ਸ਼ੇਰ-ਏ-ਪੰਜਾਬ ਟੀ20: ਵਿਹਾਨ ਮਲਹੋਤਰਾ ਦਾ ਧਮਾਕੇਦਾਰ ਸੈਂਕੜਾ, ਫਾਜ਼ਿਲਕਾ ਫਾਲਕਨਜ਼ ਨੇ ਜਲੰਧਰ ਵਾਰੀਅਰਜ਼ ਨੂੰ 8 ਵਿਕਟਾਂ ਨਾਲ ਹਰਾਇਆ

ਸ਼ੇਰ-ਏ-ਪੰਜਾਬ ਟੀ20 ਲੀਗ ਨੂੰ ਕ੍ਰਿਕਟ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੰਘੇ ਦਿਨ ਫਾਜ਼ਿਲਕਾ ਫਾਲਕਨਜ਼ ਨੇ ਜਲੰਧਰ ਵਾਰੀਅਰਜ਼ ਵਿੱਚ ਸ਼ਾਨਦਾਰ ਮੁਕਾਬਲਾ ਹੋਇਆ। ਜਿਸ 'ਚ ਫਾਜ਼ਿਲਕਾ ਫਾਲਕਨਜ਼ ਜਿੱਤ ਦਾ ਝੰਡਾ ਗੱਡਿਆ।

By:  Lajwinder Kaur September 1st 2026 11:01 AM -- Updated: September 1st 2026 11:13 AM

ਸ਼ੇਰ-ਏ-ਪੰਜਾਬ ਟੀ20 ਲੀਗ 2026 ਦੇ ਤੀਜੇ ਮੁਕਾਬਲੇ ਵਿੱਚ ਫਾਜ਼ਿਲਕਾ ਫਾਲਕਨਜ਼ ਨੇ ਜਲੰਧਰ ਵਾਰੀਅਰਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਸੋਮਵਾਰ, 31 ਅਗਸਤ ਨੂੰ ਮੋਹਾਲੀ ਦੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਵਿਹਾਨ ਮਲਹੋਤਰਾ ਨੇ 52 ਗੇਂਦਾਂ 'ਤੇ ਸ਼ਾਨਦਾਰ ਸੈਂਕੜਾ ਜੜਦਿਆਂ ਫਾਜ਼ਿਲਕਾ ਦੀ ਜਿੱਤ ਦੀ ਕਹਾਣੀ ਲਿਖੀ।

ਜਲੰਧਰ ਵਾਰੀਅਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19.4 ਓਵਰਾਂ ਵਿੱਚ 187 ਦੌੜਾਂ ਬਣਾਈਆਂ। ਟੀਮ ਵੱਲੋਂ ਵਿਕਟਕੀਪਰ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ 42 ਗੇਂਦਾਂ ਵਿੱਚ 76 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ। ਫਾਜ਼ਿਲਕਾ ਫਾਲਕੰਸ ਨੇ 188 ਦੌੜਾਂ ਦਾ ਟੀਚਾ ਸਿਰਫ਼ 17.4 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ।

ਫਾਜ਼ਿਲਕਾ ਫਾਲਕਨਜ਼ ਨੇ ਇਹ ਟੀਚਾ 14 ਗੇਂਦਾਂ ਬਾਕੀ ਰਹਿੰਦਿਆਂ ਪੂਰਾ ਕੀਤਾ। ਵਿਹਾਨ ਮਲਹੋਤਰਾ ਆਪਣੀ ਪਾਰੀ ਦੇ ਅੰਤ ਤੱਕ ਨਾਬਾਦ ਰਹੇ ਅਤੇ ਉਨ੍ਹਾਂ ਨੇ 10 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਸੈਂਕੜਾ ਪੂਰਾ ਕੀਤਾ। ਕਪਤਾਨ ਸਨਵੀਰ ਸਿੰਘ ਨੇ ਵੀ ਅਹਿਮ ਅਰਧ ਸੈਂਕੜਾ ਲਗਾ ਕੇ ਉਨ੍ਹਾਂ ਦਾ ਮਜ਼ਬੂਤ ਸਾਥ ਦਿੱਤਾ।

