LPG Price Hike: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਅੱਜ ਤੋਂ ਮਹਿੰਗਾ ਹੋਇਆ ਗੈਸ ਸਿਲੰਡਰ, ਲੋਕਾਂ 'ਚ ਮੱਚੀ ਹਾਹਾਕਾਰ!
ਈਰਾਨ-ਇਜ਼ਰਾਈਲ ਜੰਗ ਦਾ ਸੇਕ ਹੁਣ ਭਾਰਤ ਦੇ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਹੈ। ਜੀ ਹਾਂ ਅੱਜ ਦੀ ਸਵੇਰ ਨੇ ਆਮ ਜਨਤਾ ਨੂੰ ਵੱਡਾ ਝਟਕਾ ਦਿੱਤਾ। ਜੰਗ ਦੇ ਅਸਰ ਕਰਕੇ ਹੁਣ ਭਾਰਤ ਵਿੱਚ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵੱਡਾ ਉਛਾਲ ਆਇਆ ਤੇ ਮਹਿੰਗੇ ਹੋਏ ਸਿਲੰਡਰ ਨੇ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ।
ਜੰਗ ਦਾ ਅਸਰ ਹੁਣ ਭਾਰਤ ਦੀ ਰਸੋਈ ਤੱਕ
ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਕਾਰਨ ਮਿਡਲ ਈਸਟ (ਮੱਧ ਪੂਰਬ) ਵਿੱਚ ਵਧਦੇ ਤਣਾਅ ਦਾ ਅਸਰ ਹੁਣ ਭਾਰਤੀ ਰਸੋਈਆਂ 'ਤੇ ਵੀ ਦਿਖਣ ਲੱਗਾ ਹੈ। ਇਸ ਕਾਰਨ ਪੂਰੇ ਭਾਰਤ ਵਿੱਚ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। 14.2 ਕਿਲੋ ਵਾਲੇ ਘਰੇਲੂ LPG ਸਿਲੰਡਰ ਦੀ ਕੀਮਤ ਵਿੱਚ 60 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਦਕਿ ਕਮਰਸ਼ੀਅਲ ਸਿਲੰਡਰ ਲਗਭਗ 115 ਰੁਪਏ ਮਹਿੰਗੇ ਹੋ ਗਏ ਹਨ।
ਕੀਮਤਾਂ ਵਿੱਚ ਇਹ ਬਦਲਾਅ 7 ਮਾਰਚ ਯਾਨੀਕਿ ਅੱਜ ਤੋਂ ਲਾਗੂ ਹੋਣ ਜਾ ਰਿਹਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ (IOC) ਦੇ ਅਨੁਸਾਰ, ਦਿੱਲੀ ਵਿੱਚ ਬਿਨਾਂ ਸਬਸਿਡੀ ਵਾਲੇ ਘਰੇਲੂ LPG ਸਿਲੰਡਰ ਦੀ ਕੀਮਤ 853 ਰੁਪਏ ਤੋਂ ਵਧ ਕੇ ਹੁਣ 913 ਰੁਪਏ ਹੋ ਗਈ ਹੈ।
ਦੂਜੇ ਸ਼ਹਿਰਾਂ ਵਿੱਚ ਵੀ ਵਧੀਆਂ ਕੀਮਤਾਂ
ਕੀਮਤਾਂ ਵਿੱਚ ਵਾਧੇ ਦਾ ਇਹ ਅਸਰ ਦੇਸ਼ ਦੇ ਦੂਜੇ ਵੱਡੇ ਸ਼ਹਿਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਮੁੰਬਈ ਵਿੱਚ ਗੈਸ ਸਿਲੰਡਰ ਦੀ ਕੀਮਤ ਵਧ ਕੇ 912.50 ਰੁਪਏ ਹੋ ਗਈ ਹੈ, ਜਦਕਿ ਕੋਲਕਾਤਾ ਵਿੱਚ ਹੁਣ ਇਸ ਦੀ ਕੀਮਤ ਲਗਭਗ 939 ਰੁਪਏ ਹੈ। ਇਸੇ ਤਰ੍ਹਾਂ ਚੇਨਈ ਵਿੱਚ ਬਦਲੀ ਹੋਈ ਕੀਮਤ 928.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।
ਸ਼ਹਿਰਾਂ ਅਨੁਸਾਰ ਨਵੀਆਂ ਕੀਮਤਾਂ ਦੀ ਸੂਚੀ:
ਕੋਲਕਾਤਾ 939.00
ਚੇਨਈ 928.50
ਮੁੰਬਈ 912.50
ਦਿੱਲੀ 913.00
ਪਟਿਆਲਾ 922.50
ਕਿਉਂ ਅਚਾਨਕ ਵਧੀਆਂ ਕੀਮਤਾਂ?
