ਦੀਵਾਲੀ 'ਤੇ ₹2,000 ਦੇ ਤੋਹਫ਼ੇ ਦਾ ਲਾਲਚ ਦੇ ਕੇ ਸਾਈਬਰ ਠੱਗੀ, ਪੰਜਾਬ ਪੁਲਿਸ ਵੱਲੋਂ ਅਲਰਟ ਜਾਰੀ

ਦੀਵਾਲੀ ਦੇ ਤਿਉਹਾਰ ਮੌਕੇ ਸਾਈਬਰ ਠੱਗ ਲੋਕਾਂ ਨੂੰ ₹2,000 ਦਾ ਤੋਹਫ਼ਾ ਦੇਣ ਦਾ ਲਾਲਚ ਦੇ ਕੇ ਆਪਣਾ ਨਿਸ਼ਾਨਾ ਬਣਾ ਰਹੇ ਹਨ। ਇਸ ਸਬੰਧੀ ਲੁਧਿਆਣਾ ਪੁਲਿਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਸਾਈਬਰ ਅਪਰਾਧੀ ਵ੍ਹਟਸਐਪ ਰਾਹੀਂ ਲੋਕਾਂ ਨੂੰ ਮੈਸੇਜ ਭੇਜ ਕੇ ₹2,000 ਦਾ ਦੀਵਾਲੀ ਗਿਫਟ ਜਿੱਤਣ ਦਾ ਲਾਲਚ ਦੇ ਰਹੇ ਹਨ।

By:  Lajwinder Kaur November 3rd 2026 10:39 AM -- Updated: November 3rd 2026 11:08 AM

ਦੀਵਾਲੀ ਦੇ ਤਿਉਹਾਰ ਮੌਕੇ ਸਾਈਬਰ ਠੱਗ ਲੋਕਾਂ ਨੂੰ ₹2,000 ਦਾ ਤੋਹਫ਼ਾ ਦੇਣ ਦਾ ਲਾਲਚ ਦੇ ਕੇ ਆਪਣਾ ਨਿਸ਼ਾਨਾ ਬਣਾ ਰਹੇ ਹਨ। ਇਸ ਸਬੰਧੀ ਲੁਧਿਆਣਾ ਪੁਲਿਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਸਾਈਬਰ ਅਪਰਾਧੀ ਵ੍ਹਟਸਐਪ ਰਾਹੀਂ ਲੋਕਾਂ ਨੂੰ ਮੈਸੇਜ ਭੇਜ ਕੇ ₹2,000 ਦਾ ਦੀਵਾਲੀ ਗਿਫਟ ਜਿੱਤਣ ਦਾ ਲਾਲਚ ਦੇ ਰਹੇ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ (CP) ਨੇ ਇਸ ਸਾਈਬਰ ਠੱਗੀ ਬਾਰੇ ਜਾਗਰੂਕ ਕਰਨ ਲਈ ਇੰਸਟਾਗ੍ਰਾਮ 'ਤੇ 48 ਸਕਿੰਟਾਂ ਦੀ ਵੀਡੀਓ ਵੀ ਸਾਂਝੀ ਕੀਤੀ ਹੈ।

ਕਿਵੇਂ ਹੋ ਰਹੀ ਹੈ ਸਾਈਬਰ ਠੱਗੀ?

ਪੁਲਿਸ ਮੁਤਾਬਕ ਸਾਈਬਰ ਅਪਰਾਧੀ ਲੋਕਾਂ ਨੂੰ ਵ੍ਹਟਸਐਪ 'ਤੇ ਇੱਕ ਮੈਸੇਜ ਭੇਜ ਰਹੇ ਹਨ, ਜਿਸ ਵਿੱਚ ₹2,000 ਦਾ ਦੀਵਾਲੀ ਤੋਹਫ਼ਾ ਮਿਲਣ ਦਾ ਦਾਅਵਾ ਕੀਤਾ ਜਾਂਦਾ ਹੈ। ਇਸ ਮੈਸੇਜ ਦੇ ਨਾਲ ਇੱਕ ਸ਼ੱਕੀ ਲਿੰਕ ਵੀ ਭੇਜਿਆ ਜਾਂਦਾ ਹੈ। ਜਿਵੇਂ ਹੀ ਕੋਈ ਵਿਅਕਤੀ ਇਸ ਲਿੰਕ 'ਤੇ ਕਲਿੱਕ ਕਰਦਾ ਹੈ ਤਾਂ ਉਸ ਦਾ ਮੋਬਾਈਲ ਹੈਕ ਹੋਣ ਅਤੇ ਬੈਂਕ ਖਾਤੇ ਵਿੱਚੋਂ ਪੈਸੇ ਨਿਕਲਣ ਦਾ ਖ਼ਤਰਾ ਬਣ ਜਾਂਦਾ ਹੈ। ਪੁਲਿਸ ਅਨੁਸਾਰ ਵਿਦੇਸ਼ਾਂ ਵਿੱਚ ਬੈਠੇ ਸਾਈਬਰ ਅਪਰਾਧੀ ਵੀ ਇਸ ਤਰ੍ਹਾਂ ਦੀ ਠੱਗੀ ਨੂੰ ਅੰਜਾਮ ਦੇ ਰਹੇ ਹਨ।

ਪੁਲਿਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ

ਲੁਧਿਆਣਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਅਣਜਾਣ ਜਾਂ ਸ਼ੱਕੀ ਲਿੰਕ 'ਤੇ ਕਲਿੱਕ ਨਾ ਕਰਨ। ਜੇਕਰ ਅਜਿਹਾ ਲਿੰਕ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਵ੍ਹਟਸਐਪ ਨੰਬਰ ਤੋਂ ਵੀ ਆਉਂਦਾ ਹੈ ਤਾਂ ਵੀ ਸਾਵਧਾਨ ਰਹਿਣ ਦੀ ਲੋੜ ਹੈ।

ਵੀਡੀਓ ਵਿੱਚ ਪੁਲਿਸ ਅਧਿਕਾਰੀ ਨੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ₹2,000 ਕਿਸੇ ਵਿਅਕਤੀ ਲਈ ਛੋਟੀ ਰਕਮ ਹੋ ਸਕਦੀ ਹੈ, ਪਰ ਲੋੜਵੰਦ ਪਰਿਵਾਰਾਂ ਲਈ ਇਹੀ ਰਕਮ ਉਨ੍ਹਾਂ ਦੀ ਪੂਰੀ ਦੀਵਾਲੀ ਦਾ ਸਹਾਰਾ ਬਣ ਸਕਦੀ ਹੈ। ਇਸ ਲਈ ਲੋਕਾਂ ਨੂੰ ਅਜਿਹੀ ਸਾਈਬਰ ਠੱਗੀ ਤੋਂ ਬਚਾਉਣ ਵਾਸਤੇ ਪੁਲਿਸ ਨੇ ਇਸ ਵੀਡੀਓ ਅਤੇ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਹੈ।

ਠੱਗੀ ਹੋਣ 'ਤੇ ਤੁਰੰਤ ਇਸ ਨੰਬਰ 'ਤੇ ਕਰੋ ਸ਼ਿਕਾਇਤ

ਪੁਲਿਸ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦੀ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਬਿਨਾਂ ਦੇਰੀ ਕੀਤੇ ਸਾਈਬਰ ਹੈਲਪਲਾਈਨ ਨੰਬਰ 1930 'ਤੇ ਕਾਲ ਕਰੇ। ਇਸ ਦੇ ਨਾਲ ਹੀ ਪੁਲਿਸ ਨੂੰ ਵੀ ਸੂਚਨਾ ਦੇਵੇ, ਤਾਂ ਜੋ ਸਮੇਂ ਸਿਰ ਕਾਰਵਾਈ ਕਰਕੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।


© Copyright Galactic Television & Communications Pvt. Ltd. 2026. All rights reserved.