ਹਿਮਾਚਲ ਪ੍ਰਦੇਸ਼ ‘ਚ ਕੁਦਰਤੀ ਆਫ਼ਤ ਦਾ ਕਹਿਰ: ਨਦੀ ‘ਚ ਫਸੇ ਲੋਕਾਂ ਦਾ ਰੈਸਕਿਊ, 150 ਤੋਂ ਵੱਧ ਸੜਕਾਂ ਬੰਦ ਅਤੇ 1202 ਕਰੋੜ ਦਾ ਨੁਕਸਾਨ

ਸਿਰਮੌਰ ਜ਼ਿਲ੍ਹੇ ਦੇ ਨਾਹਨ ਵਿੱਚ ਰੁਣ ਨਦੀ ਦੇ ਤੇਜ਼ ਵਹਾਅ ਵਿੱਚ ਦੋ ਵਿਅਕਤੀ ਫਸ ਗਏ ਸਨ, ਜਿਨ੍ਹਾਂ ਨੂੰ ਮੰਗਲਵਾਰ ਰਾਤ ਕਰੀਬ 10 ਵਜੇ ਏਅਰਫੋਰਸ ਦੇ ਹੈਲੀਕਾਪਟਰ ਦੀ ਮਦਦ ਨਾਲ ਸੁਰੱਖਿਅਤ ਰੈਸਕਿਊ ਕਰ ਲਿਆ ਗਿਆ। ਇਸ ਤੋਂ ਪਹਿਲਾਂ ਐਨ.ਡੀ.ਆਰ.ਐੱਫ. (NDRF), ਸੈਨਾ ਅਤੇ ਸਥਾਨਕ ਲੋਕਾਂ ਨੇ ਵੀ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਪਰ ਨਦੀ ਦੇ ਵਿਚਕਾਰ ਫਸੇ ਹੋਣ ਕਾਰਨ ਉਹ ਸਫਲ ਨਹੀਂ ਹੋ ਸਕੇ।

By:  Lajwinder Kaur September 2nd 2026 02:45 PM -- Updated: September 2nd 2026 02:47 PM

ਹਿਮਾਚਲ ਪ੍ਰਦੇਸ਼ ਇਸ ਸਮੇਂ ਕੁਦਰਤੀ ਆਫ਼ਤਾ ਝੱਲ ਰਿਹਾ ਹੈ। ਨਦੀਆਂ ਆਪਣੇ ਉਫਾਨ ਉੱਤੇ ਚੱਲ ਰਹੀਆਂ ਹਨ। ਜਿਸ ਕਰਕੇ ਲੋਕਾਂ ਦੇ ਵਿੱਚ ਖੌਫ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਿਰਮੌਰ ਜ਼ਿਲ੍ਹੇ ਦੇ ਨਾਹਨ ਵਿੱਚ ਰੁਣ ਨਦੀ ਦੇ ਤੇਜ਼ ਵਹਾਅ ਵਿੱਚ ਦੋ ਵਿਅਕਤੀ ਫਸ ਗਏ ਸਨ, ਜਿਨ੍ਹਾਂ ਨੂੰ ਮੰਗਲਵਾਰ ਰਾਤ ਕਰੀਬ 10 ਵਜੇ ਏਅਰਫੋਰਸ ਦੇ ਹੈਲੀਕਾਪਟਰ ਦੀ ਮਦਦ ਨਾਲ ਸੁਰੱਖਿਅਤ ਰੈਸਕਿਊ ਕਰ ਲਿਆ ਗਿਆ। ਇਸ ਤੋਂ ਪਹਿਲਾਂ ਐਨ.ਡੀ.ਆਰ.ਐੱਫ. (NDRF), ਸੈਨਾ ਅਤੇ ਸਥਾਨਕ ਲੋਕਾਂ ਨੇ ਵੀ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਪਰ ਨਦੀ ਦੇ ਵਿਚਕਾਰ ਫਸੇ ਹੋਣ ਕਾਰਨ ਉਹ ਸਫਲ ਨਹੀਂ ਹੋ ਸਕੇ।

150 ਤੋਂ ਵੱਧ ਸੜਕਾਂ ਬੰਦ

ਇਸ ਤੋਂ ਬਾਅਦ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਨਿਰਦੇਸ਼ਾਂ ‘ਤੇ ਏਅਰਫੋਰਸ ਦਾ ਹੈਲੀਕਾਪਟਰ ਬੁਲਾਇਆ ਗਿਆ, ਜਿਸ ਦੀ ਮਦਦ ਨਾਲ ਦੋਵਾਂ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੂਜੇ ਪਾਸੇ, ਪ੍ਰਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਪੂਰੀ ਰਾਤ ਭਾਰੀ ਮੀਂਹ ਪਿਆ ਹੈ, ਜਿਸ ਨਾਲ ਨਦੀ-ਨਾਲਿਆਂ ਦਾ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਵੱਖ-ਵੱਖ ਥਾਵਾਂ ‘ਤੇ ਲੈਂਡਸਲਾਈਡ ਹੋਣ ਕਾਰਨ 150 ਤੋਂ ਵੱਧ ਸੜਕਾਂ ਬੰਦ ਹੋ ਚੁੱਕੀਆਂ ਹਨ।

