PSEB ਵੱਲੋਂ ਅਹਿਮ ਐਲਾਨ! 10ਵੀਂ ਅਤੇ 12ਵੀਂ ਦੇ ਵਿਦਿਆਰਥੀ ਦੇਣ ਧਿਆਨ, ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ...

ਪੰਜਾਬ ਬੋਰਡ ਦੇ ਵਿਦਿਆਰਥੀਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ। ਜੇਕਰ ਸਮੇਂ ਸਿਰ ਫ਼ੀਸਾਂ ਜਮ੍ਹਾਂ ਕਰਵਾਉਣ ਵਾਲਾ ਕੰਮ ਨਾ ਕੀਤਾ ਗਿਆ ਤਾਂ ਵਾਧੂ ਦਾ ਜੁਰਮਾਨਾ ਭਰਨਾ ਪੈਣਾ ਹੈ। ਇਸ ਲਈ ਸੂਕਲਾਂ ਦੇ ਮੁੱਖੀ ਅਤੇ ਮਾਪੇ ਧਿਆਨ ਦੇਣ...

By:  Lajwinder Kaur October 6th 2026 04:21 PM -- Updated: October 6th 2026 04:30 PM

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਅਤੇ ਸਕੂਲ ਮੁਖੀਆਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਫਰਵਰੀ/ਮਾਰਚ 2027 ਵਿੱਚ ਹੋਣ ਵਾਲੀਆਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ (ਰੈਗੂਲਰ) ਲਈ ਪ੍ਰੀਖਿਆ ਫਾਰਮ ਭਰਨ ਅਤੇ ਫ਼ੀਸਾਂ ਜਮ੍ਹਾਂ ਕਰਵਾਉਣ ਦਾ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਬੋਰਡ ਦਫ਼ਤਰ ਵੱਲੋਂ ਇਸ ਸਬੰਧੀ ਸਾਰਾ ਵੇਰਵਾ ਸਬੰਧਤ ਸਕੂਲਾਂ ਦੀ ਲੌਗ-ਇਨ ਆਈ.ਡੀ. ਉੱਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ। ਵਿਦਿਆਰਥੀ ਆਨਲਾਈਨ ਜਾਂ ਆਫ਼ਲਾਈਨ ਮਾਧਿਅਮ ਰਾਹੀਂ ਆਪਣੀ ਫ਼ੀਸ ਜਮ੍ਹਾਂ ਕਰਵਾ ਸਕਦੇ ਹਨ।

ਸਕੂਲ ਮੁਖੀਆਂ ਲਈ ਸਖ਼ਤ ਹਦਾਇਤਾਂ ਅਤੇ ਕਾਰਵਾਈ ਦੀ ਚੇਤਾਵਨੀ

ਬੋਰਡ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਸੰਸਥਾ ਜਾਂ ਸਕੂਲ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਸਮੇਂ ਸਿਰ ਫਾਰਮ ਭਰਨ ਅਤੇ ਫ਼ੀਸ ਜਮ੍ਹਾਂ ਕਰਨ ਦੀ ਪ੍ਰਕਿਰਿਆ ਪੂਰੀ ਨਹੀਂ ਕਰਦਾ, ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ ਦੀ ਹੋਵੇਗੀ।

ਨਿਰਧਾਰਿਤ ਸਮਾਂ-ਸੀਮਾ ਵਿੱਚ ਕੰਮ ਪੂਰਾ ਨਾ ਕਰਨ ਵਾਲੀਆਂ ਐਸੋਸੀਏਟਡ ਅਤੇ ਐਫੀਲੀਏਟਡ ਪ੍ਰਾਈਵੇਟ ਸੰਸਥਾਵਾਂ ਖਿਲਾਫ ਬੋਰਡ ਦੇ ਐਫੀਲੀਏਸ਼ਨ ਨਿਯਮਾਂ ਤਹਿਤ ਕਾਨੂੰਨੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਸਰਕਾਰੀ ਸਕੂਲਾਂ ਵਿੱਚ ਕੋਤਾਹੀ ਵਰਤਣ ਵਾਲੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਵਿਰੁੱਧ ਕਾਰਵਾਈ ਕਰਨ ਲਈ ਡਾਇਰੈਕਟਰ, ਸਿੱਖਿਆ ਵਿਭਾਗ (ਐਲੀਮੈਂਟਰੀ/ਸੈਕੰਡਰੀ) ਨੂੰ ਲਿਖ਼ਤੀ ਤੌਰ 'ਤੇ ਭੇਜਿਆ ਜਾਵੇਗਾ।

ਬੋਰਡ ਨੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਮੇਂ ਸਿਰ ਸਾਰੀ ਕਾਰਵਾਈ ਮੁਕੰਮਲ ਕਰਨ ਤਾਂ ਜੋ ਵਿਦਿਆਰਥੀਆਂ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ।

ਫ਼ੀਸ ਅਤੇ ਫਾਰਮ ਜਮ੍ਹਾਂ ਕਰਵਾਉਣ ਦਾ ਤਾਰੀਖ਼ਾਂ ਦਾ ਸ਼ਡਿਊਲ:

