ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਛਿੜੀ ਚਰਚਾ! ਮੋਦੀ ਕੈਬਨਿਟ ‘ਚ ਵੱਡੇ ਫੇਰਬਦਲ ਦੀਆਂ ਚਰਚਾਵਾਂ ਤੇਜ਼, ਅਸਤੀਫਾ ਦੇਣਗੇ 2 ਮੰਤਰੀ?

ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (BJP) ਵੱਲੋਂ ਨਵੀਂ ਸੂਚੀ ਜਾਰੀ ਕੀਤੇ ਜਾਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਇਸ ਨਵੀਂ ਸੂਚੀ ਵਿੱਚ ਪਾਰਟੀ ਨੇ ਦੋ ਮੌਜੂਦਾ ਕੇਂਦਰੀ ਮੰਤਰੀਆਂ-ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਰਾਜ ਮੰਤਰੀ ਬੀ.ਐਲ. ਵਰਮਾ-ਨੂੰ ਉਮੀਦਵਾਰ ਵਜੋਂ ਦੁਬਾਰਾ ਨਾਮਜ਼ਦ ਨਹੀਂ ਕੀਤਾ ਹੈ

By:  Lajwinder Kaur October 6th 2026 03:23 PM -- Updated: October 6th 2026 03:36 PM

ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (BJP) ਵੱਲੋਂ ਨਵੀਂ ਸੂਚੀ ਜਾਰੀ ਕੀਤੇ ਜਾਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਇਸ ਨਵੀਂ ਸੂਚੀ ਵਿੱਚ ਪਾਰਟੀ ਨੇ ਦੋ ਮੌਜੂਦਾ ਕੇਂਦਰੀ ਮੰਤਰੀਆਂ-ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਰਾਜ ਮੰਤਰੀ ਬੀ.ਐਲ. ਵਰਮਾ-ਨੂੰ ਉਮੀਦਵਾਰ ਵਜੋਂ ਦੁਬਾਰਾ ਨਾਮਜ਼ਦ ਨਹੀਂ ਕੀਤਾ ਹੈ। ਇਨ੍ਹਾਂ ਦੋਵਾਂ ਆਗੂਆਂ ਦਾ ਰਾਜ ਸਭਾ ਕਾਰਜਕਾਲ ਨਵੰਬਰ 2026 ਵਿੱਚ ਖ਼ਤਮ ਹੋ ਰਿਹਾ ਹੈ। ਇਸ ਫ਼ੈਸਲੇ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਸੰਸਦ ਮੈਂਬਰ ਨਾ ਰਹਿਣ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਮੋਦੀ ਕੈਬਨਿਟ ਤੋਂ ਅਸਤੀਫ਼ਾ ਦੇਣਾ ਪੈ ਸਕਦਾ ਹੈ।

ਕੀ ਮੰਤਰੀ ਬਣੇ ਰਹਿਣ ਲਈ ਸੰਸਦ ਮੈਂਬਰ ਹੋਣਾ ਜ਼ਰੂਰੀ ਹੈ?

ਸੰਵਿਧਾਨਕ ਨਿਯਮਾਂ ਅਨੁਸਾਰ ਕੇਂਦਰੀ ਮੰਤਰੀ ਬਣੇ ਰਹਿਣ ਲਈ ਸੰਸਦ ਦੇ ਕਿਸੇ ਵੀ ਸਦਨ (ਲੋਕ ਸਭਾ ਜਾਂ ਰਾਜ ਸਭਾ) ਦਾ ਮੈਂਬਰ ਹੋਣਾ ਲਾਜ਼ਮੀ ਹੈ। ਹਰਦੀਪ ਸਿੰਘ ਪੁਰੀ ਅਤੇ ਬੀ.ਐਲ. ਵਰਮਾ ਨਵੰਬਰ 2020 ਵਿੱਚ ਯੂਪੀ ਤੋਂ ਰਾਜ ਸਭਾ ਲਈ ਚੁਣੇ ਗਏ ਸਨ। ਹੁਣ ਪਾਰਟੀ ਵੱਲੋਂ ਉੱਚ ਸਦਨ ਲਈ ਟਿਕਟ ਨਾ ਮਿਲਣ ਕਾਰਨ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸਰਕਾਰ ਜਲਦੀ ਹੀ ਇਨ੍ਹਾਂ ਦੇ ਅਹੁਦਿਆਂ ਬਾਰੇ ਵੱਡਾ ਫ਼ੈਸਲਾ ਲੈ ਸਕਦੀ ਹੈ।

ਕੈਬਨਿਟ ਵਿੱਚ ਪਹਿਲਾਂ ਹੀ ਖ਼ਾਲੀ ਹਨ ਕਈ ਅਹੁਦੇ

ਸੰਵਿਧਾਨਕ ਵਿਵਸਥਾ ਮੁਤਾਬਕ ਕੇਂਦਰੀ ਮੰਤਰੀ ਮੰਡਲ ਵਿੱਚ ਵੱਧ ਤੋਂ ਵੱਧ 81 ਮੰਤਰੀ ਹੋ ਸਕਦੇ ਹਨ, ਜਦੋਂ ਕਿ ਵਰਤਮਾਨ ਵਿੱਚ ਸਿਰਫ਼ 69 ਮੰਤਰੀ ਹੀ ਸੇਵਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਨੀਟ (NEET) ਵਿਵਾਦ ਅਤੇ ਜੰਤਰ-ਮੰਤਰ 'ਤੇ ਹੋਏ ਪ੍ਰਦਰਸ਼ਨਾਂ ਦੌਰਾਨ ਧਰਮਿੰਦਰ ਪ੍ਰਧਾਨ ਨੇ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਨ੍ਹਾਂ ਸਾਰੀਆਂ ਤਬਦੀਲੀਆਂ ਦੇ ਚੱਲਦਿਆਂ ਇਸ ਸਮੇਂ ਕੈਬਨਿਟ ਵਿੱਚ ਕੁੱਲ 12 ਅਹੁਦੇ ਖ਼ਾਲੀ ਪਏ ਹਨ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੀਆਂ ਚੋਣਾਂ ਅਤੇ ਸੂਬੇ ਦੇ ਸਮੀਕਰਨਾਂ ਨੂੰ ਮੁੱਖ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਮੰਤਰੀ ਮੰਡਲ ਦਾ ਵੱਡਾ ਪੁਨਰਗਠਨ ਕਰ ਸਕਦੇ ਹਨ ਅਤੇ ਨਵੇਂ ਚਿਹਰਿਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪ ਸਕਦੇ ਹਨ।

© Copyright Galactic Television & Communications Pvt. Ltd. 2026. All rights reserved.