ਹਿੰਦ ਮਹਾਸਾਗਰ ਤੱਕ ਪਹੁੰਚੀ ਜੰਗ ਦੀ ਅੱਗ, ਇਰਾਨ ਨੇ ਅਮਰੀਕਾ-ਬ੍ਰਿਟੇਨ ਦੇ ਫੌਜੀ ਅੱਡੇ 'ਤੇ ਦਾਗੀਆਂ ਮਿਜ਼ਾਈਲਾਂ, ਦੁਬਈ 'ਚ ਵੀ ਗੂੰਜੇ ਧਮਾਕੇ

By:  Lajwinder Kaur March 21st 2026 05:07 PM -- Updated: March 21st 2026 05:12 PM

ਮਿਡਲ ਈਸਟ ਵਿੱਚ ਜਾਰੀ ਭਾਰੀ ਤਣਾਅ ਦੇ ਵਿਚਕਾਰ, ਇਰਾਨ ਨੇ ਸ਼ਨੀਵਾਰ (21 ਮਾਰਚ) ਨੂੰ ਹਿੰਦ ਮਹਾਸਾਗਰ ਵਿੱਚ ਸਥਿਤ ਅਮਰੀਕਾ ਅਤੇ ਬ੍ਰਿਟੇਨ ਦੇ ਸਾਂਝੇ ਫੌਜੀ ਅੱਡੇ ਡਿਏਗੋ ਗਾਰਸੀਆ ਨੂੰ ਨਿਸ਼ਾਨਾ ਬਣਾਉਂਦੇ ਹੋਏ 2 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਇਸ ਹਮਲੇ ਦੇ ਤੁਰੰਤ ਬਾਅਦ ਦੁਬਈ ਵਿੱਚ ਵੀ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿਸ ਨਾਲ ਪੂਰੇ ਖੇਤਰ ਵਿੱਚ ਦਹਿਸ਼ਤ ਫੈਲ ਗਈ। ਵਾਲ ਸਟਰੀਟ ਜਰਨਲ ਦੀ ਰਿਪੋਰਟ ਅਨੁਸਾਰ, ਇਰਾਨੀ ਖੇਤਰ ਤੋਂ ਲਗਭਗ 4,000 ਕਿਲੋਮੀਟਰ ਦੂਰ ਸਥਿਤ ਇਸ ਟਿਕਾਣੇ 'ਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਦੁਰਲੱਭ ਹਮਲਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਅਮਰੀਕੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਰਾਨ ਵੱਲੋਂ ਦਾਗੀਆਂ ਗਈਆਂ ਦੋਵੇਂ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਮਾਰ ਗਿਰਾਇਆ ਗਿਆ ਹੈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਅਮਰੀਕੀ ਰੱਖਿਆ ਪ੍ਰਣਾਲੀ ਦੀ ਕਾਰਵਾਈ ਅਤੇ ਡਿਏਗੋ ਗਾਰਸੀਆ ਦੀ ਰਣਨੀਤਕ ਮਹੱਤਤਾ

ਅਮਰੀਕੀ ਅਧਿਕਾਰੀਆਂ ਨੇ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਰਾਨ ਵੱਲੋਂ ਦਾਗੀਆਂ ਗਈਆਂ ਦੋ ਮਿਜ਼ਾਈਲਾਂ ਵਿੱਚੋਂ ਇੱਕ ਉਡਾਣ ਦੌਰਾਨ ਹੀ ਤਕਨੀਕੀ ਖ਼ਰਾਬੀ ਕਾਰਨ ਫੇਲ੍ਹ ਹੋ ਗਈ, ਜਦੋਂ ਕਿ ਦੂਜੀ ਮਿਜ਼ਾਈਲ ਨੂੰ ਅਮਰੀਕੀ ਜੰਗੀ ਜਹਾਜ਼ ਤੋਂ ਲਾਂਚ ਕੀਤੇ ਗਏ ਇੰਟਰਸੈਪਟਰ (Interceptor) ਰਾਹੀਂ ਹਵਾ ਵਿੱਚ ਹੀ ਸਫਲਤਾਪੂਰਵਕ ਮਾਰ ਗਿਰਾਇਆ ਗਿਆ। ਜ਼ਿਕਰਯੋਗ ਹੈ ਕਿ ਡਿਏਗੋ ਗਾਰਸੀਆ, ਜੋ ਕਿ ਚਾਗੋਸ ਟਾਪੂ ਸਮੂਹ ਵਿੱਚ ਸਥਿਤ ਹੈ, ਅਮਰੀਕਾ ਅਤੇ ਬ੍ਰਿਟੇਨ ਦਾ ਇੱਕ ਬੇਹੱਦ ਮਹੱਤਵਪੂਰਨ ਫੌਜੀ ਅੱਡਾ ਹੈ। ਇਹ ਅੱਡਾ ਇਤਿਹਾਸਕ ਤੌਰ 'ਤੇ ਅਫ਼ਗਾਨਿਸਤਾਨ ਅਤੇ ਇਰਾਕ ਵਿੱਚ ਅਮਰੀਕੀ ਬੰਬਾਰੀ ਆਪਰੇਸ਼ਨਾਂ ਲਈ ਇੱਕ ਮੁੱਖ ਸਟੇਜਿੰਗ ਹਬ (Staging Hub) ਵਜੋਂ ਵਰਤਿਆ ਜਾਂਦਾ ਰਿਹਾ ਹੈ, ਜਿਸ ਕਾਰਨ ਇਸ 'ਤੇ ਹਮਲਾ ਹੋਣਾ ਵਿਸ਼ਵ ਸਿਆਸਤ ਵਿੱਚ ਇੱਕ ਗੰਭੀਰ ਘਟਨਾ ਮੰਨੀ ਜਾ ਰਹੀ ਹੈ।

