ਬਠਿੰਡਾ 'ਚ ਬੈਂਕ ਘੁਟਾਲੇ ਦਾ ਪਰਦਾਫਾਸ਼; J&K ਬੈਂਕ ਦੇ ਸਾਬਕਾ ਮੈਨੇਜਰ ਸਮੇਤ 3 ਮੁਲਜ਼ਮ ਗ੍ਰਿਫ਼ਤਾਰ, 20 ਲੱਖ ਦੀ ਠੱਗੀ ਦਾ ਮਾਮਲਾ

By:  Lajwinder Kaur June 8th 2026 05:07 PM -- Updated: June 8th 2026 05:15 PM

ਥਾਣਾ ਕੋਤਵਾਲੀ ਪੁਲਿਸ ਨੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਕਾਰਵਾਈ ਕਰਦਿਆਂ J&K ਬੈਂਕ ਦੇ ਇੱਕ ਸਾਬਕਾ ਮੈਨੇਜਰ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਬੈਂਕਿੰਗ ਪ੍ਰਣਾਲੀ ਦੀ ਦੁਰਵਰਤੋਂ ਕਰਕੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਚੂਨਾ ਲਗਾ ਰਹੇ ਸਨ।

ਕੀ ਹੈ ਪੂਰਾ ਮਾਮਲਾ?

ਥਾਣਾ ਕੋਤਵਾਲੀ ਦੇ SHO ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਥਾਣੇ ਵਿੱਚ ਦਰਜ ਦੋ ਵੱਖ-ਵੱਖ ਮੁਕੱਦਮਿਆਂ (ਨੰਬਰ 99/2026 ਅਤੇ 80/2026) ਦੀ ਜਾਂਚ ਦੌਰਾਨ ਇਹ ਗ੍ਰਿਫ਼ਤਾਰੀਆਂ ਹੋਈਆਂ ਹਨ। ਮੁਲਜ਼ਮਾਂ ਨੇ ਮਿਲੀਭੁਗਤ ਕਰਕੇ ਲੋਕਾਂ ਨਾਲ ਕੁੱਲ 20 ਲੱਖ ਰੁਪਏ ਦੀ ਠੱਗੀ ਮਾਰੀ ਸੀ, ਜਿਸ ਵਿੱਚ ਇੱਕ ਮਾਮਲਾ 5 ਲੱਖ ਰੁਪਏ ਅਤੇ ਦੂਜਾ 15 ਲੱਖ ਰੁਪਏ ਦਾ ਹੈ।

ਕਿਵੇਂ ਚੜ੍ਹੇ ਪੁਲਿਸ ਦੇ ਹੱਥ?

ਪੁਲਿਸ ਟੀਮ ਨੇ ਆਪਣੀ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ।

ਯਸਪਾਲ ਥਾਪਾ (ਸਾਬਕਾ ਮੈਨੇਜਰ, J&K ਬੈਂਕ): ਇਸ ਨੂੰ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਤਿੰਦਰ ਅਤੇ ਵਿਸ਼ਨੂੰ: ਇਹ ਦੋਵੇਂ ਮੁਲਜ਼ਮ ਮੋਹਾਲੀ ਤੋਂ ਕਾਬੂ ਕੀਤੇ ਗਏ ਹਨ।

ਅੱਗੇ ਦੀ ਕਾਰਵਾਈ

SHO ਯਾਦਵਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੱਤੀ ਕਿ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਘੁਟਾਲੇ ਵਿੱਚ ਹੋਰ ਕੌਣ ਸ਼ਾਮਲ ਹੈ ਅਤੇ ਪੈਸੇ ਦੀ ਵਸੂਲੀ ਕਿੱਥੇ ਕੀਤੀ ਗਈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਜਲਦ ਹੀ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

SHO ਨੇ ਦੱਸੀ ਆਹ ਗੱਲ…

SHO ਯਾਦਵਿੰਦਰ ਸਿੰਘ ਬਰਾੜ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਥਾਣਾ ਕੋਤਵਾਲੀ ਵਿੱਚ ਦਰਜ ਦੋ ਠੱਗੀ ਦੇ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ J&K ਬੈਂਕ ਦੇ ਸਾਬਕਾ ਮੈਨੇਜਰ ਜਸਪਾਲ ਬਾਪਾ ਨੂੰ ਜੰਮੂ ਤੋਂ ਅਤੇ ਜਤਿੰਦਰ ਤੇ ਵਿਸ਼ਨੂੰ ਨੂੰ ਮੋਹਾਲੀ ਤੋਂ ਕਾਬੂ ਕੀਤਾ ਗਿਆ ਹੈ। ਇੱਕ ਮਾਮਲੇ ਵਿੱਚ 5 ਲੱਖ ਅਤੇ ਦੂਜੇ ਵਿੱਚ 15 ਲੱਖ ਰੁਪਏ ਦੀ ਠੱਗੀ ਸਾਹਮਣੇ ਆਈ ਹੈ। ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

© Copyright Galactic Television & Communications Pvt. Ltd. 2026. All rights reserved.