ਹੋਰਮੁਜ਼ ਖੁੱਲ੍ਹਿਆ... ਤੇਲ ਦੀਆਂ ਕੀਮਤਾਂ 11% ਡਿੱਗੀਆਂ, ਗੈਸ ਵੀ ਹੋਈ ਸਸਤੀ, ਪਰ ਫਿਰ ਆਈ ਇਹ ਖ਼ਬਰ!

By:  Lajwinder Kaur April 18th 2026 11:54 AM -- Updated: April 18th 2026 12:04 PM

ਇਜ਼ਰਾਈਲ ਅਤੇ ਅਮਰੀਕਾ ਨੇ 28 ਫਰਵਰੀ 2026 ਨੂੰ ਈਰਾਨ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਹੋਰਮੁਜ਼ ਸਟਰੇਟ ਰਾਹੀਂ ਜਹਾਜ਼ਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ। ਪਰ ਸ਼ੁੱਕਰਵਾਰ ਯਾਨੀਕਿ 17 ਅਪ੍ਰੈਲ ਨੂੰ ਇਰਾਨ ਵੱਲੋਂ ਵੱਡੀ ਰਾਹਤ ਵਾਲੀ ਖਬਰ ਆਈ, ਜਿਸ ‘ਚ ਵੱਡਾ ਐਲਾਨ ਕਰਦੇ ਹੋਏ ਹੋਰਮੁਜ਼ ਨੂੰ ਖੋਲ ਦਿੱਤਾ ਗਿਆ। 

ਹੋਰਮੁਜ਼ ਖੁੱਲ੍ਹਣ ਦੇ ਐਲਾਨ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ। ਜਿੱਥੇ ਕੱਲ੍ਹ ਤੱਕ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣੀਆਂ ਹੋਈਆਂ ਸਨ, ਉੱਥੇ ਹੀ ਹੁਣ ਇਸ ਦੀ ਕੀਮਤ ਅਚਾਨਕ ਸਸਤੀ ਹੋ ਗਈ ਹੈ। ਮਾਰਕੀਟ ਸਮੇਂ ਦੌਰਾਨ ਇਸ ਦੀ ਕੀਮਤ 86 ਡਾਲਰ ਦੇ ਕਰੀਬ ਪਹੁੰਚ ਗਈ ਸੀ, ਹਾਲਾਂਕਿ ਕੁਝ ਦੇਰ ਬਾਅਦ ਤੇਲ ਦੀਆਂ ਕੀਮਤਾਂ ਮੁੜ 90 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਆ ਗਈਆਂ।

ਵਪਾਰਕ ਜਹਾਜ਼ਾਂ ਨੂੰ ਹੋਰਮੁਜ਼ ਰਾਹੀਂ ਲੰਘਣ ਲਈ ਮਿਲੀ ਹਰੀ ਝੰਡੀ

ਦਰਅਸਲ, ਇਰਾਨ ਨੇ ਕਿਹਾ ਹੈ ਕਿ ਜਦੋਂ ਤੱਕ ਜੰਗਬੰਦੀ (ਸੀਜ਼ਫਾਇਰ) ਲਾਗੂ ਹੈ, ਉਦੋਂ ਤੱਕ ਵਪਾਰਕ ਜਹਾਜ਼ਾਂ ਨੂੰ ਹੋਰਮੁਜ਼ ਰਾਹੀਂ ਗੁਜ਼ਰਨ ਦੀ ਇਜਾਜ਼ਤ ਰਹੇਗੀ। ਦੂਜੇ ਪਾਸੇ, ਟਰੰਪ ਨੇ ਵੀ ਕਿਹਾ ਕਿ ਹੁਣ ਈਰਾਨ ਕਦੇ ਵੀ ਹੋਰਮੁਜ਼ ਨੂੰ ਬੰਦ ਨਹੀਂ ਕਰੇਗਾ ਅਤੇ ਈਰਾਨ ਇਸ 'ਤੇ ਸਹਿਮਤ ਹੋ ਗਿਆ ਹੈ। ਇਸ ਖ਼ਬਰ ਦੇ ਆਉਂਦਿਆਂ ਹੀ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ।

ਕੀਮਤਾਂ 11% ਡਿੱਗੀਆਂ

ਤੇਲ ਦੀਆਂ ਕੀਮਤਾਂ ਵਿੱਚ 11 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬ੍ਰੈਂਟ ਕਰੂਡ ਵਾਅਦਾ ਰਾਤ ਵੇਲੇ 10.42 ਡਾਲਰ ਜਾਂ 10.48% ਡਿੱਗ ਕੇ 88.97 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ; ਕਾਰੋਬਾਰ ਦੌਰਾਨ ਇਹ 86.09 ਡਾਲਰ ਦੇ ਹੇਠਲੇ ਪੱਧਰ ਤੱਕ ਵੀ ਪਹੁੰਚ ਗਿਆ ਸੀ।

