ਬਠਿੰਡਾ ਦੇ ਪਿੰਡ ’ਚ ਦੁੱਧ ਦੇ ਨਵੇਂ ਰੇਟ ਤੈਅ, ਘੱਟ ਰੇਟ ’ਤੇ ਵੇਚਣ ਵਾਲੇ ਨੂੰ ₹5100 ਰੁਪਏ ਦਾ ਜੁਰਮਾਨਾ, ਜਾਣੋ ਕਿੰਨੇ ‘ਚ ਮਿਲੇਗਾ ਮੱਝ ਤੇ ਗਾਂ ਦਾ ਦੁੱਧ
ਬਠਿੰਡਾ ਦੇ ਪਿੰਡ ਕੋਠੇ ਚੇਤ ਸਿੰਘ ਵਾਲਾ ਵਿੱਚ ਪਿੰਡ ਕਮੇਟੀ ਨੇ ਦੁੱਧ ਦੇ ਨਵੇਂ ਰੇਟ ਤੈਅ ਕੀਤੇ ਹਨ। ਹੁਣ ਮੱਝ ਦਾ ਦੁੱਧ ₹100 ਅਤੇ ਗਾਂ ਦਾ ਦੁੱਧ ₹80 ਪ੍ਰਤੀ ਲੀਟਰ ਵਿਕੇਗਾ। ਇਹ ਨਿਯਮ 10 ਸਤੰਬਰ ਤੋਂ ਲਾਗੂ ਹੋਣਗੇ। ਘੱਟ ਰੇਟ ’ਤੇ ਦੁੱਧ ਵੇਚਣ ਵਾਲੇ ਨੂੰ ₹5,100 ਜੁਰਮਾਨਾ ਹੋਵੇਗਾ, ਜਦਕਿ ਨਿਯਮ ਤੋੜਨ ਵਾਲੇ ਦੀ ਸੂਚਨਾ ਦੇਣ ਵਾਲੇ ਨੂੰ ₹1,000 ਇਨਾਮ ਦਿੱਤਾ ਜਾਵੇਗਾ।
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਕੋਠੇ ਚੇਤ ਸਿੰਘ ਵਾਲਾ ਦੀ ਪਿੰਡ ਕਮੇਟੀ ਵੱਲੋਂ ਇੱਕ ਸਖ਼ਤ ਅਤੇ ਅਨੋਖਾ ਫ਼ੈਸਲਾ ਸੁਣਾਇਆ ਗਿਆ ਹੈ। ਪਿੰਡ ਵਿੱਚ ਦੁੱਧ ਦੇ ਰੇਟਾਂ ਨੂੰ ਲੈ ਕੇ ਇੱਕ ਵਿਸ਼ੇਸ਼ ਇਕੱਠ ਕੀਤਾ ਗਿਆ, ਜਿਸ ਵਿੱਚ ਸਰਬਸੰਮਤੀ ਨਾਲ ਨਵੇਂ ਰੇਟ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।
ਮੱਝ ਦਾ 100 ਅਤੇ ਗਾਂ ਦਾ ਦੁੱਧ 80 ਰੁਪਏ ਲੀਟਰ ਵਿਕੇਗਾ
ਕਮੇਟੀ ਦੇ ਫ਼ਰਮਾਨ ਅਨੁਸਾਰ ਪਿੰਡ ਵਿੱਚ ਹੁਣ ਮੱਝ ਦਾ ਦੁੱਧ 100 ਰੁਪਏ ਪ੍ਰਤੀ ਲੀਟਰ ਅਤੇ ਗਾਂ ਦਾ ਦੁੱਧ 80 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚਿਆ ਜਾਵੇਗਾ।
ਨਿਯਮ ਤੋੜਨ 'ਤੇ ਲੱਗੇਗਾ ਭਾਰੀ ਜੁਰਮਾਨਾ
ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਸ ਨਿਰਧਾਰਤ ਰੇਟ ਤੋਂ ਘੱਟ ਕੀਮਤ 'ਤੇ ਦੁੱਧ ਵੇਚਦਾ ਫੜਿਆ ਗਿਆ, ਤਾਂ ਉਸਨੂੰ 5,100 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਇਹ ਸਾਰੇ ਨਿਯਮ ਪਿੰਡ ਵਿੱਚ ਆਉਂਦੀ 10 ਸਤੰਬਰ ਤੋਂ ਲਾਗੂ ਹੋ ਜਾਣਗੇ।
ਇਨਾਮ ਦਾ ਵੀ ਕੀਤਾ ਗਿਆ ਐਲਾਨ
ਇਸ ਫ਼ੈਸਲੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਮੇਟੀ ਨੇ ਇੱਕ ਹੋਰ ਦਿਲਚਸਪ ਐਲਾਨ ਕੀਤਾ ਹੈ। ਜਿਹੜਾ ਵੀ ਵਿਅਕਤੀ ਨਿਯਮ ਤੋੜਨ ਵਾਲੇ ਨੂੰ ਫੜਾਏਗਾ, ਉਸਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਵੇਗਾ ਅਤੇ ਪਿੰਡ ਕਮੇਟੀ ਵੱਲੋਂ ਉਸਨੂੰ 1,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਪਿੰਡ ਕਮੇਟੀ ਦੇ ਇਸ ਫ਼ੈਸਲੇ ਦੀ ਇਲਾਕੇ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ।