ਭਾਰਤ ‘ਚ ਬੈਨ ਹੋਈ ਫਵਾਦ ਖਾਨ ਦੀ ਪਾਕਿਸਤਾਨੀ ਵੈੱਬ ਸੀਰੀਜ਼ 'Jo Bachay Hain Sang Samait Lo', ਕੇਂਦਰ ਸਰਕਾਰ ਨੇ ਨੈੱਟਫਲਿਕਸ ਨੂੰ ਦਿੱਤੀ ਸਖ਼ਤ ਚੇਤਾਵਨੀ

ਭਾਰਤ ਸਰਕਾਰ ਨੇ ਪਾਕਿਸਤਾਨੀ ਵੈੱਬ ਸੀਰੀਜ਼ 'ਜੋ ਬਚੇ ਹੈਂ ਸੰਗ ਸਮੇਟ ਲੋ' (Jo Bachay Hain Sang Samait Lo) ਨੂੰ ਭਾਰਤ ਵਿੱਚ ਸਟ੍ਰੀਮ ਕਰਨ 'ਤੇ ਰੋਕ ਲਗਾ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਨੈੱਟਫਲਿਕਸ (Netflix) ਨੂੰ ਸਖ਼ਤ ਚੇਤਾਵਨੀ ਦਿੰਦਿਆਂ 8 ਮਈ 2025 ਨੂੰ ਜਾਰੀ ਕੀਤੀ ਗਈ ਆਪਣੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।

By:  Lajwinder Kaur November 26th 2026 05:17 PM -- Updated: November 26th 2026 05:30 PM

ਭਾਰਤ ਸਰਕਾਰ ਨੇ ਪਾਕਿਸਤਾਨੀ ਵੈੱਬ ਸੀਰੀਜ਼ 'ਜੋ ਬਚੇ ਹੈਂ ਸੰਗ ਸਮੇਟ ਲੋ' (Jo Bachay Hain Sang Samait Lo) ਨੂੰ ਭਾਰਤ ਵਿੱਚ ਸਟ੍ਰੀਮ ਕਰਨ 'ਤੇ ਰੋਕ ਲਗਾ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਨੈੱਟਫਲਿਕਸ (Netflix) ਨੂੰ ਸਖ਼ਤ ਚੇਤਾਵਨੀ ਦਿੰਦਿਆਂ 8 ਮਈ 2025 ਨੂੰ ਜਾਰੀ ਕੀਤੀ ਗਈ ਆਪਣੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਐਡਵਾਈਜ਼ਰੀ ਤਹਿਤ ਪਾਕਿਸਤਾਨ ਵਿੱਚ ਬਣੀ ਕਿਸੇ ਵੀ ਫ਼ਿਲਮ ਜਾਂ ਵੈੱਬ ਸੀਰੀਜ਼ ਨੂੰ ਭਾਰਤ ਵਿੱਚ ਨਹੀਂ ਦਿਖਾਇਆ ਜਾ ਸਕਦਾ।

ਮੰਤਰਾਲੇ ਨੂੰ ਹਾਲ ਹੀ ਵਿੱਚ ਸ਼ਿਕਾਇਤਾਂ ਮਿਲੀਆਂ ਸਨ ਕਿ ਇਹ ਪਾਕਿਸਤਾਨੀ ਸੀਰੀਜ਼ ਭਾਰਤ ਵਿੱਚ ਰਿਲੀਜ਼ ਹੋ ਸਕਦੀ ਹੈ। ਇਸ ਤੋਂ ਬਾਅਦ ਸਰਕਾਰ ਨੇ ਨੈੱਟਫਲਿਕਸ ਨੂੰ ਜੂਨ 2025 ਵਿੱਚ ਕੀਤੇ ਗਏ ਉਸ ਦੇ ਵਾਅਦੇ ਦੀ ਯਾਦ ਦਿਵਾਈ ਹੈ, ਜਿਸ ਵਿੱਚ ਪਲੇਟਫਾਰਮ ਨੇ ਭਰੋਸਾ ਦਿੱਤਾ ਸੀ ਕਿ ਉਹ ਭਾਰਤ ਵਿੱਚ ਕੋਈ ਵੀ ਪਾਕਿਸਤਾਨੀ ਕੰਟੈਂਟ ਉਪਲਬਧ ਨਹੀਂ ਕਰਵਾਏਗਾ।   

