ਸੀਜ਼ਫਾਇਰ ਤੋਂ ਕੁਝ ਘੰਟਿਆਂ ਬਾਅਦ ਹੀ ਇਰਾਨ ਦੀ ਤੇਲ ਰਿਫਾਇਨਰੀ 'ਤੇ ਹਮਲਾ, ਇਰਾਨ ਦਾ ਕੁਵੈਤ 'ਤੇ ਅਟੈਕ, ਟਰੰਪ ਨੇ ਅੱਜ ਹੀ ਕੀਤਾ ਸੀ 2 ਹਫ਼ਤਿਆਂ ਦੀ ਜੰਗਬੰਦੀ..

By  Lajwinder Kaur April 8th 2026 05:31 PM -- Updated: April 8th 2026 05:32 PM

ਇਰਾਨ ਵਿੱਚ ਸੀਜ਼ਫਾਇਰ (ਜੰਗਬੰਦੀ) ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਅੱਜ ਈਰਾਨ ਦੇ ਲਵਨ ਆਈਲੈਂਡ ਦੀ ਤੇਲ ਰਿਫਾਇਨਰੀ ਨੂੰ ਨਿਸ਼ਾਨਾ ਬਣਾਇਆ ਗਿਆ। ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 10 ਵਜੇ ਹੋਏ ਇਸ ਹਮਲੇ ਤੋਂ ਬਾਅਦ ਰਿਫਾਇਨਰੀ ਵਿੱਚ ਭਿਆਨਕ ਅੱਗ ਲੱਗ ਗਈ।

ਇਸ ਦੌਰਾਨ ਕੁਵੈਤ ਨੇ ਵੀ ਦਾਅਵਾ ਕੀਤਾ ਹੈ ਕਿ ਜੰਗਬੰਦੀ ਦੇ ਬਾਵਜੂਦ ਈਰਾਨ ਵੱਲੋਂ ਡਰੋਨ ਹਮਲੇ ਕੀਤੇ ਗਏ ਹਨ। ਕੁਵੈਤ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਸਊਦ ਅਬਦੁਲਅਜ਼ੀਜ਼ ਅਲ-ਓਤੈਬੀ ਅਨੁਸਾਰ, ਸਵੇਰ ਤੋਂ ਹੁਣ ਤੱਕ 28 ਇਰਾਨੀ ਡਰੋਨ ਇੰਟਰਸੈਪਟ (ਮਾਰ ਗਿਰਾਏ) ਕੀਤੇ ਜਾ ਚੁੱਕੇ ਹਨ। ਇਸ ਘਟਨਾ ਨੇ ਜੰਗਬੰਦੀ ਦੇ ਸਮਝੌਤੇ 'ਤੇ ਮੁੜ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ।

ਅਲ-ਓਤੈਬੀ ਦੇ ਅਨੁਸਾਰ, ਕੁਝ ਡਰੋਨ ਦੇਸ਼ ਦੇ ਦੱਖਣੀ ਹਿੱਸੇ ਤੱਕ ਪਹੁੰਚ ਗਏ ਅਤੇ ਉਨ੍ਹਾਂ ਨੇ ਅਹਿਮ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਟਿਕਾਣਿਆਂ ਵਿੱਚ ਤੇਲ ਦੇ ਵੱਡੇ ਪਲਾਂਟ, ਬਿਜਲੀ ਘਰ ਅਤੇ ਪਾਣੀ ਦੇ ਡੀਸੈਲੀਨੇਸ਼ਨ ਪਲਾਂਟ (ਖਾਰੇ ਪਾਣੀ ਨੂੰ ਸਾਫ਼ ਕਰਨ ਵਾਲੇ ਪਲਾਂਟ) ਸ਼ਾਮਲ ਹਨ, ਜਿਨ੍ਹਾਂ ਨਾਲ ਜੁੜੀਆਂ ਸਹੂਲਤਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।

ਦਰਅਸਲ, ਅਮਰੀਕਾ ਅਤੇ ਇਰਾਨ ਵਿਚਾਲੇ ਅੱਜ ਕਰੀਬ 40 ਦਿਨਾਂ ਬਾਅਦ 2 ਹਫ਼ਤਿਆਂ ਦੀ ਜੰਗਬੰਦੀ (ਸੀਜ਼ਫਾਇਰ) 'ਤੇ ਸਹਿਮਤੀ ਬਣੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਸਿਆ ਕਿ ਇਹ ਫੈਸਲਾ ਪਾਕਿਸਤਾਨੀ ਪੀਐਮ ਸ਼ਹਿਬਾਜ਼ ਸ਼ਰੀਫ਼ ਅਤੇ ਉੱਥੋਂ ਦੇ ਆਰਮੀ ਚੀਫ਼ ਦੀ ਅਪੀਲ ਤੋਂ ਬਾਅਦ ਲਿਆ ਗਿਆ ਹੈ। ਪਰ ਜੰਗਬੰਦੀ ਦੇ ਤੁਰੰਤ ਬਾਅਦ ਹੋਏ ਇਨ੍ਹਾਂ ਹਮਲਿਆਂ ਨੇ ਹਾਲਾਤ ਫਿਰ ਤਣਾਅਪੂਰਨ ਕਰ ਦਿੱਤੇ ਹਨ।

ਇਰਾਨ ਲਈ ਕਿਉਂ ਅਹਿਮ ਹੈ ਲਵਨ ਆਈਲੈਂਡ?

