ਪੰਜਾਬ ਭਾਜਪਾ ‘ਚ ਬਗਾਵਤ! ਜ਼ਿਲ੍ਹਾ ਪ੍ਰਭਾਰੀ ਖ਼ਿਲਾਫ਼ ਮੰਡਲ ਪ੍ਰਧਾਨਾਂ ਨੇ ਖੋਲ੍ਹਿਆ ਮੋਰਚਾ, ਮੰਗ ਨਾ ਮੰਨੇ ਜਾਣ ‘ਤੇ ਸਮੂਹਿਕ ਅਸਤੀਫ਼ੇ ਦੀ ਚੇਤਾਵਨੀ
ਗੁਰਦਾਸਪੁਰ ਵਿੱਚ ਭਾਜਪਾ ਦੇ ਕਈ ਆਗੂਆਂ ਨੇ ਜ਼ਿਲ੍ਹਾ ਪ੍ਰਭਾਰੀ ਸੂਰਜ ਭਾਰਦਵਾਜ਼ ਦੀ ਕਾਰਜਸ਼ੈਲੀ ਖ਼ਿਲਾਫ਼ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਵਰਕਰਾਂ ਦੀ ਅਣਦੇਖੀ ਅਤੇ ਮਨਮਰਜ਼ੀ ਦੇ ਦੋਸ਼ ਲਗਾਉਂਦਿਆਂ ਚੇਤਾਵਨੀ ਦਿੱਤੀ ਕਿ ਜੇ ਜਲਦੀ ਬਦਲਾਅ ਨਾ ਹੋਇਆ ਤਾਂ ਉਹ ਸਮੂਹਿਕ ਅਸਤੀਫ਼ੇ ਦੇਣਗੇ।
ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ (BJP) ਅੰਦਰੂਨੀ ਕਲੇਸ਼ ਅਤੇ ਬਗਾਵਤ ਦੇ ਸੁਰਾਂ ਦਾ ਸਾਹਮਣਾ ਕਰ ਰਹੀ ਹੈ। ਤਾਜ਼ਾ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਦੀਨਾਨਗਰ ਵਿੱਚ ਭਾਜਪਾ ਦੇ ਸਾਬਕਾ ਐੱਸ.ਸੀ. ਮੋਰਚਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਆਰ.ਕੇ. ਨਡਾਲਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਤਿੰਨ ਮੰਡਲ ਪ੍ਰਧਾਨਾਂ ਸਮੇਤ ਕਈ ਸੀਨੀਅਰ ਅਹੁਦੇਦਾਰਾਂ ਨੇ ਜ਼ਿਲ੍ਹਾ ਪ੍ਰਭਾਰੀ ਸੂਰਜ ਭਾਰਦਵਾਜ਼ ਦੀ ਕਾਰਜਸ਼ੈਲੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਆਪਣੀ ਨਾਰਾਜ਼ਗੀ ਜੱਗ-ਜਾਹਰ ਕੀਤੀ ਹੈ।
ਵਰਕਰਾਂ ਦੀ ਅਣਦੇਖੀ ਅਤੇ ਮਨਮਰਜ਼ੀ ਦੇ ਲੱਗੇ ਦੋਸ਼
ਪ੍ਰੈੱਸ ਕਾਨਫ਼ਰੰਸ ਦੌਰਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਲੜਾਈ ਜਾਂ ਵਿਰੋਧ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨਾਲ ਨਹੀਂ ਹੈ, ਸਗੋਂ ਜ਼ਿਲ੍ਹਾ ਪ੍ਰਭਾਰੀ ਦੀ ਕੰਮ ਕਰਨ ਦੀ ਪ੍ਰਣਾਲੀ ਨਾਲ ਹੈ। ਅਹੁਦੇਦਾਰਾਂ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਪਾਰਟੀ ਵਿੱਚ ਲਗਾਤਾਰ ਜ਼ਮੀਨੀ ਵਰਕਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਸੰਗਠਨ ਨੂੰ ਚਲਾਉਣ ਵਿੱਚ ਮਨਮਰਜ਼ੀ ਅਪਣਾਈ ਜਾ ਰਹੀ ਹੈ।
ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸੰਗਠਨ ਵਿੱਚ ਇੱਕੋ ਹੀ ਪਰਿਵਾਰ ਨੂੰ ਬੇਲੋੜੀ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਹੜ੍ਹ ਰਾਹਤ ਸਮੱਗਰੀ ਦੀ ਵੰਡ ਦੌਰਾਨ ਵੀ ਵੱਡੀ ਪੱਧਰ 'ਤੇ ਲਾਪਰਵਾਹੀ ਵਰਤੀ ਗਈ ਹੈ, ਜਿਸ ਕਾਰਨ ਸਮਰਪਿਤ ਵਰਕਰਾਂ ਵਿੱਚ ਭਾਰੀ ਰੋਹ ਅਤੇ ਅਸੰਤੁਸ਼ਟੀ ਪੈਦਾ ਹੋਈ ਹੈ।

ਜਲਦ ਬਦਲਾਅ ਨਾ ਹੋਣ 'ਤੇ ਸਮੂਹਿਕ ਅਸਤੀਫ਼ੇ ਦੀ ਚੇਤਾਵਨੀ
ਹਾਲਾਤ ਇੰਨੇ ਤਣਾਅਪੂਰਨ ਹੋ ਗਏ ਹਨ ਕਿ ਪ੍ਰੈੱਸ ਕਾਨਫ਼ਰੰਸ ਵਿੱਚ ਪਹੁੰਚੇ ਮੰਡਲ ਪ੍ਰਧਾਨ ਆਪਣੇ ਅਸਤੀਫ਼ੇ ਨਾਲ ਲੈ ਕੇ ਆਏ ਸਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਰਟੀ ਹਾਈਕਮਾਨ ਨੇ ਜਲਦੀ ਹੀ ਜ਼ਿਲ੍ਹਾ ਪ੍ਰਭਾਰੀ ਨੂੰ ਨਾ ਬਦਲਿਆ, ਤਾਂ ਉਹ ਆਪਣੇ ਸਮਰਥਕਾਂ ਸਮੇਤ ਪਾਰਟੀ ਤੋਂ ਸਮੂਹਿਕ ਤੌਰ 'ਤੇ ਅਸਤੀਫ਼ੇ ਦੇ ਦੇਣਗੇ।
ਇਸ ਮੌਕੇ ਬੋਲਦਿਆਂ ਐਡਵੋਕੇਟ ਆਰ.ਕੇ. ਨਡਾਲਾ ਨੇ ਕਿਹਾ ਕਿ ਪਾਰਟੀ ਵਰਕਰਾਂ ਦਾ ਸਨਮਾਨ ਅਤੇ ਆਤਮ-ਸੰਮਨ ਉਨ੍ਹਾਂ ਲਈ ਸਭ ਤੋਂ ਉੱਤੇ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਇਸ ਮਾਮਲੇ ਬਾਰੇ ਪਹਿਲਾਂ ਵੀ ਸੂਬਾ ਲੀਡਰਸ਼ਿਪ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਆਗੂਆਂ ਨੇ ਪਾਰਟੀ ਹਾਈਕਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਇਸ ਮਾਮਲੇ ਵਿੱਚ ਦਖ਼ਲ ਦੇਵੇ ਤਾਂ ਜੋ ਜ਼ਮੀਨੀ ਪੱਧਰ 'ਤੇ ਪਾਰਟੀ ਨੂੰ ਹੋਣ ਵਾਲੇ ਨੁਕਸਾਨ ਨੂੰ ਬਚਾਇਆ ਜਾ ਸਕੇ।