ਪ੍ਰਭਸਿਮਰਨ ਦੀ 76 ਦੌੜਾਂ ਦੀ ਪਾਰੀ ਬੇਕਾਰ ਗਈ

ਫਾਜ਼ਿਲਕਾ ਫਾਲਕਨਜ਼ ਦੇ ਕਪਤਾਨ ਸਨਵੀਰ ਸਿੰਘ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਵੀਂ ਗੇਂਦ ਨਾਲ ਨਵਪ੍ਰੀਤ ਸਿੰਘ ਨੇ ਜਲੰਧਰ ਵਾਰੀਅਰਜ਼ ਨੂੰ ਸ਼ੁਰੂਆਤੀ ਝਟਕੇ ਦਿੱਤੇ ਅਤੇ ਦੋ ਵਿਕਟਾਂ ਹਾਸਲ ਕੀਤੀਆਂ।

ਇਸ ਦੇ ਬਾਵਜੂਦ ਪ੍ਰਭਸਿਮਰਨ ਸਿੰਘ ਨੇ ਪਾਵਰਪਲੇ ਦੌਰਾਨ ਹਮਲਾਵਰ ਬੱਲੇਬਾਜ਼ੀ ਜਾਰੀ ਰੱਖੀ। ਉਨ੍ਹਾਂ ਨੇ ਚੌਕਿਆਂ ਅਤੇ ਛੱਕਿਆਂ ਦੀ ਬਰਸਾਤ ਕਰਦਿਆਂ ਛੇਵੇਂ ਓਵਰ ਵਿੱਚ ਸਿਰਫ਼ 21 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਪ੍ਰਭਸਿਮਰਨ ਨੇ ਆਪਣੀ 76 ਦੌੜਾਂ ਦੀ ਪਾਰੀ ਵਿੱਚ 8 ਚੌਕੇ ਅਤੇ 4 ਛੱਕੇ ਲਗਾਏ।

ਪ੍ਰਭਸਿਮਰਨ ਨੂੰ ਦੂਜੇ ਸਿਰੇ ਤੋਂ ਲਗਾਤਾਰ ਸਾਥ ਨਹੀਂ ਮਿਲ ਸਕਿਆ। ਅਨਮੋਲ ਮਲਹੋਤਰਾ ਨੇ ਚੰਗੀ ਸ਼ੁਰੂਆਤ ਕੀਤੀ, ਪਰ ਉਹ ਇਸ ਨੂੰ ਵੱਡੇ ਸਕੋਰ ਵਿੱਚ ਨਹੀਂ ਬਦਲ ਸਕੇ। 13ਵੇਂ ਓਵਰ ਵਿੱਚ ਕਿਰਨਦੀਪ ਸਿੰਘ ਨੇ ਪ੍ਰਭਸਿਮਰਨ ਨੂੰ ਆਊਟ ਕਰਕੇ ਜਲੰਧਰ ਦੀ ਸਭ ਤੋਂ ਵੱਡੀ ਸਾਂਝੇਦਾਰੀ ਤੋੜ ਦਿੱਤੀ।

ਇਸ ਤੋਂ ਬਾਅਦ ਜਲੰਧਰ ਵਾਰੀਅਰਜ਼ ਦੀ ਪਾਰੀ ਲੜਖੜਾ ਗਈ। ਸੁਖਦੀਪ ਬਾਜਵਾ ਨੇ ਵੀ ਤੇਜ਼ੀ ਨਾਲ 12 ਗੇਂਦਾਂ ਵਿੱਚ 23 ਦੌੜਾਂ ਬਣਾਈਆਂ, ਪਰ ਰਨ ਆਊਟ ਹੋਣ ਤੋਂ ਬਾਅਦ ਟੀਮ ਵੱਡਾ ਸਕੋਰ ਬਣਾਉਣ ਵਿੱਚ ਅਸਫਲ ਰਹੀ। ਪਾਰੀ ਦੀਆਂ ਦੋ ਗੇਂਦਾਂ ਬਾਕੀ ਰਹਿੰਦਿਆਂ ਜਲੰਧਰ ਦੀ ਪੂਰੀ ਟੀਮ 187 ਦੌੜਾਂ 'ਤੇ ਆਊਟ ਹੋ ਗਈ।