ਦੂਜੇ ਪਾਸੇ, WTI ਕਰੂਡ ਵਾਅਦਾ 11.48 ਡਾਲਰ ਜਾਂ 12.12% ਦੀ ਗਿਰਾਵਟ ਨਾਲ 83.21 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ, ਜੋ ਕਿ ਇੱਕ ਸਮੇਂ 80.56 ਡਾਲਰ ਤੱਕ ਡਿੱਗ ਗਿਆ ਸੀ। ਹਾਲਾਂਕਿ, ਕਾਰੋਬਾਰ ਬੰਦ ਹੋਣ ਤੱਕ ਕੱਚਾ ਤੇਲ ਮੁੜ 90.38 ਡਾਲਰ 'ਤੇ ਪਹੁੰਚ ਗਿਆ। ਤੇਲ ਦੀਆਂ ਕੀਮਤਾਂ ਵਿੱਚ ਇੱਕ ਦਿਨ ਦੇ ਅੰਦਰ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਰਹੀ ਹੈ।

ਗੈਸ ਦੀਆਂ ਕੀਮਤਾਂ 'ਤੇ ਵੀ ਇਸ ਖ਼ਬਰ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਕੀਮਤਾਂ ਵਿੱਚ ਗਿਰਾਵਟ ਆਈ। ਐਲ.ਐਨ.ਜੀ. (LNG) ਦੀ ਕੀਮਤ ਘਟ ਕੇ 2.624 ਡਾਲਰ 'ਤੇ ਆ ਗਈ। ਹਾਲਾਂਕਿ, ਈਰਾਨੀ ਰਾਸ਼ਟਰਪਤੀ ਵੱਲੋਂ ਅਪਡੇਟ ਆਉਣ ਤੋਂ ਬਾਅਦ ਵਾਅਦਾ ਬਾਜ਼ਾਰ ਵਿੱਚ ਇਹ ਮੁੜ 2.674 ਡਾਲਰ 'ਤੇ ਪਹੁੰਚ ਗਈ। ਇਸ ਦਾ ਮਤਲਬ ਹੈ ਕਿ ਕੁਦਰਤੀ ਗੈਸ (Natural Gas) ਦੀਆਂ ਕੀਮਤਾਂ ਵਿੱਚ ਕੋਈ ਬਹੁਤਾ ਖਾਸ ਬਦਲਾਅ ਨਹੀਂ ਹੋਇਆ।

ਇਰਾਨ ਨੇ ਅਮਰੀਕਾ ਨੂੰ ਸਾਫ ਲਫਜ਼ਾਂ ‘ਚ ਆਖੀ ਇਹ ਗੱਲ

ਕੀ ਹੋਰਮੁਜ਼ ਨੂੰ ਲੈ ਕੇ ਮੁੜ ਸੰਕਟ ਪੈਦਾ ਹੋ ਗਿਆ ਹੈ? ਸ਼ਨੀਵਾਰ ਸਵੇਰੇ ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਘੇਰ ਗਾਲੀਬਾਫ ਨੇ ਕਿਹਾ ਕਿ ਹੋਰਮੁਜ਼ ਜਲਡਮਰੂ ਨੂੰ ਅਮਰੀਕਾ ਦੇ ਇਸ਼ਾਰੇ 'ਤੇ ਨਹੀਂ, ਸਗੋਂ ਈਰਾਨ ਦੇ ਨਿਯਮਾਂ ਦੇ ਆਧਾਰ 'ਤੇ ਚਲਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਇਰਾਨੀ ਬੰਦਰਗਾਹਾਂ 'ਤੇ ਪਾਬੰਦੀਆਂ ਜਾਰੀ ਰੱਖਦਾ ਹੈ, ਤਾਂ ਹੋਰਮੁਜ਼ ਨੂੰ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਡੋਨਾਲਡ ਟਰੰਪ ਦੇ ਬਿਆਨਾਂ ਦੀ ਵੀ ਸਖ਼ਤ ਆਲੋਚਨਾ ਕੀਤੀ। ਇਸ ਖ਼ਬਰ ਤੋਂ ਬਾਅਦ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ 'ਤੇ ਅਸਰ ਦੇਖਣ ਨੂੰ ਮਿਲ ਸਕਦਾ ਹੈ ਅਤੇ ਤੇਲ-ਗੈਸ ਦੀਆਂ ਕੀਮਤਾਂ ਵਿੱਚ ਮੁੜ ਤੇਜ਼ੀ ਆ ਸਕਦੀ ਹੈ।

ਬਾਜ਼ਾਰ 'ਤੇ ਕੀ ਹੋਵੇਗਾ ਅਸਰ? 

