਵੇਗੀ ਚਰਚਾ

ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਅੱਜ ਦਿੱਲੀ ਵਿੱਚ ਪਾਰਟੀ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੇਗੀ।

By:  Lajwinder Kaur October 30th 2026 10:42 AM -- Updated: October 30th 2026 11:04 AM

ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਅੱਜ ਦਿੱਲੀ ਵਿੱਚ ਪਾਰਟੀ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੇਗੀ। ਮੀਟਿੰਗ ਦੌਰਾਨ ਚੋਣ ਰਣਨੀਤੀ ਤਿਆਰ ਕਰਨ ਦੇ ਨਾਲ-ਨਾਲ ਸੰਭਾਵੀ ਉਮੀਦਵਾਰਾਂ ਦੇ ਨਾਵਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਪਾਰਟੀ 15 ਨਵੰਬਰ ਤੱਕ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ।

ਪਾਰਟੀ ਵੱਲੋਂ ਮੌਜੂਦਾ ਵਿਧਾਇਕਾਂ ਵਾਲੇ ਕੁਝ ਵਿਧਾਨ ਸਭਾ ਹਲਕਿਆਂ ਵਿੱਚ ਨਵੇਂ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਹਨ। ਅਜਿਹੇ ਵਿੱਚ ਇਨ੍ਹਾਂ ਸੀਟਾਂ 'ਤੇ ਉਮੀਦਵਾਰ ਬਦਲਣ ਦੀ ਸੰਭਾਵਨਾ ਬਾਰੇ ਵੀ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਨਵੇਂ ਸਿਆਸੀ ਸਮੀਕਰਨਾਂ, ਕੁਝ ਹਲਕਿਆਂ ਵਿੱਚ ਨਵੇਂ ਚਿਹਰਿਆਂ ਨੂੰ ਮੌਕਾ ਦੇਣ ਅਤੇ ਵਿਰੋਧੀ ਪਾਰਟੀਆਂ ਨੂੰ ਘੇਰਨ ਲਈ ਚੋਣ ਮੁੱਦਿਆਂ 'ਤੇ ਵੀ ਰਣਨੀਤੀ ਬਣਾਈ ਜਾ ਸਕਦੀ ਹੈ।

ਮਨੀਸ਼ ਸਿਸੋਦੀਆ ਦੇ ਇੰਚਾਰਜ ਬਣਨ ਤੋਂ ਬਾਅਦ ਸੰਗਠਨ 'ਤੇ ਫੋਕਸ

AAP ਪਹਿਲਾਂ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਵਿੱਚ ਜੁਟੀ ਹੋਈ ਹੈ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਬਣਾਏ ਜਾਣ ਪਿੱਛੋਂ ਪਾਰਟੀ ਨੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਇਸ ਤਹਿਤ ਹਲਕਾ ਪੱਧਰ 'ਤੇ ਨਵੀਆਂ ਨਿਯੁਕਤੀਆਂ ਕਰਨ ਦੇ ਨਾਲ-ਨਾਲ ਸੰਗਠਨਾਤਮਕ ਢਾਂਚੇ ਵਿੱਚ ਵੀ ਬਦਲਾਅ ਕੀਤੇ ਗਏ ਹਨ।

8 ਮਹੀਨਿਆਂ ਵਿੱਚ 19 ਵਿਧਾਨ ਸਭਾ ਹਲਕਿਆਂ 'ਚ ਨਵੇਂ ਇੰਚਾਰਜ ਲਾਏ

ਆਮ ਆਦਮੀ ਪਾਰਟੀ ਨੇ ਪਿਛਲੇ 8 ਮਹੀਨਿਆਂ ਦੌਰਾਨ ਪੰਜਾਬ ਦੇ ਘੱਟੋ-ਘੱਟ 19 ਵਿਧਾਨ ਸਭਾ ਹਲਕਿਆਂ ਵਿੱਚ ਨਵੇਂ ਹਲਕਾ ਇੰਚਾਰਜ ਨਿਯੁਕਤ ਕੀਤੇ ਹਨ। 5 ਫਰਵਰੀ 2026 ਨੂੰ ਜਾਰੀ ਕੀਤੀ ਗਈ ਸੂਚੀ ਵਿੱਚ 8 ਹਲਕਿਆਂ ਦੇ ਇੰਚਾਰਜਾਂ ਦੇ ਨਾਂ ਐਲਾਨੇ ਗਏ ਸਨ। ਇਸ ਤੋਂ ਬਾਅਦ 21 ਅਗਸਤ ਨੂੰ ਸੰਗਠਨ ਵਿੱਚ ਬਦਲਾਅ ਕਰਦਿਆਂ ਖਰੜ, ਚਮਕੌਰ ਸਾਹਿਬ ਅਤੇ ਬਠਿੰਡਾ ਦਿਹਾਤੀ ਵਿੱਚ 3 ਨਿਯੁਕਤੀਆਂ ਕੀਤੀਆਂ ਗਈਆਂ।