ਫਾਜ਼ਿਲਕਾ ਦੀ ਸ਼ੁਰੂਆਤ ਖ਼ਰਾਬ, ਪਰ ਵਿਹਾਨ ਨੇ ਬਦਲਿਆ ਰੁਖ

188 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਫਾਜ਼ਿਲਕਾ ਫਾਲਕਨਜ਼ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ। ਸੁਖਦੀਪ ਬਾਜਵਾ ਨੇ ਪਹਿਲੇ ਹੀ ਓਵਰ ਵਿੱਚ ਜੈਵੀਰ ਭਿੰਡਰ ਨੂੰ 5 ਗੇਂਦਾਂ 'ਤੇ ਬਿਨਾਂ ਖਾਤਾ ਖੋਲ੍ਹੇ ਆਊਟ ਕਰ ਦਿੱਤਾ।

ਇਸ ਤੋਂ ਬਾਅਦ ਵਿਹਾਨ ਮਲਹੋਤਰਾ ਨੇ ਮੈਚ ਦਾ ਰੁਖ ਪੂਰੀ ਤਰ੍ਹਾਂ ਬਦਲ ਦਿੱਤਾ। ਦੂਜੇ ਓਵਰ ਵਿੱਚ ਉਨ੍ਹਾਂ ਨੇ ਪਾਰਸ ਜੈਦਕਾ ਦੀ ਗੇਂਦਬਾਜ਼ੀ ਖ਼ਿਲਾਫ਼ 2 ਛੱਕੇ ਅਤੇ 1 ਚੌਕਾ ਲਗਾ ਕੇ ਆਪਣੇ ਇਰਾਦੇ ਸਾਫ਼ ਕਰ ਦਿੱਤੇ। ਵਿਹਾਨ ਨੇ ਅੰਸ਼ੁਲ ਚੌਧਰੀ ਨਾਲ ਮਿਲ ਕੇ ਪਾਵਰਪਲੇ ਵਿੱਚ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਈਆਂ।

ਛੇ ਓਵਰਾਂ ਦੀ ਸਮਾਪਤੀ 'ਤੇ ਫਾਜ਼ਿਲਕਾ ਫਾਲਕਨਜ਼ ਦਾ ਸਕੋਰ 84 ਦੌੜਾਂ 'ਤੇ 1 ਵਿਕਟ ਸੀ। ਵਿਹਾਨ ਨੇ ਸੱਤਵੇਂ ਓਵਰ ਵਿੱਚ ਸਿਰਫ਼ 17 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ। ਉਨ੍ਹਾਂ ਦੀ ਬੱਲੇਬਾਜ਼ੀ ਵਿੱਚ ਸ਼ਾਟਾਂ ਦੀ ਝੜੀ ਅਤੇ ਗੇਂਦ ਦੀ ਸਹੀ ਟਾਈਮਿੰਗ ਸਾਫ਼ ਨਜ਼ਰ ਆ ਰਹੀ ਸੀ।

ਅੰਸ਼ੁਲ ਚੌਧਰੀ ਨਾਲ 101 ਦੌੜਾਂ ਦੀ ਸਾਂਝੇਦਾਰੀ

ਵਿਹਾਨ ਮਲਹੋਤਰਾ ਅਤੇ ਅੰਸ਼ੁਲ ਚੌਧਰੀ ਨੇ ਦੂਜੀ ਵਿਕਟ ਲਈ 101 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਅੰਸ਼ੁਲ ਨੇ 20 ਗੇਂਦਾਂ ਵਿੱਚ 36 ਦੌੜਾਂ ਬਣਾਈਆਂ ਅਤੇ ਵਿਹਾਨ ਨੂੰ ਖੁੱਲ੍ਹ ਕੇ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ।