ਫ਼ਿਲਮ ਜਥੇਬੰਦੀਆਂ ਨੇ ਜਤਾਇਆ ਸੀ ਸਖ਼ਤ ਵਿਰੋਧ

ਇਹ ਸੀਰੀਜ਼ ਨੈੱਟਫਲਿਕਸ ਦੀ ਪਹਿਲੀ ਓਰੀਜਨਲ ਪਾਕਿਸਤਾਨੀ ਵੈੱਬ ਸੀਰੀਜ਼ ਹੈ, ਜੋ ਦੁਨੀਆ ਭਰ ਦੇ 191 ਦੇਸ਼ਾਂ ਵਿੱਚ 4 ਦਸੰਬਰ 2026 ਤੋਂ ਰਿਲੀਜ਼ ਹੋਣ ਜਾ ਰਹੀ ਹੈ। ਹਾਲਾਂਕਿ, ਹੁਣ ਇਸ ਨੂੰ ਭਾਰਤ ਵਿੱਚ ਨਹੀਂ ਦੇਖਿਆ ਜਾ ਸਕੇਗਾ। ਇਸ ਸੀਰੀਜ਼ ਦੀ ਰਿਲੀਜ਼ ਨੂੰ ਲੈ ਕੇ ਭਾਰਤ ਵਿੱਚ ਕਾਫ਼ੀ ਵਿਵਾਦ ਚੱਲ ਰਿਹਾ ਸੀ। ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਅਤੇ FWICE ਵਰਗੀਆਂ ਫ਼ਿਲਮੀ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ 'ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।

3 ਪੀੜ੍ਹੀਆਂ ਦੀਆਂ 6 ਪ੍ਰੇਮ ਕਹਾਣੀਆਂ ਅਤੇ ਵੱਡੀ ਸਟਾਰ ਕਾਸਟ

ਫ਼ਰਹਤ ਇਸ਼ਤਿਆਕ ਦੇ ਮਸ਼ਹੂਰ ਉਰਦੂ ਨਾਵਲ 'ਤੇ ਆਧਾਰਿਤ ਇਹ ਸੀਰੀਜ਼ 2 ਹਿੱਸਿਆਂ ਵਿੱਚ ਰਿਲੀਜ਼ ਹੋਵੇਗੀ, ਜਿਸ ਵਿੱਚ ਕੁੱਲ 13 ਐਪੀਸੋਡ ਹੋਣ ਦੀ ਉਮੀਦ ਹੈ। ਇਸ ਵਿੱਚ 3 ਪੀੜ੍ਹੀਆਂ ਦੀਆਂ 6 ਵੱਖ-ਵੱਖ ਪ੍ਰੇਮ ਕਹਾਣੀਆਂ ਦਿਖਾਈਆਂ ਜਾਣਗੀਆਂ।

ਸੀਰੀਜ਼ ਵਿੱਚ ਫਵਾਦ ਖਾਨ, ਮਾਹਿਰਾ ਖਾਨ, ਸਨਾਮ ਸਈਦ, ਅਹਦ ਰਜ਼ਾ ਮੀਰ, ਇਕਰਾ ਅਜ਼ੀਜ਼, ਹਾਨੀਆ ਆਮਿਰ, ਹਮਜ਼ਾ ਅਲੀ ਅੱਬਾਸੀ, ਮਾਇਆ ਅਲੀ ਅਤੇ ਬਿਲਾਲ ਅਸ਼ਰਫ਼ ਵਰਗੇ ਵੱਡੇ ਪਾਕਿਸਤਾਨੀ ਕਲਾਕਾਰ ਨਜ਼ਰ ਆਉਣਗੇ। ਦੱਸਣਯੋਗ ਹੈ ਕਿ ਇਸ ਸੀਰੀਜ਼ ਨੂੰ ਬਣਨ ਵਿੱਚ ਕਰੀਬ 8 ਸਾਲ ਦਾ ਸਮਾਂ ਲੱਗਾ ਹੈ ਅਤੇ ਇਸ ਦੀ ਸ਼ੂਟਿੰਗ 200 ਦਿਨਾਂ ਤੱਕ ਚੱਲੀ ਸੀ। ਹਾਲ ਹੀ ਵਿੱਚ ਇਸ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ, ਪਰ ਹੁਣ ਸਰਕਾਰ ਦੀ ਸਖ਼ਤੀ ਤੋਂ ਬਾਅਦ ਇਹ ਸੀਰੀਜ਼ ਭਾਰਤੀ ਦਰਸ਼ਕਾਂ ਲਈ ਉਪਲਬਧ ਨਹੀਂ ਹੋਵੇਗੀ।

© Copyright Galactic Television & Communications Pvt. Ltd. 2026. All rights reserved.