ਇਰਾਨ ਦੀ ਵਧਦੀ ਤਾਕਤ: ਮਿਲਟਰੀ ਮਾਹਿਰਾਂ ਲਈ ਚਿੰਤਾ ਦਾ ਵਿਸ਼ਾ

ਇਰਾਨ ਵੱਲੋਂ ਡਿਏਗੋ ਗਾਰਸੀਆ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਨੇ ਦੁਨੀਆ ਭਰ ਦੇ ਫੌਜੀ ਮਾਹਿਰਾਂ ਦੀ ਨੀਂਦ ਉਡਾ ਦਿੱਤੀ ਹੈ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਇਰਾਨ ਦੀ ਮਿਜ਼ਾਈਲ ਰੇਂਜ ਸੀਮਤ ਹੈ, ਪਰ ਆਪਣੇ ਖੇਤਰ ਤੋਂ 4,000 ਕਿਲੋਮੀਟਰ ਦੂਰ ਹਮਲਾ ਕਰਨ ਦੀ ਕੋਸ਼ਿਸ਼ ਇਹ ਸਪੱਸ਼ਟ ਸੰਕੇਤ ਦਿੰਦੀ ਹੈ ਕਿ ਤੇਹਰਾਨ ਹੁਣ ਯੂਰਪ ਵਿੱਚ ਸਥਿਤ ਫੌਜੀ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਸਮਰੱਥਾ ਰੱਖਦਾ ਹੈ। ਹਾਲਾਂਕਿ ਪੇਂਟਾਗਨ ਨੇ ਅਜੇ ਤੱਕ ਇਸ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਘਟਨਾ ਨੇ ਜੰਗ ਦਾ ਭੂਗੋਲ (Geography of War) ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਸ ਨਾਲ ਮਿਡਲ ਈਸਟ ਤੋਂ ਬਾਹਰ ਵੀ ਅਮਰੀਕੀ ਅਤੇ ਯੂਰਪੀਅਨ ਹਿੱਤਾਂ ਲਈ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ।

ਮਨੀਸ਼ ਤਿਵਾਰੀ ਵੱਲੋਂ ਚਿੰਤਾ ਦਾ ਪ੍ਰਗਟਾਵਾ

ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) 'ਤੇ ਇਸ ਘਟਨਾ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਰਾਨ ਨੇ ਸੱਚਮੁੱਚ ਡਿਏਗੋ ਗਾਰਸੀਆ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਜੰਗ ਦੇ ਦਾਇਰੇ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਤਿਵਾਰੀ ਦੇ ਅਨੁਸਾਰ, ਇਰਾਨ ਨੇ ਪੱਛਮੀ ਦੇਸ਼ਾਂ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਹੁਣ ਸਿਰਫ਼ ਮਿਡਲ ਈਸਟ ਦੀਆਂ ਸੀਮਾਵਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਉਹ ਦੱਖਣ ਵੱਲ (ਹਿੰਦ ਮਹਾਸਾਗਰ) ਵੀ ਵੱਡਾ ਪ੍ਰਹਾਰ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਘਟਨਾ ਆਉਣ ਵਾਲੇ ਸਮੇਂ ਵਿੱਚ ਵਿਸ਼ਵ ਸੁਰੱਖਿਆ ਲਈ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ।

