ਲੁਧਿਆਣਾ ਦੀ ਫੈਕਟਰੀ 'ਚ ਜ਼ਹਿਰੀਲੀ ਗੈਸ ਲੀਕ, ਪਿਓ-ਪੁੱਤ ਸਣੇ 3 ਦੀ ਮੌਤ; ਕਈ ਮਜ਼ਦੂਰ ਬੇਹੋਸ਼, ਭੱਜਣ ਦਾ ਵੀ ਨਹੀਂ ਮਿਲਿਆ ਮੌਕਾ…

By:  Lajwinder Kaur June 1st 2026 11:50 AM -- Updated: June 1st 2026 12:09 PM

ਲੁਧਿਆਣਾ ਤੋਂ ਦੁੱਖਦਾਇਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪੇਚਕਸ (ਪਾਨਾ-ਚਾਬੀ) ਬਣਾਉਣ ਵਾਲੀ ਫੈਕਟਰੀ ਵਿੱਚ ਰਾਤ ਸਮੇਂ ਅਚਾਨਕ ਜ਼ਹਿਰੀਲੀ ਗੈਸ ਲੀਕ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਦਮ ਘੁੱਟਣ ਕਾਰਨ ਪਿਉ-ਪੁੱਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਫੈਕਟਰੀ ਵਿੱਚ ਕੰਮ ਕਰ ਰਹੇ ਕਈ ਮਜ਼ਦੂਰ ਬੇਹੋਸ਼ ਹੋ ਗਏ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਚਸ਼ਮਦੀਦ ਨੇ ਦੱਸਿਆ ਕਿ ਲੋਕਾਂ ਨੂੰ ਬਾਹਰ ਭੱਜਣ ਦਾ ਮੌਕਾ ਵੀ ਨਹੀਂ ਮਿਲਿਆ।

ਚਸ਼ਮਦੀਦ ਨੇ ਦੱਸੀ ਖੌਫਨਾਕ ਦਾਸਤਾਨ

ਅੱਖੀਂ ਦੇਖਣ ਵਾਲਿਆਂ ਮੁਤਾਬਕ, ਫੈਕਟਰੀ ਵਿੱਚ ਰੋਜ਼ਾਨਾ ਦੀ ਤਰ੍ਹਾਂ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਅਚਾਨਕ ਗੈਸ ਪਾਈਪਲਾਈਨ ਤੋਂ ਲੀਕੇਜ ਸ਼ੁਰੂ ਹੋ ਗਈ। ਕੁੱਝ ਹੀ ਮਿੰਟਾਂ ਵਿੱਚ ਜ਼ਹਿਰੀਲੀ ਗੈਸ ਪੂਰੀ ਫੈਕਟਰੀ ਵਿੱਚ ਫੈਲ ਗਈ। ਗੈਸ ਦਾ ਅਸਰ ਇੰਨਾ ਤੇਜ਼ ਸੀ ਕਿ ਉੱਥੇ ਮੌਜੂਦ ਮਜ਼ਦੂਰਾਂ ਨੂੰ ਬਾਹਰ ਨਿਕਲਣ ਤੱਕ ਦਾ ਮੌਕਾ ਨਹੀਂ ਮਿਲਿਆ। ਦਮ ਘੁੱਟਣ ਅਤੇ ਅੱਖਾਂ ਵਿੱਚ ਤੇਜ਼ ਜਲਣ ਕਾਰਨ ਕਈ ਮਜ਼ਦੂਰ ਫੈਕਟਰੀ ਦੇ ਅੰਦਰ ਹੀ ਜ਼ਮੀਨ 'ਤੇ ਡਿੱਗ ਪਏ।

ਹਾਦਸੇ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਅਫੜਾ-ਦਫੜੀ ਮੱਚ ਗਈ। ਮਰਨ ਵਾਲਿਆਂ ਦੀ ਪਛਾਣ ਮਾਨ ਸਿੰਘ, ਉਸਦੇ ਬੇਟੇ ਅਮਿਤ ਅਤੇ ਸ਼੍ਰੀ ਰਾਮ ਵਜੋਂ ਹੋਈ ਹੈ। ਮਾਨ ਸਿੰਘ ਅਤੇ ਅਮਿਤ ਮਸ਼ੀਨ ਦੇ ਹੇਠਾਂ ਨਿਕਲਣ ਵਾਲੀ ਮਿੱਟੀ ਨੂੰ ਟਰਾਲੀ ਵਿੱਚ ਭਰਨ ਲਈ ਗਏ ਸਨ, ਇਸੇ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਅਮਿਤ ਵਿਆਹਿਆ ਹੋਇਆ ਸੀ ਅਤੇ ਉਸਦੀ ਇੱਕ ਸਾਲ ਦੀ ਬੇਟੀ ਵੀ ਹੈ।

