ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ: ਸਵੇਰੇ 8:30 ਵਜੇ ਲੱਗਣਗੇ ਸਕੂਲ, ਦੁਪਹਿਰ 2:30 ਵਜੇ ਹੋਵੇਗੀ ਛੁੱਟੀ; ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ

ਮਾਪੇ ਧਿਆਨ ਦੇਣ ਪੰਜਾਬ ਵਿੱਚ 1 ਅਕਤੂਬਰ 2026 ਤੋਂ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਹੋਣ ਜਾ ਰਿਹਾ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਨਵੇਂ ਸਮੇਂ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਤਹਿਤ ਸੂਬੇ ਦੇ ਸਰਕਾਰੀ ਸਕੂਲ ਹੁਣ ਸਵੇਰੇ 8:30 ਵਜੇ ਲੱਗਣਗੇ ਅਤੇ ਦੁਪਹਿਰ ਨੂੰ ਛੁੱਟੀ ਹੋਵੇਗੀ।

By:  Lajwinder Kaur September 30th 2026 10:49 AM -- Updated: September 30th 2026 10:54 AM

ਮਾਪੇ ਧਿਆਨ ਦੇਣ ਪੰਜਾਬ ਵਿੱਚ 1 ਅਕਤੂਬਰ 2026 ਤੋਂ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਹੋਣ ਜਾ ਰਿਹਾ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਨਵੇਂ ਸਮੇਂ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਤਹਿਤ ਸੂਬੇ ਦੇ ਸਰਕਾਰੀ ਸਕੂਲ ਹੁਣ ਸਵੇਰੇ 8:30 ਵਜੇ ਲੱਗਣਗੇ ਅਤੇ ਦੁਪਹਿਰ ਨੂੰ ਛੁੱਟੀ ਹੋਵੇਗੀ। ਇਸ ਤੋਂ ਪਹਿਲਾਂ 1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਸੀ।

ਵਿਭਾਗ ਵੱਲੋਂ ਜਾਰੀ ਨਵੇਂ ਨਿਰਦੇਸ਼ ਪੰਜਾਬ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਤੇ ਲਾਗੂ ਹੋਣਗੇ। ਨਵਾਂ ਸਮਾਂ 31 ਅਕਤੂਬਰ 2026 ਤੱਕ ਲਾਗੂ ਰਹੇਗਾ। ਸੂਬੇ ਵਿੱਚ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲ ਹਨ ਅਤੇ ਇਨ੍ਹਾਂ ਸਾਰੇ ਸਕੂਲਾਂ ਵਿੱਚ ਨਿਰਧਾਰਤ ਸਮੇਂ ਅਨੁਸਾਰ ਹੀ ਕਲਾਸਾਂ ਲਗਾਈਆਂ ਜਾਣਗੀਆਂ।

1 ਅਕਤੂਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ

ਮੌਸਮ ਵਿੱਚ ਆ ਰਹੇ ਬਦਲਾਅ ਅਤੇ ਅਕਾਦਮਿਕ ਸੈਸ਼ਨ ਦੀ ਸਮਾਂ-ਸਾਰਣੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਸਿੱਖਿਆ ਵਿਭਾਗ ਨੇ ਇਹ ਤਬਦੀਲੀ ਕੀਤੀ ਹੈ। 1 ਅਕਤੂਬਰ ਤੋਂ ਵਿਦਿਆਰਥੀਆਂ ਨੂੰ ਸਕੂਲ ਪਹੁੰਚਣ ਲਈ ਪਹਿਲਾਂ ਦੇ ਮੁਕਾਬਲੇ ਅੱਧਾ ਘੰਟਾ ਵਾਧੂ ਸਮਾਂ ਮਿਲੇਗਾ।

ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਨਵੇਂ ਸਮੇਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸਕੂਲ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਦੇ ਬਦਲੇ ਹੋਏ ਸਮੇਂ ਬਾਰੇ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ।

ਸਾਲ ਵਿੱਚ 3 ਵਾਰ ਬਦਲਦਾ ਹੈ ਸਰਕਾਰੀ ਸਕੂਲਾਂ ਦਾ ਸਮਾਂ

ਪੰਜਾਬ ਵਿੱਚ ਮੌਸਮ ਅਤੇ ਅਕਾਦਮਿਕ ਸੈਸ਼ਨ ਦੇ ਅਨੁਸਾਰ ਸਰਕਾਰੀ ਸਕੂਲਾਂ ਦਾ ਸਮਾਂ ਸਾਲ ਵਿੱਚ ਤਿੰਨ ਵਾਰ ਬਦਲਿਆ ਜਾਂਦਾ ਹੈ। 1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹਿੰਦਾ ਹੈ।

ਇਸ ਤੋਂ ਬਾਅਦ 1 ਅਕਤੂਬਰ ਤੋਂ 31 ਅਕਤੂਬਰ ਤੱਕ ਸਮੇਂ ਵਿੱਚ ਮੁੜ ਬਦਲਾਅ ਕੀਤਾ ਜਾਂਦਾ ਹੈ। ਇਸ ਦੌਰਾਨ ਪ੍ਰਾਇਮਰੀ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਲੱਗਦੇ ਹਨ, ਜਦਕਿ ਮਿਡਲ ਤੋਂ ਸੀਨੀਅਰ ਸੈਕੰਡਰੀ ਪੱਧਰ ਤੱਕ ਦੇ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 2:50 ਵਜੇ ਤੱਕ ਲੱਗਦੇ ਹਨ।

1 ਨਵੰਬਰ ਤੋਂ ਮੁੜ ਬਦਲੇਗਾ ਸਮਾਂ

1 ਨਵੰਬਰ ਤੋਂ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਇੱਕ ਵਾਰ ਫਿਰ ਤਬਦੀਲੀ ਹੋਵੇਗੀ। 1 ਨਵੰਬਰ ਤੋਂ 28 ਫਰਵਰੀ ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗਾ।

ਇਸੇ ਤਰ੍ਹਾਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰ 3:20 ਵਜੇ ਤੱਕ ਲੱਗਣਗੇ। ਇਸ ਤਰ੍ਹਾਂ ਸਰਦੀਆਂ ਦੇ ਮੌਸਮ ਦੌਰਾਨ ਸਕੂਲਾਂ ਦਾ ਸਮਾਂ ਸਵੇਰੇ ਦੇ ਠੰਢੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਬਦਲਿਆ ਜਾਂਦਾ ਹੈ।

ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਤੋਂ ਬਾਅਦ ਹੁਣ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਨਵੇਂ ਸਮੇਂ ਅਨੁਸਾਰ ਸਕੂਲ ਦੀਆਂ ਗਤੀਵਿਧੀਆਂ ਅਤੇ ਕਲਾਸਾਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।

© Copyright Galactic Television & Communications Pvt. Ltd. 2026. All rights reserved.