ਟਰੰਪ ਨੇ ਕੈਨੇਡਾ ਨੂੰ ਦਿੱਤਾ ਝਟਕਾ! ਲਗਾਇਆ 50% ਟੈਰਿਫ; ਕਾਰਨੀ ਬੋਲੇ- ਮਿਲੇਗਾ ਜਵਾਬ

ਅਮਰੀਕਾ ਅਤੇ ਕੈਨੇਡਾ ਵਿਚਕਾਰ ਵਪਾਰਕ ਸਮਝੌਤੇ ਨੂੰ ਲੈ ਕੇ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਹੈ। ਅਮਰੀਕਾ ਨੇ ਕੈਨੇਡਾ ਦੇ 20 ਅਰਬ ਡਾਲਰ ਤੋਂ ਵੱਧ ਦੇ ਸਾਮਾਨ ’ਤੇ 50% ਟੈਰਿਫ ਲਗਾ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਦਾ ਡਾਲਰ-ਦੇ-ਬਦਲੇ-ਡਾਲਰ ਜਵਾਬ ਦੇਣ ਦੀ ਗੱਲ ਕਹੀ ਹੈ। ਦੋਵਾਂ ਦੇਸ਼ਾਂ ਵਿਚਕਾਰ ਵਧ ਰਹੇ ਵਪਾਰਕ ਅਤੇ ਰਾਜਨੀਤਿਕ ਮਤਭੇਦਾਂ ਕਾਰਨ ਰਿਸ਼ਤਿਆਂ ਵਿੱਚ ਹੋਰ ਤਣਾਅ ਪੈਦਾ ਹੋਣ ਦੇ ਆਸਾਰ ਹਨ।

By:  Lajwinder Kaur August 22nd 2026 02:20 PM -- Updated: August 22nd 2026 02:25 PM

ਅਮਰੀਕਾ ਨੇ ਆਪਣੇ ਕਰੀਬੀ ਸਹਿਯੋਗੀ ਅਤੇ ਦੋਸਤ ਦੇਸ਼ ਕੈਨੇਡਾ ਨੂੰ ਇੱਕ ਵੱਡਾ ਝਟਕਾ ਦਿੰਦਿਆਂ ਟੈਰਿਫ ਬੰਬ ਫੋੜ ਦਿੱਤਾ ਹੈ। ਵਪਾਰਕ ਸਮਝੌਤੇ (ਟਰੇਡ ਡੀਲ) ਨੂੰ ਲੈ ਕੇ ਹੋਈਆਂ ਗੱਲਬਾਤਾਂ ਵਿੱਚ ਦੋਵੇਂ ਦੇਸ਼ ਕਿਸੇ ਵੀ ਸਹਿਮਤੀ 'ਤੇ ਨਹੀਂ ਪਹੁੰਚ ਸਕੇ।  ਨਿਊਜ਼ ਏਜੰਸੀ ਏ.ਪੀ. (AP) ਦੀ ਰਿਪੋਰਟ ਦੇ ਮੁਤਾਬਕ, ਇਸੇ ਵਜ੍ਹਾ ਕਰਕੇ ਅਮਰੀਕਾ ਨੇ ਕੈਨੇਡਾ ਦੇ 20 ਅਰਬ ਡਾਲਰ ਤੋਂ ਵੱਧ ਦੇ ਸਾਮਾਨ ਉੱਤੇ 50 ਫ਼ੀਸਦੀ ਟੈਰਿਫ ਲਾਗੂ ਕਰ ਦਿੱਤਾ ਹੈ।

ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਅਤੇ ਕੈਨੇਡਾ ਵਿਚਕਾਰ ਵਪਾਰਕ ਸਮਝੌਤੇ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋ ਸਕਿਆ। ਇਸ ਪੂਰੇ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਹਾਲ ਹੀ ਦੇ ਹਫ਼ਤਿਆਂ ਵਿੱਚ ਉਨ੍ਹਾਂ ਨੇ ਅਮਰੀਕਾ ਨਾਲ ਕੈਨੇਡਾ ਦੀ ਸਥਿਤੀ ਨੂੰ ਦੁਨੀਆ ਦੀ ਸਭ ਤੋਂ ਬਿਹਤਰ ਡੀਲ ਬਣਾਉਣ ਦੀ ਦਿਸ਼ਾ ਵਿੱਚ ਕਾਫ਼ੀ ਪ੍ਰਗਤੀ ਕੀਤੀ ਸੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪ੍ਰਗਤੀ ਕੈਨੇਡਾ ਦੇ ਲੋਕਾਂ ਲਈ ਉਨ੍ਹਾਂ ਦੇ ਟੀਚਿਆਂ ਨੂੰ ਪੂਰਿਆਂ ਕਰਨ ਵਾਸਤੇ ਕਾਫ਼ੀ ਨਹੀਂ ਸੀ। ਅਮਰੀਕੀ ਟੈਰਿਫ ਦੇ ਜਵਾਬ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਦੇ ਨਵੇਂ ਟੈਰਿਫ ਦਾ ਡਾਲਰ ਦੇ ਬਦਲੇ ਡਾਲਰ ਦੇ ਹਿਸਾਬ ਨਾਲ ਪੂਰਾ ਜਵਾਬ ਦਿੱਤਾ ਜਾਵੇਗਾ।

ਅਮਰੀਕੀ ਨੇਤਾਵਾਂ ਨੇ ਕੀ ਕਿਹਾ?

ਅਮਰੀਕਾ ਦੇ ਵਪਾਰਕ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਅੱਜ ਰਾਤ ਪੱਤਰਕਾਰਾਂ ਨੂੰ ਦੱਸਿਆ ਕਿ ਕੈਨੇਡਾ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਸਹਿਮਤੀ ਵਾਲੀਆਂ ਸ਼ਰਤਾਂ ਤਹਿਤ ਵਪਾਰਕ ਸੌਦੇ ਨੂੰ ਅੰਤਿਮ ਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਸਾਡੇ ਬਾਜ਼ਾਰ ਵਿੱਚ ਕਿਸੇ ਵੀ ਵੱਡੇ ਨਿਰਯਾਤਕ ਲਈ ਕੈਨੇਡਾ ਨੂੰ ਸਭ ਤੋਂ ਵਧੀਆ ਸ਼ਰਤਾਂ ਦੀ ਪੇਸ਼ਕਸ਼ ਕੀਤੀ ਸੀ। ਇਸ ਦੇ ਬਾਵਜੂਦ ਕੈਨੇਡਾ ਦੀਆਂ ਨਵੀਆਂ ਮੰਗਾਂ ਕਾਰਨ ਪਿਛਲੇ ਕੁਝ ਦਿਨਾਂ ਤੋਂ ਬਣਿਆ ਸੰਤੁਲਨ ਪ੍ਰਬੰਧ ਵਿਗੜ ਗਿਆ ਹੈ।

ਮਾਰਕ ਕਾਰਨੀ ਨੇ ਕੀ ਕਿਹਾ?

ਜੈਮੀਸਨ ਗ੍ਰੀਰ ਦੇ ਬਿਆਨ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਅਮਰੀਕਾ ਦੀ ਪ੍ਰਸਤਾਵਿਤ ਸ਼ਰਤਾਂ ਵਿੱਚ ਆਖ਼ਰੀ ਸਮੇਂ ਵਿੱਚ ਕੀਤੇ ਗਏ ਬਦਲਾਅ ਅਣਉਚਿਤ ਅਤੇ ਆਰਥਿਕ ਤੌਰ 'ਤੇ ਵੀ ਕਾਫ਼ੀ ਨੁਕਸਾਨਦੇਹ ਸਨ। ਉਨ੍ਹਾਂ ਨੇ ਕਿਸੇ ਵੀ ਸਮਝੌਤੇ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਡੋਨਾਲਡ ਟਰੰਪ ਦੀ ਤਿੱਖੀ ਬਿਆਨਬਾਜ਼ੀ ਦੇ ਚਲਦਿਆਂ ਅਮਰੀਕਾ ਅਤੇ ਕੈਨੇਡਾ ਦੇ ਰਿਸ਼ਤੇ ਪਹਿਲਾਂ ਦੇ ਮੁਕਾਬਲੇ ਕਾਫ਼ੀ ਕਮਜ਼ੋਰ ਹੋਏ ਹਨ। ਦੋਵਾਂ ਦੇਸ਼ਾਂ ਵਿਚਕਾਰ ਨਾਟੋ (NATO) ਰੱਖਿਆ ਸਹਿਯੋਗ ਅਤੇ ਚੀਨ ਨਾਲ ਵਪਾਰ ਵਰਗੇ ਮਾਮਲਿਆਂ ਨੂੰ ਲੈ ਕੇ ਵੀ ਆਪਸੀ ਮਤਭੇਦ ਰਹੇ ਹਨ। ਅਜਿਹੇ ਵਿੱਚ ਟਰੰਪ ਪ੍ਰਸ਼ਾਸਨ ਦਾ ਹੁਣ ਕੈਨੇਡਾ ਉੱਤੇ ਟੈਰਿਫ ਲਗਾਉਣਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਕਮਜ਼ੋਰ ਕਰੇਗਾ।

