ਬਠਿੰਡੇ ਦੇ ਹਸਪਤਾਲਾਂ ‘ਚ ਮੱਚੀ ਹਲਚਲ! ਇਸ ਵਜ੍ਹਾ ਕਰਕੇ ਬੱਚੇ ਹੋ ਰਹੇ ਬਿਮਾਰ, ਮਾਪਿਆਂ ਦੇ ਉੱਡੇ ਹੋਸ਼, ਡਾਕਟਰ ਬੋਲੇ...

By:  Lajwinder Kaur June 10th 2026 02:16 PM -- Updated: June 10th 2026 02:34 PM

ਬਠਿੰਡਾ ਸਮੇਤ ਪੂਰੇ ਮਾਲਵਾ ਖੇਤਰ ਵਿੱਚ ਇਨ੍ਹੀਂ ਦਿਨੀਂ ਗਰਮੀ ਦਾ ਕਹਿਰ ਜਾਰੀ ਹੈ। ਦਿਨ ਵੇਲੇ ਤਾਪਮਾਨ 42 ਤੋਂ 45 ਡਿਗਰੀ ਸੈਲਸੀਅਸ ਤੱਕ ਪਹੁੰਚਣ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਗਰਮੀ ਦੇ ਥਪੇੜਿਆਂ ਨੇ ਲੋਕਾਂ ਨੂੰ ਝੰਬ ਕੇ ਰੱਖ ਦਿੱਤਾ ਹੈ। ਗਰਮੀ ਦੀ ਇਸ ਤੀਬਰਤਾ ਦਾ ਸਭ ਤੋਂ ਮਾੜਾ ਅਸਰ ਛੋਟੇ ਬੱਚਿਆਂ 'ਤੇ ਪੈ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਹਸਪਤਾਲਾਂ ਵਿੱਚ ਬਿਮਾਰ ਬੱਚਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਹਸਪਤਾਲਾਂ ਵਿੱਚ ਬੱਚਿਆਂ ਦੀ ਵਧੀ ਭੀੜ

ਤੇਜ਼ ਗਰਮੀ ਅਤੇ ਲੂ ਕਾਰਨ ਬੱਚਿਆਂ ਵਿੱਚ ਡੀਹਾਈਡਰੇਸ਼ਨ (ਸਰੀਰ ਵਿੱਚ ਪਾਣੀ ਦੀ ਕਮੀ), ਉਲਟੀਆਂ-ਦਸਤ, ਬੁਖ਼ਾਰ ਅਤੇ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਹਸਪਤਾਲਾਂ ਦਾ ਰੁਖ ਕਰ ਰਹੇ ਹਨ। ਛੋਟੇ ਬੱਚੇ ਇਸ ਗਰਮੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ, ਜਿਸ ਕਰਕੇ ਉਹ ਬਿਮਾਰ ਪੈ ਰਹੇ ਹਨ।

ਡਾਕਟਰ ਅੰਜਲੀ ਬੰਸਲ ਦੀ ਸਲਾਹ

ਬਠਿੰਡਾ ਦੇ ਨਾਮਵਰ ਬੱਚਿਆਂ ਦੇ ਮਾਹਰ ਡਾ. ਅੰਜਲੀ ਬੰਸਲ ਨੇ ਇਸ ਸਥਿਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਮਾਪਿਆਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ:

  • ਤਰਲ ਪਦਾਰਥਾਂ ਦਾ ਸੇਵਨ: ਬੱਚਿਆਂ ਨੂੰ ਸਮੇਂ-ਸਮੇਂ 'ਤੇ ਪਾਣੀ, ਨਿੰਬੂ ਪਾਣੀ, ਲੱਸੀ ਜਾਂ ਨਾਰੀਅਲ ਪਾਣੀ ਪਿਲਾਉਂਦੇ ਰਹੋ ਤਾਂ ਜੋ ਉਨ੍ਹਾਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਘਰੇਲੂ ਬਣੇ ਹੋਏ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
  • ਸਿੱਧੀ ਧੁੱਪ ਤੋਂ ਬਚਾਅ: ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬੱਚਿਆਂ ਨੂੰ ਘਰੋਂ ਬਾਹਰ ਨਾ ਨਿਕਲਣ ਦਿਓ। ਜੇਕਰ ਬਹੁਤ ਜ਼ਰੂਰੀ ਕੰਮ ਲਈ ਬਾਹਰ ਜਾਣਾ ਪਵੇ ਤਾਂ ਬੱਚਿਆਂ ਦੇ ਸਿਰ ਨੂੰ ਕੱਪੜੇ ਨਾਲ ਢੱਕ ਕੇ ਰੱਖੋ।
  • ਸੂਤੀ ਕੱਪੜੇ: ਬੱਚਿਆਂ ਨੂੰ ਹਲਕੇ ਰੰਗ ਦੇ ਅਤੇ ਖੁੱਲ੍ਹੇ ਸੂਤੀ ਕੱਪੜੇ ਪਾਓ, ਤਾਂ ਜੋ ਉਨ੍ਹਾਂ ਨੂੰ ਗਰਮੀ ਘੱਟ ਲੱਗੇ ਅਤੇ ਪਸੀਨਾ ਚੰਗੀ ਤਰ੍ਹਾਂ ਸੁੱਕ ਸਕੇ।
  • ਸਿਹਤਮੰਦ ਖੁਰਾਕ: ਬਾਹਰਲੇ ਅਤੇ ਫਾਸਟ ਫੂਡ ਤੋਂ ਪਰਹੇਜ਼ ਕਰੋ। ਘਰ ਦਾ ਬਣਿਆ ਤਾਜ਼ਾ ਅਤੇ ਹਲਕਾ ਭੋਜਨ ਹੀ ਦਿਓ।
  • ਲੱਛਣਾਂ ਦੀ ਪਛਾਣ: ਜੇਕਰ ਬੱਚਾ ਜ਼ਿਆਦਾ ਸੁਸਤ ਲੱਗੇ, ਪਿਸ਼ਾਬ ਘੱਟ ਆਵੇ, ਮੂੰਹ ਸੁੱਕ ਜਾਵੇ ਜਾਂ ਬੁਖ਼ਾਰ ਹੋਵੇ, ਤਾਂ ਤੁਰੰਤ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰੋ।

ਡਾਕਟਰਾਂ ਦਾ ਕਹਿਣਾ ਹੈ ਕਿ ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਅਸੀਂ ਬੱਚਿਆਂ ਨੂੰ ਗਰਮੀ ਦੇ ਮਾੜੇ ਪ੍ਰਭਾਵਾਂ ਤੋਂ ਬਚਾ ਸਕਦੇ ਹਾਂ। ਮਾਪਿਆਂ ਨੂੰ ਬੱਚਿਆਂ ਦੀ ਸਿਹਤ ਪ੍ਰਤੀ ਲਾਪਰਵਾਹੀ ਨਾ ਵਰਤਣ ਦੀ ਸਲਾਹ ਦਿੱਤੀ ਗਈ ਹੈ।


© Copyright Galactic Television & Communications Pvt. Ltd. 2026. All rights reserved.