ਅਮਰੀਕਾ (America) ਤੋਂ ਹੈਰਾਨ ਕਰਨਾ ਵਾਲੀ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ। ਦੱਸ ਦਈਏ ਨਿਊਯਾਰਕ ਸ਼ਹਿਰ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਵੀਰਵਾਰ ਦੁਪਹਿਰ ਨੂੰ ਟਾਈਮਜ਼ ਸਕੁਏਅਰ (Times Square) ਵਿੱਚ ਲਗਾਤਾਰ ਗੋਲੀਬਾਰੀ ਹੋਈ। ਪੁਲਿਸ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੋਲੀਆਂ ਚੱਲਣ ਤੋਂ ਬਾਅਦ ਲੋਕ ਡਰ ਦੇ ਮਾਰੇ ਇੱਧਰ-ਉੱਧਰ ਭੱਜ ਰਹੇ ਹਨ।
ਨਿਊਯਾਰਕ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ, ਪਰ ਉਸ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਵੀਰਵਾਰ ਦੁਪਹਿਰ ਕਰੀਬ 3:40 ਵਜੇ ਵਾਪਰੀ, ਜਦੋਂ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (NBA) ਚੈਂਪੀਅਨ 'ਨਿਊਯਾਰਕ ਨਿਕਸ' ਦੀ ਜਿੱਤ ਦਾ ਜਸ਼ਨ ਮਨਾਉਣ ਲਈ ਲੋਕ ਲੋਅਰ ਮੈਨਹਟਨ ਦੀਆਂ ਸੜਕਾਂ 'ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸੁਰੱਖਿਆ ਲਈ ਲਗਭਗ 10,000 ਪੁਲਿਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ।
ਨਿਊਯਾਰਕ ਪੁਲਿਸ ਵਿਭਾਗ (NYPD) ਨੇ ਦੱਸਿਆ ਕਿ ਇਹ ਇਲਾਕਾ ਪਰੇਡ ਵਿੱਚ ਸ਼ਾਮਲ ਹੋਏ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਸੀ, ਜੋ ਪਿਛਲੇ ਹਫ਼ਤੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਬਾਅਦ ਹੀ ਸ਼ਹਿਰ ਵਿੱਚ ਮੌਜੂਦ ਸਨ। ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਵੀਡੀਓ ਵਿੱਚ ਗੋਲੀਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਜਿਸ ਤੋਂ ਬਾਅਦ ਟਾਈਮਜ਼ ਸਕੁਏਅਰ ਵਿੱਚ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਗੋਲੀਬਾਰੀ ਦੀ ਆਵਾਜ਼ ਪੂਰੇ ਇਲਾਕੇ ਵਿੱਚ ਫੈਲਦਿਆਂ ਹੀ ਸੈਲਾਨੀ ਅਤੇ ਆਸ-ਪਾਸ ਦੇ ਹੋਰ ਲੋਕ ਵੀ ਸੁਰੱਖਿਅਤ ਥਾਂ ਦੀ ਭਾਲ ਵਿੱਚ ਇੱਧਰ-ਉੱਧਰ ਭੱਜਣ ਲੱਗੇ। ਇਹ ਗੋਲੀਬਾਰੀ ਇੱਕ ਖੜ੍ਹੀ ਪੁਲਿਸ ਗੱਡੀ ਤੋਂ ਕੁਝ ਹੀ ਮੀਟਰ ਦੀ ਦੂਰੀ 'ਤੇ ਹੋਈ।