Related Post

Imran Khan: ਜੇਲ੍ਹ ‘ਚ ਇਮਰਾਨ ਖ਼ਾਨ ਦੀ ਤਬੀਅਤ ਵਿਗੜੀ: PAK ਸੁਪਰੀਮ ਕੋਰਟ ਨੇ ਤੁਰੰਤ ਹਸਪਤਾਲ 'ਚ ਸ਼ਿਫ਼ਟ ਕਰਨ ਸਣੇ ਪਰਿਵਾਰ ਨਾਲ ਮੁਲਾਕਾਤ ਕਰਨ ਦੇ ਦਿੱਤੇ ਹੁਕਮ
ਮਜ਼ਦੂਰਾਂ ਨੂੰ ਮਿਲਿਆ 1 ਅਰਬ ਦਾ ਖ਼ਜ਼ਾਨਾ: ਸੋਨੇ ਦੀਆਂ ਇੱਟਾਂ ਤੇ ਸਿੱਕਿਆਂ ਦਾ ਢੇਰ ਦੇਖ ਪੁਲਿਸ ਵੀ ਹੈਰਾਨ, ਜਾਣੋ ਕੌਣ ਹੋਵੇਗਾ ਮਾਲਕ?
ਕੋਲੰਬੀਆ 'ਚ 7.4 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, 100 ਤੋਂ ਵੱਧ ਮੌਤਾਂ, 1500 ਤੋਂ ਵੱਧ ਘਰ ਤਬਾਹ, ਖੌਫਨਾਕ ਵੀਡੀਓਜ਼ ਵਾਇਰਲ...
ਪੰਜਾਬ ਦੇ 7 ਜ਼ਿਲ੍ਹਿਆਂ ‘ਚ ਅੱਜ ਭਾਰੀ ਮੀਂਹ ਦਾ ਅਲਰਟ, ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ, IMD ਵੱਲੋਂ ਅਗਲੇ 24 ਘੰਟਿਆਂ ਨੂੰ ਲੈ ਕੇ ਕੀਤੀ ਆਹ ਭਵਿੱਖਬਾਣੀ
ਪੰਜਾਬ ਭਾਜਪਾ ‘ਚ ਬਗਾਵਤ! ਜ਼ਿਲ੍ਹਾ ਪ੍ਰਭਾਰੀ ਖ਼ਿਲਾਫ਼ ਮੰਡਲ ਪ੍ਰਧਾਨਾਂ ਨੇ ਖੋਲ੍ਹਿਆ ਮੋਰਚਾ, ਮੰਗ ਨਾ ਮੰਨੇ ਜਾਣ ‘ਤੇ ਸਮੂਹਿਕ ਅਸਤੀਫ਼ੇ ਦੀ ਚੇਤਾਵਨੀ
ਤਰਨਤਾਰਨ ‘ਚ ਵੱਡੀ ਸਫ਼ਲਤਾ: ਪੁਲਿਸ ਅਤੇ BSF ਨੇ ਸਾਂਝੇ ਆਪਰੇਸ਼ਨ ਦੌਰਾਨ ਇੱਕ MP-09 ਰਾਈਫਲ ਅਤੇ 7 ਆਧੁਨਿਕ ਪਿਸਤੌਲ ਬਰਾਮਦ, ਇੱਕ ਮੁਲਜ਼ਮ ਗ੍ਰਿਫ਼ਤਾਰ

© Copyright Galactic Television & Communications Pvt. Ltd. 2026. All rights reserved.