ਹਿਮਾਚਲ ਪ੍ਰਦੇਸ਼: ਅੱਜ 3 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ, ਵੀਰਵਾਰ ਨੂੰ ਵੀ ਰਹੇਗੀ ਚੇਤਾਵਨੀ

ਮੌਸਮ ਵਿਭਾਗ ਵੱਲੋਂ ਅੱਜ ਕਾਂਗੜਾ, ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੱਲ੍ਹ ਯਾਨੀ ਵੀਰਵਾਰ ਨੂੰ ਵੀ ਕਾਂਗੜਾ ਅਤੇ ਸਿਰਮੌਰ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸ਼ੁੱਕਰਵਾਰ ਤੋਂ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਕਮਜ਼ੋਰ ਪੈ ਜਾਵੇਗੀ, ਜਿਸ ਤੋਂ ਬਾਅਦ 7 ਸਤੰਬਰ ਤੱਕ ਪ੍ਰਦੇਸ਼ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਦਾ ਕੋਈ ਅਲਰਟ ਨਹੀਂ ਹੈ। ਹਾਲਾਂਕਿ, ਇਸ ਦੌਰਾਨ ਕੁਝ ਥਾਵਾਂ ‘ਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਬਣੀ ਰਹੇਗੀ।

ਮਾਨਸੂਨ ਦੀ ਬਾਰਿਸ਼ ਕਾਰਨ 1202 ਕਰੋੜ ਰੁਪਏ ਦੀ ਜਾਇਦਾਦ ਤਬਾਹ

ਪ੍ਰਦੇਸ਼ ਵਿੱਚ ਮਾਨਸੂਨ ਦੀ ਬਾਰਸ਼ ਕਾਰਨ ਹੁਣ ਤੱਕ 1,202 ਕਰੋੜ ਰੁਪਏ ਦੀ ਸਰਕਾਰੀ ਅਤੇ ਨਿੱਜੀ ਜਾਇਦਾਦ ਦਾ ਨੁਕਸਾਨ ਹੋ ਚੁੱਕਾ ਹੈ। ਇਸ ਵਿੱਚ ਲੋਕ ਨਿਰਮਾਣ ਵਿਭਾਗ ਨੂੰ ਹੀ ਲਗਭਗ 914 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਲੈਂਡਸਲਾਈਡ ਕਾਰਨ 18 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਅਚਾਨਕ ਹੜ੍ਹ (ਫਲੈਸ਼ ਫਲੱਡ) ਵਿੱਚ 1 ਅਤੇ ਪਾਣੀ ਵਿੱਚ ਡੁੱਬਣ ਨਾਲ 13 ਲੋਕਾਂ ਦੀ ਜਾਨ ਗਈ ਹੈ।

105 ਘਰ ਪੂਰੀ ਤਰ੍ਹਾਂ ਤਬਾਹ

ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਭਾਰੀ ਬਾਰਿਸ਼, ਲੈਂਡਸਲਾਈਡ ਅਤੇ ਹੜ੍ਹਾਂ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਸੂਬੇ ਵਿੱਚ ਹੁਣ ਤੱਕ ਕੁੱਲ 105 ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ, ਜਦੋਂ ਕਿ 451 ਘਰਾਂ ਨੂੰ ਅੰਸ਼ਕ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ 17 ਦੁਕਾਨਾਂ ਅਤੇ 5 ਲੇਬਰ ਸ਼ੈੱਡ ਵੀ ਟੁੱਟ ਗਏ ਹਨ ਅਤੇ 397 ਗੋਸ਼ਾਲਾਵਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

ਸੂਬੇ ਵਿੱਚ ਮਾਨਸੂਨ ਦੀ ਮਾਰ ਕਾਰਨ ਹੁਣ ਤੱਕ ਕੁੱਲ 1,202 ਕਰੋੜ ਰੁਪਏ ਦੀ ਜਾਇਦਾਦ ਨਸ਼ਟ ਹੋ ਚੁੱਕੀ ਹੈ, ਜਿਸ ਵਿੱਚ ਇਕੱਲੇ ਲੋਕ ਨਿਰਮਾਣ ਵਿਭਾਗ (PWD) ਨੂੰ ਹੀ ਲਗਭਗ 914 ਕਰੋੜ ਰੁਪਏ ਦਾ ਭਾਰੀ ਨੁਕਸਾਨ ਝੱਲਣਾ ਪਿਆ ਹੈ।

© Copyright Galactic Television & Communications Pvt. Ltd. 2026. All rights reserved.