LPG ਦੀਆਂ ਕੀਮਤਾਂ ਵਿੱਚ ਵਾਧੇ ਦੀ ਇੱਕ ਵੱਡੀ ਵਜ੍ਹਾ ਮਿਡਲ ਈਸਟ ਵਿੱਚ ਪੈਦਾ ਹੋਇਆ ਤਣਾਅ ਹੈ। ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗ ਕਾਰਨ ਗਲੋਬਲ ਮਾਰਕੀਟ ਵਿੱਚ ਕੱਚੇ ਤੇਲ ਅਤੇ ਗੈਸ ਦੀ ਸਪਲਾਈ ਚੇਨ 'ਤੇ ਅਸਰ ਪੈਣ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ।
ਹੋਰਮੁਜ਼ ਸਟ੍ਰੇਟ (Strait of Hormuz) ਨੂੰ ਬੰਦ ਕਰਨ ਦਾ ਈਰਾਨ ਦਾ ਫੈਸਲਾ ਹੁਣ ਪੂਰੀ ਦੁਨੀਆ 'ਤੇ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ, ਕਿਉਂਕਿ ਦੁਨੀਆ ਦਾ ਲਗਭਗ 20-25 ਫ਼ੀਸਦੀ ਤੇਲ ਅਤੇ ਗੈਸ ਇਸੇ ਰਸਤੇ ਰਾਹੀਂ ਗੁਜ਼ਰਦਾ ਹੈ। ਇਸ ਰਸਤੇ ਨੂੰ ਬਲਾਕ ਕਰਨ ਨਾਲ ਸਊਦੀ ਅਰਬ ਤੋਂ ਲੈ ਕੇ ਯੂ.ਏ.ਈ. (UAE) ਅਤੇ ਕੁਵੈਤ ਵਰਗੇ ਵੱਡੇ ਦੇਸ਼ਾਂ ਦਾ ਤੇਲ ਨਿਰਯਾਤ (Oil Export) ਰੁਕ ਜਾਵੇਗਾ।
ਮਹਿੰਗਾਈ ਦਾ ਚੱਕਰ: ਤੇਲ ਦੀ ਕਮੀ ਅਤੇ ਵਧਦੀ ਮੰਗ
ਹੁਣ ਜੇਕਰ ਸਪਲਾਈ ਘੱਟ ਹੋਵੇਗੀ, ਤਾਂ ਦੁਨੀਆ ਭਰ ਦੇ ਦੇਸ਼ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਵਿੱਚ ਤੇਲ ਸਟੋਰ ਕਰਨ ਦੀ ਦੌੜ ਵਿੱਚ ਲੱਗ ਜਾਣਗੇ। ਇਸ ਨਾਲ ਕੁਦਰਤੀ ਤੌਰ 'ਤੇ ਮੰਗ (Demand) ਵਧੇਗੀ, ਜਿਸ ਕਾਰਨ ਤੇਲ ਦੀਆਂ ਕੀਮਤਾਂ ਦਾ 85-90 ਡਾਲਰ ਦੇ ਪਾਰ ਪਹੁੰਚਣਾ ਲਾਜ਼ਮੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਆਪਣੀ ਲੋੜ ਦਾ 85 ਫ਼ੀਸਦੀ ਕੱਚਾ ਤੇਲ ਦੂਜੇ ਦੇਸ਼ਾਂ ਤੋਂ ਮੰਗਵਾਉਂਦਾ ਹੈ। ਜੇਕਰ ਕੱਚਾ ਤੇਲ ਮਹਿੰਗਾ ਹੋਵੇਗਾ, ਤਾਂ ਸਰਕਾਰੀ ਕੰਪਨੀਆਂ ਘਾਟੇ ਤੋਂ ਬਚਣ ਲਈ ਘਰੇਲੂ ਪੱਧਰ 'ਤੇ ਕੀਮਤਾਂ ਵਧਾਉਣਗੀਆਂ, ਜਿਵੇਂ ਕਿ ਅੱਜ ਤੋਂ LPG ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ।
ਕੱਚੇ ਤੇਲ ਦੀ ਕੀਮਤ ਵਧਣ ਨਾਲ ਡੀਜ਼ਲ ਵੀ ਮਹਿੰਗਾ ਹੋਵੇਗਾ, ਜਿਸ ਨਾਲ ਮਾਲ ਢੋਆ-ਢੁਆਈ ਦਾ ਖਰਚਾ ਵਧ ਜਾਵੇਗਾ। ਅਜਿਹੀ ਸਥਿਤੀ ਵਿੱਚ ਸਬਜ਼ੀਆਂ ਤੋਂ ਲੈ ਕੇ ਫਲਾਂ ਤੱਕ ਹਰ ਚੀਜ਼ ਮਹਿੰਗੀ ਹੋ ਜਾਵੇਗੀ।