ਹੁਣ ਹਾਲ ਹੀ ਵਿੱਚ ਜਾਰੀ ਕੀਤੀ ਗਈ ਸੂਚੀ ਤਹਿਤ ਸਮਾਣਾ, ਜਲੰਧਰ ਨਾਰਥ, ਪੱਟੀ, ਫਤਿਹਗੜ੍ਹ ਚੂੜੀਆਂ, ਅੰਮ੍ਰਿਤਸਰ ਨਾਰਥ, ਮਜੀਠਾ, ਨਵਾਂਸ਼ਹਿਰ ਅਤੇ ਸ਼ਾਹਕੋਟ ਸਮੇਤ 8 ਹਲਕਿਆਂ ਵਿੱਚ ਨਵੇਂ ਇੰਚਾਰਜ ਲਾਏ ਗਏ ਹਨ। ਇਸ ਤਰ੍ਹਾਂ ਫਰਵਰੀ ਤੋਂ ਅਕਤੂਬਰ 2026 ਤੱਕ ਤਿੰਨ ਪੜਾਵਾਂ ਵਿੱਚ 19 ਹਲਕਿਆਂ ਵਿੱਚ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਨਵੇਂ ਇੰਚਾਰਜਾਂ ਦੀ ਨਿਯੁਕਤੀ ਨਾਲ ਟਿਕਟਾਂ ਬਦਲਣ ਦੇ ਸੰਕੇਤ

ਇਨ੍ਹਾਂ ਨਿਯੁਕਤੀਆਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕੁਝ ਅਜਿਹੇ ਹਲਕਿਆਂ ਵਿੱਚ ਵੀ ਨਵੇਂ ਇੰਚਾਰਜ ਨਿਯੁਕਤ ਕੀਤੇ ਗਏ ਹਨ, ਜਿੱਥੇ ਇਸ ਸਮੇਂ AAP ਦੇ ਵਿਧਾਇਕ ਹਨ। ਇਸ ਕਾਰਨ ਇਨ੍ਹਾਂ ਹਲਕਿਆਂ ਵਿੱਚ ਮੌਜੂਦਾ ਵਿਧਾਇਕਾਂ ਦੇ ਕੰਮਕਾਜ ਦੀ ਸਮੀਖਿਆ ਅਤੇ ਸੰਭਾਵੀ ਟਿਕਟ ਬਦਲਾਅ ਬਾਰੇ ਚਰਚਾ ਹੋਣ ਦੇ ਆਸਾਰ ਹਨ।

ਪਾਰਟੀ ਨਵੇਂ ਹਲਕਾ ਇੰਚਾਰਜਾਂ ਰਾਹੀਂ ਜ਼ਮੀਨੀ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਸਥਾਨਕ ਲੀਡਰਸ਼ਿਪ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਹਲਕਾ ਇੰਚਾਰਜ ਨਿਯੁਕਤ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਉਸ ਨੂੰ ਵਿਧਾਨ ਸਭਾ ਚੋਣਾਂ ਦੀ ਟਿਕਟ ਮਿਲਣੀ ਤੈਅ ਹੈ। ਉਮੀਦਵਾਰਾਂ ਬਾਰੇ ਆਖਰੀ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਹੀ ਲਿਆ ਜਾਵੇਗਾ।


Related Post

ਬਾਦਲ ਤੇ ਕਸ਼ਮੀਰ ਰਾਜਘਰਾਣੇ ਦਾ ਸ਼ਾਹੀ ਮਿਲਣ! ਚੰਡੀਗੜ੍ਹ 'ਚ ਮਨਪ੍ਰੀਤ ਬਾਦਲ ਦੀ ਧੀ ਰੀਆ ਦੇ ਰਿਸੈਪਸ਼ਨ 'ਚ ਪਹੁੰਚੇ ਦਿੱਗਜ ਨੇਤਾ, ਜਾਣੋ ਕੌਣ ਬਣਿਆ ਬਾਦਲ ਪਰਿਵਾਰ ਦਾ ਜਵਾਈ?
ਸਿਆਸਤ ‘ਚ ਮੱਚੀ ਹਲਚਲ! ਅਨੰਤ ਸਿੰਘ ਦੀ ਪਤਨੀ ਨੀਲਮ ਦੇਵੀ 'ਤੇ ਇੱਕ ਹੋਰ ਕਾਰਵਾਈ, ਖੋਹਿਆ ਗਿਆ ਰਾਜ ਮੰਤਰੀ ਦਾ ਦਰਜਾ
CM ਮਾਨ ਦੇ ਫਰਾਂਸ ਦੌਰੇ ਨੂੰ ਮਨਜ਼ੂਰੀ ਨਾ ਦੇਣ ਦਾ ਮਾਮਲਾ: ਹਾਈ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ...
ਪੰਜਾਬ BJP ਨੇ ਖਿੱਚੀ ਚੋਣਾਂ ਦੀ ਤਿਆਰੀ! ਭਾਜਪਾ ਨੂੰ ਮਿਲੀ ਨਵੀਂ ਟੀਮ,ਇਨ੍ਹਾਂ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
CBI-ED ਦੀ ਕਾਰਵਾਈ ਖ਼ਿਲਾਫ਼ ਪੰਜਾਬ ਭਰ ‘ਚ ‘ਆਪ’ ਦਾ ਹੱਲਾ ਬੋਲ: ਅੰਮ੍ਰਿਤਸਰ ਤੋਂ ਲੈ ਕੇ ਪਟਿਆਲਾ ਤੱਕ AAP ਵਰਕਰਾਂ ਦਾ ਜ਼ਬਰਦਸਤ ਰੋਸ ਪ੍ਰਦਰਸ਼ਨ
ਕਾਂਗਰਸ ਨੂੰ ਵੱਡਾ ਝਟਕਾ: ਹਲਕਾ ਜੰਡਿਆਲਾ ਗੁਰੂ ਦੇ ਸੀਨੀਅਰ ਆਗੂ ਸਾਥੀਆਂ ਸਮੇਤ 'ਆਪ' ‘ਚ ਹੋਏ ਸ਼ਾਮਲ

© Copyright Galactic Television & Communications Pvt. Ltd. 2026. All rights reserved.