ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਧਮਾਕੇਦਾਰ ਆਗਾਜ਼, ਪਹਿਲੇ ਹੀ ਮੈਚ 'ਚ ਬਣੇ 500 ਤੋਂ ਵੱਧ ਦੌੜਾਂ, ਮੋਹਾਲੀ ਕਿੰਗਜ਼ ਨੇ ਗੱਡਿਆ ਜਿੱਤ ਦਾ ਝੰਡਾ, ਇੱਥੇ ਜਾਣੋ ਮੈਚ ਦਾ ਪੂਰਾ ਹਾਲ...
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਪਹਿਲੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ-ਇਹ ਲੀਗ ਪੰਜਾਬ ਦੀ ਕ੍ਰਿਕਟ ਪ੍ਰਤਿਭਾ ਨੂੰ ਨਿਖਾਰੇਗੀ। ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਆਗਾਜ਼ ਹੋ ਗਿਆ ਹੈ। ਪਹਿਲੇ ਹੀ ਮੈਚ ਦੇ ਵਿੱਚ ਮੋਹਾਲੀ ਕਿੰਗਜ਼ ਨੇ ਜਿੱਤ ਦਾ ਝੰਡਾ ਗੱਡਾ ਦਿੱਤਾ।
ਸ਼ੇਰ-ਏ-ਪੰਜਾਬ ਟੀ-20 ਲੀਗ ਦੇ ਪਹਿਲੇ ਸੀਜ਼ਨ ਦਾ ਧਮਾਕੇਦਾਰ ਆਗਾਜ਼ ਹੋ ਗਿਆ ਹੈ। ਸੀਜ਼ਨ ਦਾ ਪਹਿਲਾ ਮੈਚ ਮੋਹਾਲੀ ਕਿੰਗਜ਼ ਅਤੇ ਅੰਮ੍ਰਿਤਸਰ ਸੂਰਮਾ ਵਿਚਕਾਰ ਖੇਡਿਆ ਗਿਆ। ਮੈਚ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਕਪਤਾਨ ਅਭਿਸ਼ੇਕ ਸ਼ਰਮਾ ਦੀ ਤੂਫਾਨੀ 77 ਦੌੜਾਂ ਦੀ ਮਦਦ ਨਾਲ 19.5 ਓਵਰਾਂ ਵਿੱਚ 258 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ। ਇਸ ਦੇ ਜਵਾਬ ਵਿੱਚ ਮੋਹਾਲੀ ਕਿੰਗਜ਼ ਨੇ ਅਨਮੋਲਪ੍ਰੀਤ ਸਿੰਘ ਦੀ 133 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ 3 ਗੇਂਦਾਂ ਪਹਿਲਾਂ ਹੀ 5 ਵਿਕਟਾਂ ਦੇ ਨੁਕਸਾਨ ਨਾਲ 262 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ।
ਪਹਿਲੇ ਹੀ ਮੈਚ ‘ਚ ਬਣ ਗਿਆ ਰਿਕਾਰਡ
ਇਸ ਤਰ੍ਹਾਂ ਟੂਰਨਾਮੈਂਟ ਦੇ ਪਹਿਲੇ ਹੀ ਮੈਚ ਵਿੱਚ ਦੋਵਾਂ ਟੀਮਾਂ ਨੂੰ ਮਿਲਾ ਕੇ ਕੁਝ 520 ਦੌੜਾਂ ਬਣ ਗਈਆਂ। ਲੀਗ ਵਿੱਚ ਇਹ ਇੱਕ ਅਜਿਹਾ ਰਿਕਾਰਡ ਬਣਿਆ ਹੈ, ਜਿਸ ਦੇ ਟੁੱਟਣ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ। ਮੁਕਾਬਲੇ ਦੀ ਗੱਲ ਕਰੀਏ ਤਾਂ ਮੋਹਾਲੀ ਲਈ ਖੇਡਦਿਆਂ ਅਨਮੋਲਪ੍ਰੀਤ ਨੇ ਸਿਰਫ਼ 39 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ। ਅਨਮੋਲਪ੍ਰੀਤ 51 ਗੇਂਦਾਂ ਵਿੱਚ 12 ਛੱਕਿਆਂ ਅਤੇ 10 ਚੌਕਿਆਂ ਦੀ ਮਦਦ ਨਾਲ 133 ਦੌੜਾਂ ਬਣਾ ਕੇ ਆਊਟ ਹੋਏ। ਅਨਮੋਲ ਤੋਂ ਇਲਾਵਾ ਮੋਹਾਲੀ ਲਈ ਕਪਤਾਨ ਰਮਨਦੀਪ ਸਿੰਘ 40 ਗੇਂਦਾਂ ਵਿੱਚ 9 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 69 ਦੌੜਾਂ ਬਣਾ ਕੇ ਨਾਬਾਦ ਰਹੇ, ਜਦੋਂ ਕਿ ਗੁਰਮੇਹਰ ਸਾਰਾ ਨੇ 26 ਅਤੇ ਹਰਪ੍ਰੀਤ ਬਰਾੜ ਨੇ 23 ਦੌੜਾਂ ਦਾ ਯੋਗਦਾਨ ਦਿੱਤਾ।
ਅੰਮ੍ਰਿਤਸਰ ਲਈ ਅਭਿਸ਼ੇਕ ਦੀ ਪਾਰੀ ਗਈ ਬੇਕਾਰ!
