ਕੇਂਦਰੀ ਮੁਲਾਜ਼ਮਾਂ ਲਈ ਚੰਗੀ ਖਬਰ! ਮਹਿੰਗਾਈ ਭੱਤੇ ‘ਚ 3% ਵਾਧਾ, ਹੁਣ 63% ਹੋਇਆ DA; 48 ਲੱਖ ਮੁਲਾਜ਼ਮਾਂ ਤੇ 68 ਲੱਖ ਪੈਨਸ਼ਨਰਾਂ ਨੂੰ ਹੋਵੇਗਾ ਫਾਇਦਾ

ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ, 28 ਅਕਤੂਬਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਮਹਿੰਗਾਈ ਭੱਤੇ (DA) ਵਿੱਚ 3 ਫ਼ੀਸਦੀ ਵਾਧੇ ਦਾ ਫ਼ੈਸਲਾ ਲਿਆ ਗਿਆ ਹੈ।

By:  Lajwinder Kaur October 28th 2026 05:27 PM -- Updated: October 28th 2026 05:32 PM

ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ, 28 ਅਕਤੂਬਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਮਹਿੰਗਾਈ ਭੱਤੇ (DA) ਵਿੱਚ 3 ਫ਼ੀਸਦੀ ਵਾਧੇ ਦਾ ਫ਼ੈਸਲਾ ਲਿਆ ਗਿਆ ਹੈ। ਇਸ ਨਾਲ ਮਹਿੰਗਾਈ ਭੱਤਾ 60 ਫ਼ੀਸਦੀ ਤੋਂ ਵਧ ਕੇ 63 ਫ਼ੀਸਦੀ ਹੋ ਜਾਵੇਗਾ।

ਇਸ ਫ਼ੈਸਲੇ ਨਾਲ ਲਗਭਗ 48 ਲੱਖ ਕੇਂਦਰੀ ਮੁਲਾਜ਼ਮਾਂ ਅਤੇ 68 ਲੱਖ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ। ਨਵੀਆਂ ਦਰਾਂ 1 ਜੁਲਾਈ 2026 ਤੋਂ ਲਾਗੂ ਹੋਣਗੀਆਂ। ਇਸ ਵਾਧੇ ’ਤੇ ਸਰਕਾਰ ਵੱਲੋਂ ਕਰੀਬ 10 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।

ਅਪ੍ਰੈਲ ਵਿੱਚ ਵੀ ਵਧਿਆ ਸੀ ਮਹਿੰਗਾਈ ਭੱਤਾ

ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਕੇਂਦਰ ਸਰਕਾਰ ਨੇ ਮਹਿੰਗਾਈ ਭੱਤੇ (DA) ਅਤੇ ਪੈਨਸ਼ਨਰਾਂ ਦੇ ਮਹਿੰਗਾਈ ਰਾਹਤ ਭੱਤੇ (DR) ਵਿੱਚ 2 ਫ਼ੀਸਦੀ ਵਾਧਾ ਕੀਤਾ ਸੀ। ਇਸ ਤੋਂ ਬਾਅਦ DA ਦੀ ਦਰ 60 ਫ਼ੀਸਦੀ ਹੋ ਗਈ ਸੀ। ਹੁਣ ਤਾਜ਼ਾ 3 ਫ਼ੀਸਦੀ ਵਾਧੇ ਨਾਲ ਇਹ ਦਰ 63 ਫ਼ੀਸਦੀ ਹੋ ਜਾਵੇਗੀ।

ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਕਿੰਨਾ ਵਾਧਾ ਹੋਵੇਗਾ?