ਬਿਨਾਂ ਲੇਟ ਫ਼ੀਸ:

  • ਆਫ਼ਲਾਈਨ ਫ਼ੀਸ ਬੈਂਕ ਚਲਾਨ ਜਨਰੇਟ ਕਰਨ ਦੀ ਮਿਤੀ 05-10-2026 ਤੋਂ 23-10-2026 ਤੱਕ ਹੈ।
  • ਬੈਂਕ ਵਿੱਚ ਆਫ਼ਲਾਈਨ ਚਲਾਨ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 29-10-2026 ਹੈ।
  • ਪ੍ਰੀਖਿਆ ਫਾਰਮ ਅਤੇ ਆਨਲਾਈਨ ਗੇਟ-ਵੇਅ ਰਾਹੀਂ ਫ਼ੀਸ ਜਮ੍ਹਾਂ ਕਰਨ ਦੀ ਮਿਤੀ 23-10-2026 ਹੈ।

500 ਰੁਪਏ ਲੇਟ ਫ਼ੀਸ (ਪ੍ਰਤੀ ਪ੍ਰੀਖਿਆਰਥੀ):

  • ਆਫ਼ਲਾਈਨ ਫ਼ੀਸ ਬੈਂਕ ਚਲਾਨ ਜਨਰੇਟ ਕਰਨ ਦੀ ਮਿਤੀ 24-10-2026 ਤੋਂ 31-10-2026 ਤੱਕ ਹੈ।
  • ਬੈਂਕ ਵਿੱਚ ਆਫ਼ਲਾਈਨ ਚਲਾਨ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 06-11-2026 ਹੈ।
  • ਪ੍ਰੀਖਿਆ ਫਾਰਮ ਅਤੇ ਆਨਲਾਈਨ ਗੇਟ-ਵੇਅ ਰਾਹੀਂ ਫ਼ੀਸ ਜਮ੍ਹਾਂ ਕਰਨ ਦੀ ਮਿਤੀ 31-10-2026 ਹੈ।

1000 ਰੁਪਏ ਲੇਟ ਫ਼ੀਸ (ਪ੍ਰਤੀ ਪ੍ਰੀਖਿਆਰਥੀ):

  • ਆਫ਼ਲਾਈਨ ਫ਼ੀਸ ਬੈਂਕ ਚਲਾਨ ਜਨਰੇਟ ਕਰਨ ਦੀ ਮਿਤੀ 01-11-2026 ਤੋਂ 10-11-2026 ਤੱਕ ਹੈ।
  • ਬੈਂਕ ਵਿੱਚ ਆਫ਼ਲਾਈਨ ਚਲਾਨ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 17-11-2026 ਹੈ।
  • ਪ੍ਰੀਖਿਆ ਫਾਰਮ ਅਤੇ ਆਨਲਾਈਨ ਗੇਟ-ਵੇਅ ਰਾਹੀਂ ਫ਼ੀਸ ਜਮ੍ਹਾਂ ਕਰਨ ਦੀ ਮਿਤੀ 10-11-2026 ਹੈ।

1500 ਰੁਪਏ ਲੇਟ ਫ਼ੀਸ (ਪ੍ਰਤੀ ਪ੍ਰੀਖਿਆਰਥੀ):

  • ਫ਼ੀਸ ਭਰਨ ਦੀ ਸਮਾਂ-ਸੀਮਾ 11-11-2026 ਤੋਂ 18-11-2026 ਤੱਕ ਹੈ। ਇਸ ਸ਼ਡਿਊਲ ਨਾਲ ਸਬੰਧਤ ਅਗਲੀਆਂ ਅੰਤਿਮ ਮਿਤੀਆਂ 25-11-2026 ਅਤੇ 18-11-2026 ਤੈਅ ਕੀਤੀਆਂ ਗਈਆਂ ਹਨ।

2000 ਰੁਪਏ ਲੇਟ ਫ਼ੀਸ (ਪ੍ਰਤੀ ਪ੍ਰੀਖਿਆਰਥੀ):

ਫ਼ੀਸ ਭਰਨ ਦੀ ਸਮਾਂ-ਸੀਮਾ 19-11-2026 ਤੋਂ 26-11-2026 ਤੱਕ ਰਹੇਗੀ। ਇਸ ਨਾਲ ਸਬੰਧਤ ਅਗਲੀਆਂ ਅੰਤਿਮ ਮਿਤੀਆਂ 03-12-2026 ਅਤੇ 26-11-2026 ਹਨ।

ਬੋਰਡ ਵੱਲੋਂ ਸਾਰੇ ਪ੍ਰੀਖਿਆਰਥੀਆਂ ਅਤੇ ਸਕੂਲਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵਾਧੂ ਲੇਟ ਫ਼ੀਸ ਤੋਂ ਬਚਣ ਲਈ ਸਮੇਂ ਸਿਰ ਆਪਣੇ ਫਾਰਮ ਅਤੇ ਫ਼ੀਸਾਂ ਜਮ੍ਹਾਂ ਕਰਵਾਉਣ।

© Copyright Galactic Television & Communications Pvt. Ltd. 2026. All rights reserved.