ਫਾਜ਼ਿਲਕਾ 'ਚ ਭਾਜਪਾ ਨੂੰ ਵੱਡਾ ਝਟਕਾ! ਸਾਬਕਾ ਕੌਂਸਲ ਪ੍ਰਧਾਨ ਅਨਿਲ ਸੇਠੀ ਨੇ 'ਆਪ' ਦਾ ਫੜਿਆ ਪੱਲਾ, ਸਿਆਸੀ ਗਲਿਆਰਿਆਂ ‘ਚ ਮੱਚੀ ਹਲਚਲ

By:  Lajwinder Kaur May 13th 2026 03:56 PM -- Updated: May 13th 2026 04:10 PM

ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਧਮਾਕਾ ਹੋਇਆ ਜਦੋਂ ਫਾਜ਼ਿਲਕਾ ਤੋਂ ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਕੁਮਾਰ ਸੇਠੀ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋ ਗਏ। ਲੰਘੇ ਦਿਨ (12 ਮਈ) ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਸਵਾਗਤ ਕੀਤਾ।

CM ਮਾਨ ਨੇ ਕਰਵਾਇਆ ਪਾਰਟੀ 'ਚ ਸ਼ਾਮਿਲ

ਆਪ ਪਾਰਟੀ ਵੱਲੋਂ ਵੀ ਫੇਸਬੁੱਕ ਉੱਤੇ ਪੋਸਟ ਕਰਦੇ ਹੋਏ ਲਿਖਿਆ- ''ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਫਾਜ਼ਿਲਕਾ ਤੋਂ ਭਾਜਪਾ ਦੇ ਸੀਨੀਅਰ ਆਗੂ ਅਨਿਲ ਕੁਮਾਰ ਸੇਠੀ ਅੱਜ 'ਆਪ' 'ਚ ਸ਼ਾਮਲ ਹੋ ਗਏ। CM ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ 'ਚ ਸ਼ਮੂਲੀਅਤ ਕਰਵਾਈ।  ਪਰਿਵਾਰ 'ਚ ਸ਼ਾਮਲ ਹੋਣ 'ਤੇ ਆਮ ਆਦਮੀ ਪਾਰਟੀ ਉਨ੍ਹਾਂ ਦਾ ਸਵਾਗਤ ਕਰਦੀ ਹੈ।''

ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਛੱਡੀ ਪਾਰਟੀ

ਅਨਿਲ ਸੇਠੀ ਨੇ ਪਾਰਟੀ ਛੱਡਣ ਤੋਂ ਪਹਿਲਾਂ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਆਪਣਾ ਅਸਤੀਫਾ ਭੇਜਿਆ। ਉਨ੍ਹਾਂ ਦੋਸ਼ ਲਗਾਇਆ ਕਿ ਫਾਜ਼ਿਲਕਾ ਭਾਜਪਾ ਇਕਾਈ ਵਿੱਚ ਉਨ੍ਹਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ। ਉਨ੍ਹਾਂ ਦੇ 'ਆਪ' ਵਿੱਚ ਜਾਣ ਨਾਲ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਸਿਆਸੀ ਸਮੀਕਰਨ ਬਦਲਣ ਦੀ ਸੰਭਾਵਨਾ ਹੈ।

ਸੁਰਜੀਤ ਜਿਆਣੀ ਦਾ ਪਲਟਵਾਰ: "ਇਹ ਰਾਜਨੀਤਿਕ ਖੁਦਕੁਸ਼ੀ ਹੈ"

ਅਨਿਲ ਸੇਠੀ ਦੇ ਇਸ ਫੈਸਲੇ 'ਤੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਸੁਰਜੀਤ ਜਿਆਣੀ ਨੇ ਤਿੱਖਾ ਹਮਲਾ ਕੀਤਾ ਹੈ। ਜਿਆਣੀ ਨੇ ਕਿਹਾ ਕਿ ਅਨਿਲ ਸੇਠੀ ਨੇ 'ਆਪ' ਵਿੱਚ ਸ਼ਾਮਲ ਹੋ ਕੇ ਆਪਣੀ "ਰਾਜਨੀਤਿਕ ਖੁਦਕੁਸ਼ੀ" ਕਰ ਲਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹੀ ਸੇਠੀ ਨੂੰ ਪਛਾਣ ਦਿੱਤੀ ਅਤੇ ਕੌਂਸਲ ਪ੍ਰਧਾਨ ਬਣਾਇਆ ਸੀ। ਜਿਆਣੀ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਚੋਣਾਂ ਲੜਨ ਲਈ ਉਮੀਦਵਾਰਾਂ ਦੀ ਘਾਟ ਹੈ, ਇਸੇ ਲਈ ਉਹ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਤੋੜ ਰਹੀ ਹੈ।

ਸਿਆਸੀ ਹਲਚਲ ਤੇਜ਼

ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀ ਹਾਜ਼ਰੀ ਵਿੱਚ ਹੋਈ ਇਸ ਸ਼ਮੂਲੀਅਤ ਨੇ ਫਾਜ਼ਿਲਕਾ ਦੀ ਰਾਜਨੀਤੀ ਵਿੱਚ ਗਰਮਾ-ਗਰਮੀ ਪੈਦਾ ਕਰ ਦਿੱਤੀ ਹੈ। 'ਆਪ' ਦਾ ਕਹਿਣਾ ਹੈ ਕਿ ਉਹ ਅਨਿਲ ਸੇਠੀ ਦਾ ਪਰਿਵਾਰ ਵਿੱਚ ਸਵਾਗਤ ਕਰਦੇ ਹਨ ਅਤੇ ਉਹ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਏ ਹਨ।


© Copyright Galactic Television & Communications Pvt. Ltd. 2026. All rights reserved.