ਮਹਿੰਗਾਈ ਭੱਤੇ ਵਿੱਚ ਵਾਧੇ ਨਾਲ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਹੋਣ ਵਾਲਾ ਵਾਧਾ ਉਨ੍ਹਾਂ ਦੀ ਬੇਸਿਕ ਤਨਖ਼ਾਹ ’ਤੇ ਨਿਰਭਰ ਕਰੇਗਾ।

- 18,000 ਰੁਪਏ ਬੇਸਿਕ ਤਨਖ਼ਾਹ: ਹਰ ਮਹੀਨੇ 540 ਰੁਪਏ ਦਾ ਵਾਧਾ ਹੋਵੇਗਾ।

- 56,100 ਰੁਪਏ ਬੇਸਿਕ ਤਨਖ਼ਾਹ: ਹਰ ਮਹੀਨੇ ਲਗਭਗ 1,683 ਰੁਪਏ ਦਾ ਵਾਧਾ ਹੋਵੇਗਾ।

ਕਿਉਂਕਿ ਨਵੀਆਂ ਦਰਾਂ 1 ਜੁਲਾਈ ਤੋਂ ਲਾਗੂ ਹੋਣਗੀਆਂ, ਇਸ ਲਈ ਯੋਗ ਮੁਲਾਜ਼ਮਾਂ ਨੂੰ ਜੁਲਾਈ ਤੋਂ ਸਤੰਬਰ ਤੱਕ ਦਾ ਬਕਾਇਆ ਵੀ ਮਿਲ ਸਕਦਾ ਹੈ।

ਸਾਲ ਵਿੱਚ ਦੋ ਵਾਰ ਵਧਾਇਆ ਜਾਂਦਾ ਹੈ DA

ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਵਿੱਚ ਆਮ ਤੌਰ ’ਤੇ ਸਾਲ ਵਿੱਚ ਦੋ ਵਾਰ ਸੋਧ ਕੀਤੀ ਜਾਂਦੀ ਹੈ। ਪਹਿਲਾ ਸੋਧ ਜਨਵਰੀ ਅਤੇ ਦੂਜਾ ਜੁਲਾਈ ਤੋਂ ਲਾਗੂ ਹੁੰਦਾ ਹੈ। ਇਸ ਦਾ ਫ਼ੈਸਲਾ ਮਹਿੰਗਾਈ ਦੇ ਅੰਕੜਿਆਂ ਅਤੇ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ (AICPI-IW) ਦੇ ਆਧਾਰ ’ਤੇ ਕੀਤਾ ਜਾਂਦਾ ਹੈ।

ਮਹਿੰਗਾਈ ਤੋਂ ਰਾਹਤ ਦੇਣ ਲਈ ਮਿਲਦਾ ਹੈ ਭੱਤਾ

ਮਹਿੰਗਾਈ ਭੱਤਾ ਮੁਲਾਜ਼ਮਾਂ ਨੂੰ ਵਧਦੀ ਮਹਿੰਗਾਈ ਦੇ ਪ੍ਰਭਾਵ ਤੋਂ ਰਾਹਤ ਦੇਣ ਲਈ ਦਿੱਤਾ ਜਾਂਦਾ ਹੈ। ਇਹ ਬੇਸਿਕ ਤਨਖ਼ਾਹ ਦੇ ਪ੍ਰਤੀਸ਼ਤ ਵਜੋਂ ਤੈਅ ਹੁੰਦਾ ਹੈ। ਦੂਜੇ ਪਾਸੇ, ਪੈਨਸ਼ਨਰਾਂ ਨੂੰ ਉਨ੍ਹਾਂ ਦੀ ਬੇਸਿਕ ਪੈਨਸ਼ਨ ਦੇ ਆਧਾਰ ’ਤੇ ਮਹਿੰਗਾਈ ਰਾਹਤ (DR) ਦਿੱਤੀ ਜਾਂਦੀ ਹੈ। ਇਸ ਵਾਧੇ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਆਪਣੇ ਰੋਜ਼ਾਨਾ ਦੇ ਖ਼ਰਚੇ ਪੂਰੇ ਕਰਨ ਵਿੱਚ ਮਦਦ ਮਿਲੇਗੀ।


© Copyright Galactic Television & Communications Pvt. Ltd. 2026. All rights reserved.