Viral Video: ਗੈਸ ਦੀ ਕਿੱਲਤ ਵਿਚਾਲੇ ਅਨੋਖਾ ਜੁਗਾੜ ਵਾਇਰਲ, ਸ਼ਖਸ ਨੇ ਇੰਝ ਪ੍ਰੈੱਸ 'ਤੇ ਪਕਾਈਆਂ ਰੋਟੀਆਂ, ਵੀਡੀਓ ਦੇਖ ਲੋਕਾਂ ਨੇ ਕਿਹਾ- 'ਇਹ ਮਜ਼ਾਕ ਭਾਰੀ ਪੈ ਸਕਦਾ'

By  Lajwinder Kaur March 13th 2026 01:10 PM -- Updated: March 13th 2026 01:32 PM

Viral Video: ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੇ ਯੁੱਧ ਦੇ ਚਲਦੇ ਪੈਟਰੋਲੀਅਮ ਪਦਾਰਥਾਂ ਦੀ ਵੱਡੀ ਕਿੱਲਤ ਦਾ ਸਾਹਮਣਾ ਦੇਸ਼ ਭਰ ਵਿੱਚ ਕਰਨਾ ਪੈ ਰਿਹਾ । ਹਾਲਾਂਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਹਨਾਂ ਕੋਲ ਗੈਸ ਅਤੇ ਪੈਟਰੋਲ ਡੀਜ਼ਲ ਦਾ ਪੂਰਾ ਸਟਾਕ ਹੈ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਲੋਕਾਂ ਵਿੱਚ ਇੱਕ ਸਹਿਮ ਦਾ ਮਾਹੌਲ ਜ਼ਰੂਰ ਪਾਇਆ ਜਾ ਰਿਹਾ ਹੈ। ਗੈਸ ਸਿਲੰਡਰ ਨੂੰ ਭਰਾਉਣ ਨੂੰ ਲੈ ਕੇ ਨਿਯਮ ਸਖਤ ਕਰ ਦਿੱਤੇ ਗਏ ਹਨ। ਜਿਸ ਕਰਕੇ ਪਹਿਲਾਂ ਸਿਲੰਡਰ ਬੁੱਕ ਕਰਵਾਉਣ ਤੋਂ ਬਾਅਦ ਇੱਕ-ਦੋ ਦਿਨ ਦੇ ਅੰਦਰ ਹੀ ਘਰ ਆ ਜਾਂਦਾ ਸੀ, ਅਤੇ ਹੁਣ ਹਫਤੇ-ਹਫਤੇ ਤੋਂ ਉਪਰ ਦਾ ਸਮਾਂ ਹੋ ਰਿਹਾ ਸਿੰਲਡਰ ਦੀ ਡਿਲਿਵਰ ਨਹੀਂ ਹੋ ਰਹੀ ਹੈ। ਜਿਸ ਕਰਕੇ ਗੈਸ ਏਜੰਸੀਆਂ ਦੇ ਬਾਹਰ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਅਜਿਹੇ ਗੈਸ ਕਿੱਲਤ ਦੇ ਸਮੇਂ ਇੱਕ ਜੁਗਾੜ ਵਾਲੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