ਮੋਹਾਲੀ ਦੇ ਖਿਲਾਫ ਮੈਚ ਵਿੱਚ ਅੰਮ੍ਰਿਤਸਰ ਨੂੰ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਿਆ। ਬੱਲੇਬਾਜ਼ੀ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਵੀ ਧਮਾਕੇਦਾਰ ਸ਼ੁਰੂਆਤ ਕੀਤੀ। ਟੀਮ ਲਈ ਕਪਤਾਨ ਅਭਿਸ਼ੇਕ ਸ਼ਰਮਾ ਅਤੇ ਸਹਿਜ ਧਵਨ ਨੇ ਸਿਰਫ਼ 31 ਗੇਂਦਾਂ ਵਿੱਚ 100 ਦੌੜਾਂ ਦੀ ਭਾਈਵਾਲੀ ਕਰ ਦਿੱਤੀ। ਕਪਤਾਨ ਅਭਿਸ਼ੇਕ ਨੇ ਤਾਂ ਸਿਰਫ਼ 26 ਗੇਂਦਾਂ ਵਿੱਚ 77 ਦੌੜਾਂ ਜੜ ਦਿੱਤੀਆਂ, ਜਿਸ ਵਿੱਚ ਉਨ੍ਹਾਂ ਨੇ 7 ਛੱਕੇ ਅਤੇ 6 ਚੌਕੇ ਵੀ ਉਡਾਏ। ਅਭਿਸ਼ੇਕ ਸ਼ਰਮਾ ਦੇ ਨਾਲ ਵਿਕਟਕੀਪਰ ਓਪਨਰ ਬੱਲੇਬਾਜ਼ ਸਹਿਜ ਧਵਨ ਨੇ ਵੀ 18 ਗੇਂਦਾਂ ਵਿੱਚ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 45 ਦੌੜਾਂ ਦੀ ਪਾਰੀ ਖੇਡੀ।
ਉੱਥੇ ਹੀ, ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ ਨਮਨ ਧੀਰ ਨੇ ਵੀ 22 ਗੇਂਦਾਂ ਵਿੱਚ 5 ਛੱਕਿਆਂ ਅਤੇ 1 ਚੌਕੇ ਦੀ ਮਦਦ ਨਾਲ ਕੁੱਲ 47 ਦੌੜਾਂ ਦਾ ਯੋਗਦਾਨ ਦਿੱਤਾ। ਟਾਪ-3 ਬੱਲੇਬਾਜ਼ਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੇਠਲੇ ਕ੍ਰਮ ਵਿੱਚ ਰਾਹੁਲ ਕੁਮਾਰ ਨੇ 23 ਅਤੇ ਅਭੈ ਚੌਧਰੀ ਨੇ ਵੀ 18 ਦੌੜਾਂ ਦੀ ਪਾਰੀ ਖੇਡੀ। ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਮੋਹਾਲੀ ਵੱਲੋਂ ਤੇਜਪ੍ਰੀਤ ਸਿੰਘ ਨੇ ਸਭ ਤੋਂ ਵੱਧ 3 ਵਿਕਟਾਂ ਝਟਕਾਈਆਂ। ਇਸ ਤੋਂ ਇਲਾਵਾ ਹਰਪ੍ਰੀਤ ਬਰਾੜ ਅਤੇ ਤਨਮਯ ਧਾਰਨੀ ਦੇ ਖਾਤੇ ਵਿੱਚ ਵੀ 2-2 ਵਿਕਟਾਂ ਆਈਆਂ।