ਪੰਜਾਬੀ ਦੇਣ ਧਿਆਨ! ਹਾਈਵੇਅ ਬੰਦ ਹੋਣ ਕਰਕੇ ਵਾਹਨਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ, ਯਾਤਰੀ ਹੋਏ ਪ੍ਰੇਸ਼ਾਨ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨਾਲ ਕਥਿਤ ਛੇੜਛਾੜ ਦੀ ਘਟਨਾ ਨੂੰ ਲੈ ਕੇ ਅੱਜ ਸ਼ਹਿਰ ਬੰਦ ਦਾ ਐਲਾਨ ਕੀਤਾ ਗਿਆ ਹੈ। ਦਲਿਤ ਭਾਈਚਾਰੇ ਵੱਲੋਂ ਜਲੰਧਰ ਬਾਈਪਾਸ ਚੌਕ ਵਿੱਚ ਜਲੰਧਰ-ਪਾਣੀਪਤ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਗਿਆ ਹੈ। ਚੌਕ ਨੂੰ ਚਾਰੋਂ ਪਾਸਿਓਂ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਭਾਰੀ ਟਰੈਫਿਕ ਜਾਮ ਲੱਗ ਗਿਆ ਹੈ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ।

By:  Lajwinder Kaur September 9th 2026 12:04 PM -- Updated: September 9th 2026 12:10 PM

ਬੀਤੇ ਦਿਨ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਵਿਖੇ ਸੰਵਿਧਾਨ ਨਿਰਮਾਤਾ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਦਲਿਤ ਸਮਾਜ ਅਤੇ ਵੱਖ-ਵੱਖ ਸੰਗਠਨਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਘਟਨਾ ਦੇ ਵਿਰੋਧ ਵਿੱਚ ਅੱਜ ਦਲਿਤ ਸਮਾਜ ਵੱਲੋਂ 'ਲੁਧਿਆਣਾ ਬੰਦ' ਦੀ ਕਾਲ ਦਿੱਤੀ ਗਈ ਸੀ, ਜੋ ਕਿ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਨਿਰਧਾਰਤ ਕੀਤੀ ਗਈ ਹੈ।

ਬਾਜ਼ਾਰਾਂ 'ਚ ਮਿਲਿਆ-ਜੁਲਿਆ ਅਸਰ, ਪਰ ਹਾਈਵੇਅ ਹੋਏ ਜਾਮ 

ਬੰਦ ਦੇ ਸੱਦੇ ਦੌਰਾਨ ਸ਼ਹਿਰ ਦੇ ਬਾਜ਼ਾਰਾਂ ਵਿੱਚ ਇਸ ਦਾ ਅਸਰ ਨਾ ਦੇ ਬਰਾਬਰ ਜਾਂ ਮਿਲਾ-ਜੁਲਾ ਦੇਖਣ ਨੂੰ ਮਿਲਿਆ, ਪਰ ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਵੱਲੋਂ ਨੈਸ਼ਨਲ ਹਾਈਵੇਅ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਲੁਧਿਆਣਾ ਦੇ ਪ੍ਰਮੁੱਖ ਚੌਂਕਾਂ ਜਿਵੇਂ ਕਿ ਸ਼ੇਰਪੁਰ ਚੌਂਕ, ਸਮਰਾਲਾ ਚੌਂਕ, ਬਸਤੀ ਚੌਂਕ, ਕਾਰਾਵਾਰਾ ਚੌਂਕ ਅਤੇ ਜਲੰਧਰ ਬਾਈਪਾਸ ਚੌਂਕ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ।

ਹਾਈਵੇਅ ਬੰਦ ਹੋਣ ਕਾਰਨ ਸੜਕਾਂ 'ਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਆਵਾਜਾਈ ਠੱਪ ਹੋ ਕੇ ਰਹਿ ਗਈ।

ਯਾਤਰੀਆਂ ਨੂੰ ਆਈ ਭਾਰੀ ਪ੍ਰੇਸ਼ਾਨੀ  

ਚੱਕਾ ਜਾਮ ਕਾਰਨ ਬੱਸਾਂ ਅਤੇ ਨਿੱਜੀ ਵਾਹਨਾਂ ਵਿੱਚ ਸਫ਼ਰ ਕਰਨ ਵਾਲੇ ਆਮ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਫ਼ਰ ਕਰ ਰਹੇ ਯਾਤਰੀਆਂ ਦਾ ਕਹਿਣਾ ਸੀ ਕਿ ਉਹ ਤਕੜੇ ਆਪਣੇ ਘਰੋਂ ਨਿਕਲੇ ਸਨ ਅਤੇ ਉਨ੍ਹਾਂ ਨੇ ਸਮੇਂ ਸਿਰ ਆਪਣੀ ਮੰਜ਼ਿਲ (ਜਿਵੇਂ ਕਿ ਪਟਿਆਲਾ ਆਦਿ) 'ਤੇ ਪਹੁੰਚਣਾ ਸੀ, ਪਰ ਰਸਤੇ ਵਿੱਚ ਜਾਮ ਵਿੱਚ ਫਸ ਜਾਣ ਕਾਰਨ ਉਨ੍ਹਾਂ ਨੂੰ ਭਾਰੀ ਖੱਜਲ-ਖੁਆਰੀ ਹੋ ਰਹੀ ਹੈ।  

