ਬ੍ਰਿਸਟਲ ‘ਚ ਦਿਨ ਦਿਹਾੜੇ ਗੋਲੀਬਾਰੀ, ਕਤਲ ਦੀ ਕੋਸ਼ਿਸ਼ ਦੇ ਸ਼ੱਕ ‘ਚ ਤਿੰਨ ਗ੍ਰਿਫ਼ਤਾਰ

By:  Lajwinder Kaur April 2nd 2026 03:10 PM -- Updated: April 2nd 2026 03:23 PM

ਬ੍ਰਿਟੇਨ ਦੇ ਸ਼ਹਿਰ ਬ੍ਰਿਸਟਲ ਵਿੱਚ ਦਿਨ ਦਿਹਾੜੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪੁਲਿਸ ਅਨੁਸਾਰ ਜ਼ਖ਼ਮੀ ਨੌਜਵਾਨ ਦੀ ਉਮਰ ਕਰੀਬ 20 ਸਾਲ ਦੱਸੀ ਜਾ ਰਹੀ ਹੈ ਅਤੇ ਉਸਨੂੰ ਲੱਗੀਆਂ ਸੱਟਾਂ ਕਾਫ਼ੀ ਗੰਭੀਰ ਹਨ, ਜੋ ਉਸਦੀ ਜ਼ਿੰਦਗੀ ‘ਤੇ ਲੰਬੇ ਸਮੇਂ ਲਈ ਅਸਰ ਪਾ ਸਕਦੀਆਂ ਹਨ।

ਇੰਗਲੈਡ ਤੋ ਸਾਡੇ ਸਹਿਯੋਗੀ ਸੁਖਜਿੰਦਰ ਸਿੰਘ ਢਂਡੇ ਦੀ ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਦੁਪਹਿਰ ਕਰੀਬ 1.45 ਵਜੇ ਬ੍ਰਿਸਟਲ ਦੇ ਸਪੀਡਵੈੱਲ ਰੋਡ ਇਲਾਕੇ ਵਿੱਚ ਵਾਪਰੀ, ਜਦੋਂ ਇੱਕ ਕਾਰ ਨੂੰ ਨਿਸ਼ਾਨਾ ਬਣਾਕੇ ਗੋਲੀ ਚਲਾਈ ਗਈ। ਗੋਲੀ ਲੱਗਣ ਨਾਲ ਕਾਰ ਵਿੱਚ ਮੌਜੂਦ ਨੌਜਵਾਨ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਤੁਰੰਤ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚੀਆਂ ਅਤੇ ਜ਼ਖ਼ਮੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੀ ਐਵਨ ਐਂਡ ਸਮਰਸੈਟ ਪੁਲਿਸ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 2.30 ਵਜੇ ਇੱਕ 20 ਸਾਲਾ ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਕ ਹੋਰ ਨੌਜਵਾਨ ਮਰਦ ਅਤੇ ਇੱਕ ਔਰਤ, ਜੋ ਦੋਵੇਂ ਵੀ ਵੀਹਾਂ ਦੇ ਦਹਾਕੇ ਵਿੱਚ ਹਨ, ਨੂੰ ਦੋਸ਼ੀ ਦੀ ਮਦਦ ਕਰਨ ਦੇ ਸ਼ੱਕ ‘ਚ ਕਾਬੂ ਕੀਤਾ ਗਿਆ ਹੈ।

ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਘਟਨਾ ਤੋਂ ਬਾਅਦ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ। ਕਾਰਵਾਈ ਦੌਰਾਨ ਨੈਸ਼ਨਲ ਪੁਲਿਸ ਏਅਰ ਸਰਵਿਸ ਦਾ ਹੈਲੀਕਾਪਟਰ, ਹਥਿਆਰਬੰਦ ਅਧਿਕਾਰੀ ਅਤੇ ਡਰੋਨ ਯੂਨਿਟ ਵੀ ਮੌਕੇ ‘ਤੇ ਤਾਇਨਾਤ ਕੀਤੇ ਗਏ ਤਾਂ ਜੋ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਸਕੇ ਅਤੇ ਇਲਾਕੇ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਪੁਲਿਸ ਨੇ ਇਹ ਵੀ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਬ੍ਰਿਸਲਿੰਗਟਨ ਨੇੜੇ ਸੇਂਟ ਐਨਜ਼ ਵੁੱਡਜ਼ ਅਤੇ ਸਪੀਡਵੈੱਲ ਇਲਾਕੇ ਵਿੱਚ ਵਧੀਕ ਪੁਲਿਸ ਮੌਜੂਦਗੀ ਬਣਾਈ ਰੱਖੀ ਗਈ ਹੈ ਅਤੇ ਕੁਝ ਥਾਵਾਂ ਨੂੰ ਜਾਂਚ ਲਈ ਖਾਸ ਦਿਲਚਸਪੀ ਵਾਲੇ ਖੇਤਰ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ।