ਭਾਰਤ ਵਿੱਚ ਜੁਗਾੜ ਦੀਆਂ ਕਹਾਣੀਆਂ ਅਕਸਰ ਸੁਣਨ ਅਤੇ ਦੇਖਣ ਨੂੰ ਮਿਲਦੀਆਂ ਹਨ। ਜਦੋਂ ਵੀ ਕੋਈ ਮੁਸ਼ਕਲ ਸਾਹਮਣੇ ਆਉਂਦੀ ਹੈ, ਲੋਕ ਉਸ ਦਾ ਕੋਈ ਨਾ ਕੋਈ ਅਨੋਖਾ ਹੱਲ ਕੱਢ ਹੀ ਲੈਂਦੇ ਹਨ। ਇਹੀ ਕਾਰਨ ਹੈ ਕਿ ਦੁਨੀਆ ਭਰ ਵਿੱਚ 'ਇੰਡੀਅਨ ਜੁਗਾੜ' ਦੀ ਚਰਚਾ ਹੁੰਦੀ ਰਹਿੰਦੀ ਹੈ। ਕਈ ਵਾਰ ਇਹ ਜੁਗਾੜ ਲੋਕਾਂ ਦੇ ਬਹੁਤ ਕੰਮ ਆਉਂਦੇ ਹਨ, ਖਾਸ ਕਰਕੇ ਉਸ ਸਮੇਂ ਜਦੋਂ ਅਚਾਨਕ ਕੋਈ ਜ਼ਰੂਰੀ ਚੀਜ਼ ਉਪਲਬਧ ਨਾ ਹੋਵੇ। ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਅਜਿਹੀ ਹੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਵੀ ਹਨ ਅਤੇ ਹੱਸ ਵੀ ਰਹੇ ਹਨ।

ਦਰਅਸਲ, ਇਨੀਂ ਦਿਨੀਂ ਦੇਸ਼ ਦੇ ਕਈ ਹਿੱਸਿਆਂ ਵਿੱਚੋਂ ਐਲ.ਪੀ.ਜੀ. (LPG) ਗੈਸ ਸਿਲੰਡਰਾਂ ਦੀ ਕਿੱਲਤ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਕਈ ਥਾਵਾਂ 'ਤੇ ਗੈਸ ਖ਼ਤਮ ਹੋਣ ਕਾਰਨ ਲੋਕ ਲੱਕੜਾਂ ਦੇ ਚੁੱਲ੍ਹੇ 'ਤੇ ਖਾਣਾ ਬਣਾਉਣ ਲਈ ਮਜਬੂਰ ਹਨ, ਜਦਕਿ ਕਈ ਲੋਕ ਇੰਡਕਸ਼ਨ ਚੁੱਲ੍ਹੇ ਜਾਂ ਹੋਰ ਬਦਲਵੇਂ ਤਰੀਕਿਆਂ ਦਾ ਸਹਾਰਾ ਲੈ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ।

ਅਜਿਹੇ ਮਾਹੌਲ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਵਿਅਕਤੀ ਗੈਸ ਚੁੱਲ੍ਹੇ ਤੋਂ ਬਿਨਾਂ ਹੀ ਰੋਟੀ ਬਣਾਉਂਦਾ ਦਿਖਾਈ ਦੇ ਰਿਹਾ ਹੈ। ਇਸ ਅਨੋਖੇ ਤਰੀਕੇ ਨੂੰ ਦੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਹ ਵੀਡੀਓ ਮਾਈਕ੍ਰੋਬਲਾਗਿੰਗ ਪਲੇਟਫਾਰਮ 'ਐਕਸ' (X) 'ਤੇ @Shoonya_ydv ਨਾਮ ਦੇ ਅਕਾਊਂਟ ਤੋਂ ਸਾਂਝੀ ਕੀਤੀ ਗਈ ਹੈ।

ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਰਸੋਈ ਵਿੱਚ ਰੋਟੀ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਸ਼ਖਸ ਗੋਲ-ਗੋਲ ਰੋਟੀ ਵੇਲ ਕੇ ਉਹ ਗੈਸ ਚੁੱਲ੍ਹੇ ਜਾਂ ਤਵੇ ਦੀ ਬਜਾਏ ਕੱਪੜੇ ਪ੍ਰੈੱਸ ਕਰਨ ਵਾਲੀ ਇਲੈਕਟ੍ਰਿਕ ਪ੍ਰੈੱਸ ਉੱਤੇ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਵਿਅਕਤੀ ਪਹਿਲਾਂ ਪ੍ਰੈੱਸ ਨੂੰ ਬਿਜਲੀ ਨਾਲ ਜੋੜ ਕੇ ਗਰਮ ਕਰਦਾ ਹੈ ਅਤੇ ਫਿਰ ਉਸਨੂੰ ਤਵੇ ਵਾਂਗ ਵਰਤਦੇ ਹੋਏ ਉਸ ਉੱਤੇ ਰੋਟੀ ਸੇਕਣ ਲੱਗ ਜਾਂਦਾ ਹੈ।

ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਗਰਮ ਪ੍ਰੈੱਸ ਉੱਤੇ ਰੱਖੀ ਰੋਟੀ ਹੌਲੀ-ਹੌਲੀ ਸਿੱਕਣੀ ਸ਼ੁਰੂ ਹੋ ਜਾਂਦੀ ਹੈ। ਕੁਝ ਹੀ ਦੇਰ ਵਿੱਚ ਰੋਟੀ ਤਿਆਰ ਵੀ ਹੋ ਜਾਂਦੀ ਹੈ। ਇਸ ਅਨੋਖੇ ਤਰੀਕੇ ਨੂੰ ਦੇਖ ਕੇ ਕਈ ਲੋਕ ਹੈਰਾਨ ਰਹਿ ਗਏ, ਕਿਉਂਕਿ ਆਮ ਤੌਰ 'ਤੇ ਰੋਟੀ ਬਣਾਉਣ ਲਈ ਤਵੇ ਅਤੇ ਗੈਸ ਚੁੱਲ੍ਹੇ ਦੀ ਲੋੜ ਹੁੰਦੀ ਹੈ।

ਮਜ਼ਾਕੀਆ ਪ੍ਰਤੀਕਿਰਿਆ ਦੇ ਨਾਲ ਲੋਕਾਂ ਨੇ ਇਸ ਨੂੰ ਖਤਰਨਾਕ ਸਟੰਟ ਦੱਸਿਆ

ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਕੁਝ ਯੂਜ਼ਰਸ ਇਸ ਨੂੰ ਭਾਰਤੀ ਜੁਗਾੜ ਦਾ ਬਿਹਤਰੀਨ ਨਮੂਨਾ ਦੱਸ ਰਹੇ ਹਨ, ਜਦਕਿ ਕੁਝ ਲੋਕ ਇਸ ਨੂੰ ਖ਼ਤਰਨਾਕ ਵੀ ਮੰਨ ਰਹੇ ਹਨ। ਇੱਕ ਯੂਜ਼ਰ ਨੇ ਮਜ਼ਾਕ ਵਿੱਚ ਲਿਖਿਆ, "ਇਹ ਟੈਲੇਂਟ ਇੰਡੀਆ ਤੋਂ ਬਾਹਰ ਨਹੀਂ ਜਾਣਾ ਚਾਹੀਦਾ।" ਉੱਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, "ਅਮਰੀਕਾ ਨੇ ਹਾਰ ਮੰਨ ਲਈ ਹੈ।"

ਹਾਲਾਂਕਿ, ਕਈ ਲੋਕ ਇਹ ਵੀ ਕਹਿ ਰਹੇ ਹਨ ਕਿ ਇਸ ਤਰ੍ਹਾਂ ਦੇ ਪ੍ਰਯੋਗ ਮਜ਼ਾਕ ਵਿੱਚ ਭਾਵੇਂ ਠੀਕ ਲੱਗਣ, ਪਰ ਇਨ੍ਹਾਂ ਨੂੰ ਘਰ ਵਿੱਚ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਲੈਕਟ੍ਰਿਕ ਪ੍ਰੈੱਸ ਦੀ ਇਸ ਤਰ੍ਹਾਂ ਵਰਤੋਂ ਕਰਨਾ ਖ਼ਤਰਨਾਕ ਹੋ ਸਕਦਾ ਹੈ ਅਤੇ ਇਸ ਨਾਲ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।


© Copyright Galactic Television & Communications Pvt. Ltd. 2026. All rights reserved.