ਇਰਾਨ ਦੇ ਵਿਦੇਸ਼ ਮੰਤਰੀ ਦੀ ਬ੍ਰਿਟੇਨ ਨੂੰ ਸਖ਼ਤ ਚੇਤਾਵਨੀ: 'ਆਪਣੇ ਨਾਗਰਿਕਾਂ ਦੀ ਜਾਨ ਖ਼ਤਰੇ ਵਿੱਚ ਪਾ 

ਇਰਾਨ ਦੇ ਵਿਦੇਸ਼ ਮੰਤਰੀ ਸਈਅਦ ਅੱਬਾਸ ਅਰਘਚੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਟਾਰਮਰ ਆਪਣੇ ਹੀ ਲੋਕਾਂ ਦੀਆਂ ਇੱਛਾਵਾਂ ਦੇ ਖਿਲਾਫ ਜਾ ਰਿਹਾ ਹੈ ਅਤੇ ਇਰਾਨ ਦੇ ਖਿਲਾਫ ਹਮਲੇ ਲਈ ਬ੍ਰਿਟਿਸ਼ ਬੇਸ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਨਾਲ ਬ੍ਰਿਟਿਸ਼ ਨਾਗਰਿਕਾਂ ਦੀ ਜਾਨ ਖਤਰੇ ਵਿੱਚ ਪੈ ਰਹੇ ਹੋ ਅਤੇ ਈਰਾਨ ਆਪਣੇ ਸਵੈ-ਰੱਖਿਆ ਦੇ ਅਧਿਕਾਰ ਦੀ ਵਰਤੋਂ ਕਰੇਗਾ। ਈਰਾਨ ਦਾ ਮੰਨਣਾ ਹੈ ਕਿ ਬ੍ਰਿਟੇਨ ਦਾ ਇਹ ਕਦਮ ਉਸ ਨੂੰ ਸਿੱਧੇ ਤੌਰ 'ਤੇ ਯੁੱਧ 'ਚ ਘਸੀਟ ਰਿਹਾ ਹੈ।


Related Post

ਸਾਬਕਾ PM ਦੀ ਅਚਾਨਕ ਵਿਗੜੀ ਤਬੀਅਤ! ਚੌਥੀ ਵਾਰ ਹੋਈ ਸਰਜਰੀ, ਜਾਣੋ ਹੁਣ ਕਿਵੇਂ ਹੈ ਹਾਲਤ
ਬ੍ਰਿਟਿਸ਼ ਸਿੱਖ ਭਾਈਚਾਰੇ ਦੀ ਵਧੀ ਚਿੰਤਾ: ਨਸਲੀ ਹਮਲਿਆਂ ਅਤੇ ਪਾਕਿਸਤਾਨੀ ਮੂਲ ਦੇ 'ਗਰੂਮਿੰਗ ਗੈਂਗਸ' ਵਿਰੁੱਧ ਕਾਰਵਾਈ ਦੀ ਮੰਗ
ਵੀਜ਼ਾ ਖਤਮ ਹੋਇਆ ਤਾਂ ਬਣ ਗਿਆ ਚੋਰ! ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਵੱਲੋਂ 1 ਕਰੋੜ ਦੇ ਮਾਲ 'ਤੇ ਇੰਝ ਕੀਤਾ ਹੱਥ ਸਾਫ਼
ਪੰਜਾਬੀਆਂ ਲਈ ਵੱਡੀ ਮੁਸੀਬਤ: ਕੈਨੇਡਾ ਦੇ ਨਵੇਂ ਨਿਯਮਾਂ ਨੇ ਵਧਾਈ ਚਿੰਤਾ, 9 ਹਜ਼ਾਰ ਪੰਜਾਬੀਆਂ 'ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ, 30 ਹਜ਼ਾਰ ਵਿਦਿਆਰਥੀਆਂ ਨੂੰ ਮਿਲੇ ਨੋਟਿਸ
ਹੋਰਮੁਜ਼ ਖੁੱਲ੍ਹਿਆ... ਤੇਲ ਦੀਆਂ ਕੀਮਤਾਂ 11% ਡਿੱਗੀਆਂ, ਗੈਸ ਵੀ ਹੋਈ ਸਸਤੀ, ਪਰ ਫਿਰ ਆਈ ਇਹ ਖ਼ਬਰ!
ਤੁਰਕੀ ਦੇ ਇੱਕ ਸਕੂਲ 'ਚ ਸਾਬਕਾ ਵਿਦਿਆਰਥੀ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ, ਫਿਰ ਹਮਲਾਵਰ ਨੇ ਚੁੱਕਿਆ ਖੌਫਨਾਕ ਕਦਮ! ਇਲਾਕੇ ‘ਚ ਮੱਚਿਆ ਹੜਕੰਪ

© Copyright Galactic Television & Communications Pvt. Ltd. 2026. All rights reserved.