ਮ੍ਰਿਤਕ ਦੀ ਧੀ ਨੇ ਕਿਹਾ- ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ

ਮ੍ਰਿਤਕ ਮਾਨ ਸਿੰਘ ਦੀ ਧੀ ਰੇਨੂੰ ਨੇ ਦੱਸਿਆ ਕਿ ਉਸਦੇ ਪਿਤਾ ਅਤੇ ਭਰਾ ਰਾਤ ਨੂੰ ਕੰਮ 'ਤੇ ਗਏ ਸਨ ਅਤੇ ਆਮ ਤੌਰ 'ਤੇ ਉਹ ਰਾਤ ਦੇ ਦੋ-ਤਿੰਨ ਵਜੇ ਘਰ ਪਰਤਦੇ ਸਨ। ਜਦੋਂ ਉਹ ਘਰ ਨਹੀਂ ਆਏ ਤਾਂ ਪਰਿਵਾਰ ਵਾਲਿਆਂ ਨੇ ਕਈ ਵਾਰ ਫੋਨ ਕੀਤੇ, ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਸਵੇਰੇ ਜਦੋਂ ਉਹ ਫੈਕਟਰੀ ਪਹੁੰਚੇ ਤਾਂ ਉੱਥੇ ਸਿਰਫ਼ ਟਰੈਕਟਰ ਖੜ੍ਹਾ ਸੀ, ਜਿੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਹਸਪਤਾਲ ਵਿੱਚ ਦਾਖ਼ਲ ਹਨ।

ਰੇਨੂੰ ਨੇ ਰੋਂਦੇ ਹੋਏ ਕਿਹਾ, "ਸਾਨੂੰ ਪਹਿਲਾਂ ਇੱਕ ਵਾਰ ਵੀ ਫੋਨ ਕਰਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਪਿਤਾ ਅਤੇ ਭਰਾ ਦੀ ਮੌਤ ਹੋ ਚੁੱਕੀ ਹੈ।" ਉਸਨੇ ਦੱਸਿਆ ਕਿ ਕੁੱਲ ਤਿੰਨ ਲੋਕਾਂ ਦੀ ਮੌਤ ਹੋਈ ਹੈ। ਉਸਦਾ ਭਰਾ ਅਮਿਤ ਵਿਆਹਿਆ ਹੋਇਆ ਸੀ ਅਤੇ ਉਸਦੀ ਡੇਢ ਸਾਲ ਦੀ ਇੱਕ ਛੋਟੀ ਬੱਚੀ ਹੈ। ਪਰਿਵਾਰ ਗੈਸਪੁਰਾ ਵਿੱਚ ਰਹਿੰਦਾ ਹੈ ਅਤੇ ਉਨ੍ਹਾਂ ਦਾ ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਅਜੇ ਤੱਕ ਫੈਕਟਰੀ ਦਾ ਮਾਲਕ ਵੀ ਉਨ੍ਹਾਂ ਨੂੰ ਮਿਲਣ ਨਹੀਂ ਆਇਆ।


Related Post

ਲੁਧਿਆਣਾ ਦੇ ਨਾਮੀ ਸਕੂਲ ‘ਚ ਲੱਗੀ ਭਿਆਨਕ ਅੱਗ; ਧੂੰਆਂ ਨਿਕਲਣ ਮਗਰੋਂ ਬੱਚਿਆਂ ਨੂੰ ਤੁਰੰਤ ਛੁੱਟੀ ਕਰ ਭੇਜਿਆ ਘਰ, ਜਾਣੋ ਪੂਰਾ ਮਾਮਲਾ...
ਸਰਬਸੰਮਤੀ ਨਾਲ ਚੁਣਿਆ ਗਿਆ ਦੋਰਾਹਾ ਨਗਰ ਕੌਂਸਲ ਦਾ ਪ੍ਰਧਾਨ; ਜਾਣੋ ਕਿਹੜੇ ‘ਆਪ’ ਆਗੂ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਕਟੜਾ ਸਪੈਸ਼ਲ ਟ੍ਰੇਨ 'ਚ ਵੱਡਾ ਹਾਦਸਾ: ਲੁਧਿਆਣਾ ਨੇੜੇ ਡੱਬੇ ਹੋਏ ਵੱਖ, ਯਾਤਰੀਆਂ 'ਚ ਦਹਿਸ਼ਤ
ਰਾਏਕੋਟ 'ਚ ਚੋਣਾਂ ਦੌਰਾਨ ਖ਼ੂਨੀ ਝੜਪ: 'ਆਪ' ਤੇ ਕਾਂਗਰਸ ਵਰਕਰ ਆਹਮੋ-ਸਾਹਮਣੇ; ਤੇਜ਼ਧਾਰ ਹਥਿਆਰਾਂ ਨਾਲ ਹਮਲੇ 'ਚ ਕਾਂਗਰਸੀ ਉਮੀਦਵਾਰ ਗੰਭੀਰ ਜ਼ਖ਼ਮੀ, DMC ਰੈਫ਼ਰ
ਲੁਧਿਆਣਾ ਨਿਗਮ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਿਲਜੀਤ ਦੋਸਾਂਝ ਵੀ ਨਿਸ਼ਾਨੇ 'ਤੇ; ਈਮੇਲ ਮਿਲਣ ਤੋਂ ਬਾਅਦ ਮੱਚਿਆ ਹੜਕੰਪ
ਪੰਜਾਬ ‘ਚ ਸਾਈਬਰ ਠੱਗੀ ਦਾ ਨਵਾਂ ਤਰੀਕਾ: 'ਕਾਕਰੋਚ ਜਨਤਾ ਪਾਰਟੀ' ਦੇ ਨਾਂ 'ਤੇ ਆ ਰਿਹਾ ਲਿੰਕ, ਕਲਿੱਕ ਕਰਦਿਆਂ ਹੀ ਬੈਂਕ ਖਾਤਾ ਹੋ ਰਿਹਾ ਖਾਲੀ!

© Copyright Galactic Television & Communications Pvt. Ltd. 2026. All rights reserved.