ਸਟਰੇਟ ਆਫ ਹੋਰਮੁਜ਼ ਖੁੱਲ੍ਹਣ ਨਾਲ ਅਮਰੀਕੀ ਬਾਜ਼ਾਰਾਂ ਵਿੱਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ ਅਤੇ ਅਮਰੀਕੀ ਬਾਜ਼ਾਰ 2 ਫੀਸਦੀ ਤੋਂ ਜ਼ਿਆਦਾ ਚੜ੍ਹ ਗਏ। ਉੱਥੇ ਹੀ ਭਾਰਤੀ ਬਾਜ਼ਾਰ ਦਾ ਸੰਕੇਤਕ 'ਗਿਫਟ ਨਿਫਟੀ' (Gift Nifty) ਵੀ ਜ਼ਬਰਦਸਤ ਉਛਾਲ ਦੇ ਸੰਕੇਤ ਦੇ ਰਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਭਾਰਤੀ ਬਾਜ਼ਾਰ ਵਿੱਚ ਕਰੀਬ 300 ਅੰਕਾਂ ਦਾ 'ਗੈਪ-ਅੱਪ' (Gap-up) ਦੇਖਣ ਨੂੰ ਮਿਲ ਸਕਦਾ ਹੈ।

Related Post

ਤੁਰਕੀ ਦੇ ਇੱਕ ਸਕੂਲ 'ਚ ਸਾਬਕਾ ਵਿਦਿਆਰਥੀ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ, ਫਿਰ ਹਮਲਾਵਰ ਨੇ ਚੁੱਕਿਆ ਖੌਫਨਾਕ ਕਦਮ! ਇਲਾਕੇ ‘ਚ ਮੱਚਿਆ ਹੜਕੰਪ
ਇੰਗਲੈਂਡ ਦੇ ਅਸਮਾਨਾਂ 'ਚ ਮੁੜ ਉਡਣਗੇ 'ਸੋਨੇਲੇ ਬਾਜ਼', ਸਰਕਾਰ ਨੇ ਮੁੜ-ਵਸੇਬੇ ਲਈ ਖੋਲ੍ਹੇ ਖ਼ਜ਼ਾਨੇ
Republic of Ireland 'ਚ ਫਿਊਲ ਸੰਕਟ: ਟਰੱਕਾਂ ਤੇ ਟ੍ਰੈਕਟਰਾਂ ਨਾਲ ਸੜਕਾਂ ਜਾਮ, ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤਾ ਐਕਸ਼ਨ
London: ਪ੍ਰਦਰਸ਼ਨ ਦੌਰਾਨ 500 ਤੋਂ ਵੱਧ ਲੋਕ ਗ੍ਰਿਫ਼ਤਾਰ, ਪ੍ਰਸਿੱਧ ਗਾਇਕ ਨੂੰ ਵੀ ਲਿਆ ਹਿਰਾਸਤ, ਜਾਣੋ ਪੂਰਾ ਮਾਮਲਾ
ਖੂਨ ਨਾਲ ਲਿਬੜੇ ਬੈਗ ਅਤੇ ਜੁੱਤੇ... ਪਾਕਿਸਤਾਨ ਬੈਠਕ ਤੋਂ ਪਹਿਲਾਂ ਇਰਾਨੀ ਸਪੀਕਰ ਨੇ ਸਾਂਝੀ ਕੀਤੀ ਹਮਲੇ ਦੀ ਦਰਦਨਾਕ ਤਸਵੀਰ
ਹੋਰਮੁਜ਼ ਸਟ੍ਰੇਟ ਖੁੱਲ੍ਹਣ ਦੇ ਬਾਵਜੂਦ ਵੱਡਾ ਖ਼ਤਰਾ ਬਰਕਰਾਰ; ਕਿਤੇ ਹੋ ਨਾ ਜਾਵੇ ਵੱਡਾ ਧਮਾਕਾ! ਇਰਾਨ ਨੇ ਬਦਲੇ ਜਹਾਜ਼ਾਂ ਦੇ ਰੂਟ

© Copyright Galactic Television & Communications Pvt. Ltd. 2026. All rights reserved.