ਇਮਾਨਜੋਤ ਸਿੰਘ ਚਹਿਲ ਨੇ ਅੰਸ਼ੁਲ ਚੌਧਰੀ ਨੂੰ ਆਊਟ ਕਰਕੇ ਇਹ ਸਾਂਝੇਦਾਰੀ ਤੋੜੀ। ਹਾਲਾਂਕਿ ਉਦੋਂ ਤੱਕ ਫਾਜ਼ਿਲਕਾ ਜਿੱਤ ਦੇ ਬਹੁਤ ਨੇੜੇ ਪਹੁੰਚ ਚੁੱਕੀ ਸੀ। ਇਸ ਤੋਂ ਬਾਅਦ ਕਪਤਾਨ ਸਨਵੀਰ ਸਿੰਘ ਨੇ ਮਲਹੋਤਰਾ ਦਾ ਸਾਥ ਦਿੱਤਾ ਅਤੇ ਦੋਵਾਂ ਨੇ ਮਿਲ ਕੇ ਟੀਮ ਨੂੰ ਆਸਾਨ ਜਿੱਤ ਤੱਕ ਪਹੁੰਚਾਇਆ।

52 ਗੇਂਦਾਂ 'ਤੇ ਵਿਹਾਨ ਦਾ ਸੈਂਕੜਾ

18ਵੇਂ ਓਵਰ ਵਿੱਚ ਸਨਵੀਰ ਸਿੰਘ ਨੇ 28 ਗੇਂਦਾਂ 'ਤੇ ਛੱਕੇ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਅਗਲੀ ਗੇਂਦ 'ਤੇ ਉਨ੍ਹਾਂ ਨੇ ਸਿੰਗਲ ਲਿਆ ਅਤੇ ਸਟ੍ਰਾਈਕ ਵਿਹਾਨ ਮਲਹੋਤਰਾ ਨੂੰ ਮਿਲੀ।

ਵਿਹਾਨ ਨੇ ਆਰਿਆਨ ਯਾਦਵ ਦੀ ਗੇਂਦ 'ਤੇ ਛੱਕਾ ਲਗਾ ਕੇ 52 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਸ਼ਾਟ ਦੇ ਨਾਲ ਹੀ ਫਾਜ਼ਿਲਕਾ ਫਾਲਕਨਜ਼ ਦੀ ਜਿੱਤ ਵੀ ਲਗਭਗ ਨਿਸ਼ਚਿਤ ਹੋ ਗਈ। ਉਹ 10 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਨਾਬਾਦ ਰਹੇ।

ਇਹ ਪਾਰੀ ਇਸ ਲਈ ਵੀ ਖ਼ਾਸ ਰਹੀ ਕਿਉਂਕਿ ਵਿਹਾਨ ਮਲਹੋਤਰਾ 2026 ਵਿੱਚ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਹਨ। ਉਹ ਆਈਪੀਐਲ 2026 ਵਿੱਚ ਰਾਇਲ ਚੈਲੰਜਰਜ਼ ਬੰਗਲੁਰੂ ਦਾ ਵੀ ਹਿੱਸਾ ਸਨ। ਬੰਗਲੁਰੂ ਦੀ ਟੀਮ ਨੇ ਲਗਾਤਾਰ ਦੂਜੀ ਵਾਰ ਖ਼ਿਤਾਬ ਜਿੱਤਿਆ ਸੀ। ਵਿਹਾਨ ਨੂੰ ਮਿੰਨੀ ਨਿਲਾਮੀ ਵਿੱਚ 30 ਲੱਖ ਰੁਪਏ ਦੀ ਬੇਸ ਕੀਮਤ 'ਤੇ ਖਰੀਦਿਆ ਗਿਆ ਸੀ, ਪਰ ਉਨ੍ਹਾਂ ਨੂੰ ਆਈਪੀਐਲ ਵਿੱਚ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ।

© Copyright Galactic Television & Communications Pvt. Ltd. 2026. All rights reserved.