ਘਟਨਾ ਦੇ ਸਮੇਂ ਸੁਰੱਖਿਆ ਕਾਰਨਾਂ ਕਰਕੇ ਨੇੜਲੇ ਕਈ ਰਸਤੇ ਬੰਦ ਕਰ ਦਿੱਤੇ ਗਏ ਸਨ। ਇਸ ਤੋਂ ਇਲਾਵਾ ਇਲਾਕੇ ਦੇ ਕੁਝ ਸਕੂਲਾਂ, ਜਿਵੇਂ ਕਿ ਟੂ ਮਾਈਲ ਹਿੱਲ ਸਕੂਲ ਅਤੇ ਬ੍ਰਿਸਟਲ ਬ੍ਰੂਨੇਲ ਅਕੈਡਮੀ, ਨੂੰ ਬੱਚਿਆਂ ਦੀ ਸੁਰੱਖਿਆ ਲਈ ਕੁਝ ਸਮੇਂ ਲਈ ਲਾਕਡਾਊਨ ਵੀ ਕੀਤਾ ਗਿਆ। ਹਾਲਾਂਕਿ ਸ਼ਾਮ ਕਰੀਬ 8 ਵਜੇ ਬਾਅਦ ਇਲਾਕੇ ਦੇ ਰਸਤੇ ਮੁੜ ਖੋਲ੍ਹ ਦਿੱਤੇ ਗਏ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਇਲਾਕੇ ਦੇ ਲੋਕਾਂ ਲਈ ਚਿੰਤਾਜਨਕ ਹੋ ਸਕਦੀ ਹੈ, ਪਰ ਜਾਂਚ ਦੇ ਤਹਿਤ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ ਇਸ ਘਟਨਾ ਨੂੰ ਦੇਖਿਆ ਹੈ ਜਾਂ ਉਸਦੇ ਕੋਲ ਕੋਈ ਵੀਡੀਓ ਜਾਂ ਮੋਬਾਈਲ ਫੁਟੇਜ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ, ਤਾਂ ਜੋ ਜਾਂਚ ਵਿੱਚ ਮਦਦ ਮਿਲ ਸਕੇ।

ਪੁਲਿਸ ਦਾ ਕਹਿਣਾ ਹੈ ਕਿ ਮੌਜੂਦਾ ਜਾਣਕਾਰੀ ਅਨੁਸਾਰ ਇਸ ਘਟਨਾ ਨਾਲ ਸੰਬੰਧਿਤ ਹੋਰ ਕਿਸੇ ਵਿਅਕਤੀ ਦੀ ਭਾਲ ਨਹੀਂ ਕੀਤੀ ਜਾ ਰਹੀ, ਪਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Related Post

ਪਾਕਿਸਤਾਨ ਦੀ ਭਾਰਤ ਨੂੰ ਧਮਕੀ: "ਜੇਕਰ ਸਾਡਾ ਪਾਣੀ ਰੋਕਿਆ ਤਾਂ ਹੱਥ ਵੱਢ ਦਿਆਂਗੇ", ਕਿਹਾ- ਸਿੰਧੂ ਜਲ ਸੰਧੀ…
ਟੁੱਟ ਗਈ ਜੰਗਬੰਦੀ! ਅਮਰੀਕਾ ਵੱਲੋਂ ਇਰਾਨ ਦੇ ਜੰਗੀ ਟਿਕਾਣਿਆਂ ’ਤੇ ਤਾਬੜਤੋੜ ਹਮਲੇ, ਇਰਾਨ ਨੇ ਵੀ ਦਿੱਤਾ ਮੋੜਵਾਂ ਜਵਾਬ
ਵੈਨੇਜ਼ੁਏਲਾ ਭੂਚਾਲ ਦੀਆਂ ਡਰਾਉਣ ਵਾਲੀਆਂ ਵੀਡੀਓਜ਼; ਤਾਸ਼ ਦੇ ਪੱਤਿਆਂ ਵਾਂਗ ਡਿੱਗੀਆਂ ਇਮਾਰਤਾਂ, ਕਈ ਸੇਵਾਵਾਂ ਹੋਈਆਂ ਠੱਪ, ਹੁਣ ਤੱਕ ਮੌਤਾਂ ਦਾ ਅੰਕੜਾ...
Venezuela Earthquake: ਵੈਨੇਜ਼ੁਏਲਾ 7.2 ਅਤੇ 7.5 ਤੀਬਰਤਾ ਵਾਲੇ ਆਏ ਦੋ ਭੂਚਾਲਾਂ ਨੇ ਮਚਾਈ ਤਬਾਹੀ, 10,000 ਮੌਤਾਂ ਦਾ ਖਦਸ਼ਾ, ਦੇਸ਼ ‘ਚ ਐਮਰਜੈਂਸੀ...
ਕੈਨੇਡਾ ‘ਚ ਰਹਿ ਰਹੇ ਪੰਜਾਬੀਆਂ ਦੇ ਲਈ ਅਹਿਮ ਖਬਰ, ਨਹੀਂ ਕੀਤਾ ਜਾਏਗਾ ਡਿਪੋਰਟ, ਜਾਣੋ ਨਵੇਂ ਅਪਡੇਟ ਬਾਰੇ...
Keir Starmer Resigns: UK ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਦਿੱਤਾ ਅਸਤੀਫਾ: ਬੋਲੇ- 'ਦੇਸ਼ ਹਿੱਤ 'ਚ ਲਿਆ ਫੈਸਲਾ'

© Copyright Galactic Television & Communications Pvt. Ltd. 2026. All rights reserved.