ਇਸ ਦੌਰਾਨ ਜਾਮ ਵਿੱਚ ਫਸੀਆਂ ਕੁਝ ਬਜ਼ੁਰਗ ਮਾਵਾਂ ਅਤੇ ਯਾਤਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਆਮ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਰਸਤਾ ਖੋਲ੍ਹ ਦੇਣ, ਪਰ ਪ੍ਰਦਰਸ਼ਨਕਾਰੀਆਂ ਵੱਲੋਂ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਦਿਆਂ ਮੁਕੰਮਲ ਤੌਰ 'ਤੇ ਜਾਮ ਰੱਖਿਆ ਗਿਆ।

ਪ੍ਰਸ਼ਾਸਨ ਅਤੇ ਪੁਲਿਸ ਮੌਕੇ 'ਤੇ ਸਥਿਤੀ ਨੂੰ ਕਾਬੂ ਕਰਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਲਈ ਯਤਨ ਕਰ ਰਹੀ ਹੈ, ਜਦਕਿ ਆਗੂਆਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ 'ਤੇ ਅੜੇ ਰਹਿਣ ਦਾ ਐਲਾਨ ਕੀਤਾ ਹੈ।

Related Post

ਲੁਧਿਆਣਾ ਤੋਂ ਦਿਲ ਕੰਬਾਊ ਘਟਨਾ! ਗਰਭਵਤੀ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌ/ਤ, ਪੈਰ ਦਾ ਅੰਗੂਠਾ ਟੁੱਟਿਆ, ਸਰੀਰ ‘ਤੇ ਕੁੱਟਮਾਰ ਦੇ ਨਿਸ਼ਾਨ, ਪਤੀ ਤੇ ਦਾਦੇ ਸਹੁਰੇ ਨੂੰ ਕੀਤਾ ਕਾਬੂ
ਲੁਧਿਆਣਾ ਨਗਰ ਨਿਗਮ F&CC ਚੋਣ: ‘ਆਪ’ ਦੇ ਯੁਵਰਾਜ ਸਿੱਧੂ ਜੇਤੂ, ਕਾਂਗਰਸ ਦੇ ਗੌਰਵ ਭੱਟੀ ਨੇ ਵੀ ਮਾਰੀ ਬਾਜ਼ੀ
ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਘੇਰ ਕੇ ਨੌਜਵਾਨ ਨੂੰ ਮਾਰੀ ਗੋਲੀ, ਤੜਪ-ਤੜਪ ਕੇ ਤੋੜਿਆ ਦਮ...
ਲੁਧਿਆਣਾ 'ਚ ₹65 ਕਰੋੜ ਦੀ ਲਾਗਤ ਨਾਲ ਬਣੇਗਾ CBG ਪਲਾਂਟ! CM ਮਾਨ ਨੇ ਰੱਖਿਆ ਨੀਂਹ ਪੱਥਰ, ਵਾਤਾਵਰਣ ਦੀ ਸੰਭਾਲ ਵੱਲ ਵੱਡਾ ਕਦਮ
ਲੁਧਿਆਣਾ ਦੇ ਨਾਮੀ ਸਕੂਲ ‘ਚ ਲੱਗੀ ਭਿਆਨਕ ਅੱਗ; ਧੂੰਆਂ ਨਿਕਲਣ ਮਗਰੋਂ ਬੱਚਿਆਂ ਨੂੰ ਤੁਰੰਤ ਛੁੱਟੀ ਕਰ ਭੇਜਿਆ ਘਰ, ਜਾਣੋ ਪੂਰਾ ਮਾਮਲਾ...
ਸਰਬਸੰਮਤੀ ਨਾਲ ਚੁਣਿਆ ਗਿਆ ਦੋਰਾਹਾ ਨਗਰ ਕੌਂਸਲ ਦਾ ਪ੍ਰਧਾਨ; ਜਾਣੋ ਕਿਹੜੇ ‘ਆਪ’ ਆਗੂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

© Copyright Galactic Television & Communications Pvt. Ltd. 2026. All rights reserved.