ਇਰਾਨ ਦਾ ਲਵਨ ਟਾਪੂ (Lavan Island) ਫਾਰਸ ਦੀ ਖਾੜੀ ਵਿੱਚ ਸਥਿਤ ਰਣਨੀਤਕ ਤੌਰ 'ਤੇ ਇੱਕ ਬਹੁਤ ਹੀ ਮਹੱਤਵਪੂਰਨ ਟਾਪੂ ਹੈ, ਜੋ ਲਗਭਗ 78 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਲਵਨ ਆਈਲੈਂਡ ਇਰਾਨ ਲਈ ਇਸ ਲਈ ਖ਼ਾਸ ਹੈ ਕਿਉਂਕਿ ਇੱਥੋਂ ਉਹ ਵੱਡੀ ਮਾਤਰਾ ਵਿੱਚ ਕੱਚੇ ਤੇਲ ਦਾ ਨਿਰਯਾਤ (Export) ਕਰਦਾ ਹੈ; ਇਹ ਤੇਲ ਨਿਰਯਾਤ ਦਾ ਇੱਕ ਮੁੱਖ ਟਰਮੀਨਲ ਹੈ। ਇੱਥੇ ਤੇਲ ਨੂੰ ਰਿਫਾਈਨ ਕਰਨ ਦੇ ਨਾਲ-ਨਾਲ ਗੈਸ ਦਾ ਖੇਤਰ ਵੀ ਮੌਜੂਦ ਹੈ। ਇਹ ਟਾਪੂ ਸਟ੍ਰੇਟ ਆਫ ਹੋਰਮੁਜ਼ ਤੋਂ ਲਗਭਗ 450 ਤੋਂ 500 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ।

ਪਿਛਲੇ ਚਾਲੀ ਦਿਨਾਂ ਤੋਂ ਚੱਲ ਰਹੀ ਇਸ ਜੰਗ ਦੇ ਵਿਚਕਾਰ, ਅਮਰੀਕਾ ਨੇ ਸ਼ਰਤਾਂ ਸਹਿਤ ਸੀਜ਼ਫਾਇਰ (ਜੰਗਬੰਦੀ) ਦਾ ਐਲਾਨ ਕੀਤਾ ਹੈ। ਇਰਾਨ ਅਤੇ ਅਮਰੀਕਾ ਦੋਵਾਂ ਪੱਖਾਂ ਵਿਚਾਲੇ ਅਗਲੇ ਦੋ ਹਫ਼ਤਿਆਂ ਤੱਕ ਇੱਕ-ਦੂਜੇ 'ਤੇ ਹਮਲਾ ਨਾ ਕਰਨ ਨੂੰ ਲੈ ਕੇ ਸ਼ਾਂਤੀ ਸਮਝੌਤਾ ਹੋਇਆ ਹੈ।

ਅਮਰੀਕਾ ਦੇ ਉਪ-ਰਾਸ਼ਟਰਪਤੀ ਨੇ ਸਮਝੌਤੇ ਨੂੰ ਦੱਸਿਆ 'ਨਾਜ਼ੁਕ'

ਇਸ ਦੌਰਾਨ ਹੰਗਰੀ ਵਿੱਚ ਇੱਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਮਰੀਕਾ ਦੇ ਉਪ-ਰਾਸ਼ਟਰਪਤੀ ਨੇ ਇਸ ਜੰਗਬੰਦੀ (ਸੀਜ਼ਫਾਇਰ) ਨੂੰ ਇੱਕ "ਨਾਜ਼ੁਕ ਸਮਝੌਤਾ" ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਇਸ ਹਫ਼ਤੇ ਦੇ ਅਖੀਰ ਵਿੱਚ ਪਾਕਿਸਤਾਨ ਵਿੱਚ ਸ਼ੁਰੂ ਹੋਣ ਵਾਲੀ ਅਹਿਮ ਗੱਲਬਾਤ ਤੋਂ ਪਹਿਲਾਂ ਤੇਹਰਾਨ (ਈਰਾਨ) ਨੂੰ ਸਖ਼ਤ ਚੇਤਾਵਨੀ ਵੀ ਜਾਰੀ ਕੀਤੀ ਹੈ। ਉਨ੍ਹਾਂ ਦਾ ਇਸ਼ਾਰਾ ਸਾਫ਼ ਹੈ ਕਿ ਜੇਕਰ ਸ਼ਰਤਾਂ ਦੀ ਉਲੰਘਣਾ ਹੋਈ ਤਾਂ ਅਮਰੀਕਾ ਸਖ਼ਤ ਕਦਮ ਚੁੱਕ ਸਕਦਾ ਹੈ।


© Copyright Galactic Television & Communications Pvt. Ltd. 2026. All rights reserved.